Saturday, December 25, 2010
ਡਾ. ਵਿਨਾਇਕ ਸੇਨ ਦੇ ਹੱਕ ਵਿੱਚ
ਡਾ. ਵਿਨਾਇਕ ਸੇਨ ਨੂੰ ਉਮਰਕੈਦ ਦੀ ਸਜਾ ਨੇ ਦੁਨੀਆਂ ਦੀਆਂ ਨਜ਼ਰਾਂ ਵਿੱਚ ਸਾਡੀ ਨਿਆਂ ਪ੍ਰਣਾਲੀ ਦੇ ਵਕਾਰ ਨੂੰ ਸੱਟ ਮਾਰੀ ਹੈ ।ਸਾਰਾ ਮਾਮਲਾ ਪੁਲਿਸ ਦੀ ਮਨਮਾਨੀ ਤੋਂ ਸ਼ੁਰੂ ਹੁੰਦਾ ਹੈ । ਜਿਸ ਨੂੰ ਫਸਾਉਣਾ ਹੈ ਉਹਦੇ ਖਿਲਾਫ਼ ਜਾਅਲੀ ਸਬੂਤ ਵੀ ਘੜ ਲਏ ਜਾਂਦੇ ਹਨ ਅਤੇ ਜਿਸ ਨੂੰ ਬਚਾਉਣਾ ਹੋਵੇ ਉਥੇ ਸਵੈਸਿਧ ਗੁਨਾਹਗਾਰਾਂ ਨੂੰ ਵੀ ਤੱਤੀ 'ਵਾ ਨਹੀਂ ਲੱਗਣ ਦਿੱਤੀ ਜਾਂਦੀ । ਆਪਣੇ ਅਨੁਭਵ ਤੋਂ ਅਸੀਂ ਸਾਰੇ ਇਸ ਹਕੀਕਤ ਤੋਂ ਵਾਕਫ ਹਾਂ। ਸਰਕਾਰੀ ਸਰਪ੍ਰਸਤੀ ਹੇਠ ਗੈਰਕਨੂੰਨੀ ਢੰਗਾਂ ਨਾਲ ਮੁਕਾਬਲੇ ਬਣਾਉਣ ਦੀਆਂ ਘਟਨਾਵਾਂ ਆਮ ਤੌਰ ਤੇ ਦੇਸ਼ਭਗਤੀ ਦੇ ਤੌਰ ਤੇ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਕਾਨੂੰਨ ਨਾਲ ਇਸ ਤਰ੍ਹਾਂ ਦੇ ਖਿਲਵਾੜ ਦੇ ਖਿਲਾਫ਼ ਆਵਾਜ਼ ਨੂੰ ਧੱਕ ਕੇ ਦਹਿਸ਼ਤਗਰਦਾਂ ਨਾਲ ਰਲਾ ਦਿੱਤਾ ਜਾਂਦਾ ਹੈ । ਹਿੰਦੁਸਤਾਨ ਦੀ ਹਕੂਮਤ ਦਾ ਵੀ ਖਿਆਲ ਹੈ ਕਿ ਮਾਓਵਾਦ ਕੋਈ ਇੱਕਪਾਸੜ ਵਰਤਾਰਾ ਨਹੀਂ ਸਗੋਂ ਸਾਡੀਆਂ ਰਾਜਪ੍ਰਸ਼ਾਸਕੀ ਕੁਤਾਹੀਆਂ ਅਤੇ ਨਾਕਾਮੀਆਂ ਹਨ ਜੋ ਅਜਿਹੇ ਹਿੰਸਕ ਵਰਤਾਰਿਆਂ ਨੂੰ ਜਨਮ ਦਿੰਦੀਆਂ ਹਨ । ਆਪਣੀ ਜੁਮੇਦਾਰੀ ਨਿਭਾਉਣ ਤੋਂ ਮੁਨਕਰ ਰਾਜਭਾਗ ਸਲਵਾ ਜੁਡਮ ਵਰਗੀਆਂ ਘਟੀਆ ਕਾਢਾਂ ਕਢਦਾ ਹੈ ।ਵਿਨਾਇਕ ਸੇਨ ਦਾ ਅਸਲ ਕਸੂਰ ਇਹੀ ਲੱਗਦਾ ਹੈ ਕਿ ਉਹਦੀ ਜਮੀਰ ਇਸ ਤਰ੍ਹਾਂ ਦੇ ਜੁਲਮ ਦੇ ਖਿਲਾਫ਼ ਚੁੱਪ ਨਹੀਂ ਰਹਿ ਸਕੀ ਹੋਣੀ । ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਭਾਜਪਾ ਦੀ ਹਕੂਮਤ ਹੇਠਲੇ ਰਾਜਾਂ ਵਿੱਚ ਫਾਸ਼ੀ ਢੰਗ ਤਰੀਕੇ ਵਧੇਰੇ ਆਮ ਵਰਤੇ ਜਾ ਰਹੇ ਹਨ। ਝੂਠ ਤੇ ਹੁਲੜਬਾਜੀ ਨਾਲ ਸਚ ਤੇ ਇਨਸਾਫ਼ ਲਈ ਗਾਂਧੀਵਾਦੀ ਢੰਗਾਂ ਨਾਲ ਲੜ ਰਹੇ ਲੋਕਾਂ ਨੂੰ ਵੀ ਬਦੂ ਕਰਨ ਵਿੱਚ ਇਹ ਸੰਘੀ ਕਦੇ ਪਿੱਛੇ ਨਹੀਂ ਰਹਿੰਦੇ ਅਤੇ ਆਪਣੀ ਉਕਸਾਈ ਹਿੰਸਾ ਦੇ ਖਿਲਾਫ਼ ਕੋਈ ਵੀ ਕਾਰਵਾਈ ਕਰਨ ਦੇ ਖਿਲਾਫ਼ ਧਮਕੀਆਂ ਦਿੰਦੇ ਹਨ। ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਅਸੋਕ ਸਿੰਗਲ ਜੀ ਕਹਿ ਰਹੇ ਹਨ ਕਿ ਅਗਰ ਉਨ੍ਹਾਂ ਦੇ ਰੰਗ ਦੀ ਹਿੰਸਾ ਦੇ ਖਿਲਾਫ਼ ਕੋਈ ਕਦਮ ਚੁੱਕਿਆ ਗਿਆ ਤਾਂ ਸੋਨੀਆ ਗਾਂਧੀ ਨਾਲ ਇੰਦਰਾ ਗਾਂਧੀ ਵਾਲੀ ਹੋਏਗੀ। ਮਾਉਵਾਦੀਆਂ ਨੂੰ ਵੀ ਇਹ ਗੱਲ ਸਮਝ ਲੈਣੀ ਬਣਦੀ ਹੈ ਕਿ ਹਿੰਸਾ ਨੂੰ ਇੱਕੋ ਇੱਕ ਬਾਕੀ ਰਹਿ ਗਿਆ ਰਸਤਾ ਦੱਸਣਾ ਘਾਤਕ ਰਸਤਾ ਹੈ । ਉਹ ਵਿਰੋਧੀਆਂ ਦੇ ਹਥ ਇੱਕ ਹੋਰ ਹਥਿਆਰ ਦੇ ਰਹੇ ਹਨ ਜਿਸ ਦੀ ਆੜ ਵਿੱਚ ਬਹੁਤ ਸਾਰੇ ਜਾਗਦੀ ਜਮੀਰ ਵਾਲੇ ਹੀਰੇ ਭੰਗ ਦੇ ਭਾਣੇ ਜਾ ਰਹੇ ਹਨ , ਸਿਰਜਨਾਤਮਕ ਸਮਾਜੀ ਕੰਮ ਦੇ ਰਾਹ ਬੰਦ ਹੋ ਰਹੇ ਹਨ ਜਿਨ੍ਹਾਂ ਦੀ ਸਮਾਜਿਕ ਤਬਦੀਲੀ ਲਈ ਬੁਨਿਆਦੀ ਲੋੜ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ।ਖੈਰ ਇਸ ਵਕਤ ਲੋੜ ਹੈ ਕਿ ਮਾਨਵੀ ਹੱਕਾਂ ਦੇ ਸਾਰੇ ਹਾਮੀ ਇੱਕ ਆਵਾਜ਼ ਹੋ ਕੇ ਡਾ. ਵਿਨਾਇਕ ਸੇਨ ਨੂੰ ਬਰੀ ਕਰਾਉਣ ਲਈ ਦਖਲ ਦੇਈਏ।
ਵਿਨਾਇਕ ਸੇਨ ਖੁਸ਼ਵੰਤ ਸਿੰਘ ਦੀਆਂ ਨਜ਼ਰਾਂ ਵਿੱਚ
"ਜੇਕਰ ਤੁਸੀਂ ਇਹ ਯਾਦ ਨਹੀਂ ਕਰ ਸਕੇ ਕਿ ਉਹ ਕੌਣ ਹੈ ਤਾਂ ਮੈਂ ਤੁਹਾਡੀ ਯਾਦਦਾਸ਼ਤ ਅਤੇ ਤੁਹਾਡੀ ਆਤਮਾ ਨੂੰ ਥੋੜ੍ਹਾ ਜਿਹਾ ਝੰਜੋੜ ਦੇਵਾਂ। ਇਨ੍ਹਾਂ ਨੇ ਕ੍ਰਿਸਚੀਅਨ ਮੈਡੀਕਲ ਕਾਲਜ ਵੈਲੂਰ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ, ਜਿਥੇ ਉਨ੍ਹਾਂ ਨੂੰ ਸਰਬੋਤਮ ਵਿਦਿਆਰਥੀ ਲਈ ਸੰਨ 2004 ਵਿਚ ਪਾਲ ਹੈਰੀਸਨ ਐਵਾਰਡ ਦਿੱਤਾ ਗਿਆ ਸੀ। ਉਹ ਕਿਸੇ ਵੀ ਸ਼ਹਿਰ ਵਿਚ ਬਹੁਤ ਵਧੀਆ ਪ੍ਰੈਕਟਿਸ ਕਰ ਸਕਦੇ ਸਨ। ਫਿਰ ਵੀ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲ੍ਹੇ ਦੇ ਪੇਂਡੂ ਕੇਂਦਰਾਂ ਵਿਚ ਪਿੰਡ ਵਾਸੀਆਂ ਨੂੰ ਸਿਖਲਾਈ ਦੇਣਾ ਪਸੰਦ ਕੀਤਾ, ਜੋ ਕਿ ਜ਼ਿਆਦਾਤਰ ਆਦਿਵਾਸੀ ਖੇਤਰ ਸਨ ਅਤੇ ਜਿਥੋਂ ਦੇ ਨਿਵਾਸੀ ਮਾੜੀ ਖੁਰਾਕ, ਮਲੇਰੀਆ ਅਤੇ ਟੀ. ਬੀ. ਦੇ ਸ਼ਿਕਾਰ ਸਨ। ਉਹ ਅਤੇ ਉਨ੍ਹਾਂ ਦੀ ਪਤਨੀ ਏਲੀਨਾ ਪਿਛਲੇ 30 ਸਾਲਾਂ ਤੋਂ ਰਸੂਲੀਆ ਪਿੰਡ ਵਿਚ ਇਹ ਕੰਮ ਕਰ ਰਹੇ ਹਨ। ਉਹ ਪਹਿਲੇ ਏਸ਼ੀਆਈ ਹਨ, ਜਿਨ੍ਹਾਂ ਨੂੰ ਸੰਨ 2008 ਵਿਚ ਜੋਨਾਥਨ ਮਾਨ ਪੁਰਸਕਾਰ ਦਿੱਤਾ ਗਿਆ ਜੋ ਕਿ ਸਿਹਤ ਅਤੇ ਮਨੁੱਖੀ ਅਧਿਕਾਰ ਦੇ ਖੇਤਰ ਵਿਚ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਬਦਲੇ ਦਿੱਤਾ ਗਿਆ ਸੀ। ਉਹ ਬਿਮਾਰ ਪੇਂਡੂ ਲੋਕਾਂ ਵਿਚ ਉਨ੍ਹਾਂ ਦੇ ਰਾਜਨੀਤਕ ਵਿਚਾਰਾਂ ਜਿਵੇਂ ਕਿ ਨਕਸਲਵਾਦੀ ਜਾਂ ਸਲਵਾਯੁਧਮ ਦੇ ਆਧਾਰ ’ਤੇ ਕੋਈ ਫ਼ਰਕ ਨਹੀਂ ਸਨ ਕਰਦੇ। ਜੇਕਰ ਉਹ ਬਿਮਾਰ ਹਨ ਤਾਂ ਉਨ੍ਹਾਂ ਦਾ ਇਲਾਜ ਹੋਣਾ ਹੀ ਚਾਹੀਦਾ ਹੈ। ਉਨ੍ਹਾਂ ਦਾ ਕਲੀਨਿਕ ਇੰਦਰਾ ਗਾਂਧੀ ਦੇ ਨਾਂਅ ’ਤੇ ਹੈ। ਉਨ੍ਹਾਂ ਨੂੰ ਨਕਸਲੀਆਂ ਦਾ ਪੱਖ ਲੈਣ ਲਈ ਰਾਸ਼ਟਰ-ਧ੍ਰੋਹ ਦਾ ਦੋਸ਼ ਲਗਾ ਕੇ ਗ੍ਰਿਫ਼ਤਾਰ ਕੀਤਾ ਗਿਆ। ਉਹ 18 ਮਹੀਨਿਆਂ ਤੋਂ ਜੇਲ੍ਹ ਵਿਚ ਹਨ। ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। 20 ਤੋਂ ਜ਼ਿਆਦਾ ਨੋਬਲ ਐਵਾਰਡ ਜੇਤੂਆਂ ਨੇ ਸਾਡੇ ਰਾਸ਼ਟਰਪਤੀ ਕੋਲ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਡਾ: ਵਿਨਾਇਕ ਹਾਲੇ ਵੀ ਜੇਲ੍ਹ ਵਿਚ ਹਨ। ਇਹ ਗੱਲ ਭਾਰਤ ਮਾਤਾ ਦੇ ਚਿਹਰੇ ’ਤੇ ਕਲੰਕ ਹੈ। ਇਸ ਅਨਿਆਂ ਖਿਲਾਫ਼ ਆਪਣੀ ਆਵਾਜ਼ ਚੁੱਕੋ : ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਐਲ. ਕੇ. ਅਡਵਾਨੀ, ਰਾਜਨਾਥ ਸਿੰਘ (ਛੱਤੀਸਗੜ੍ਹ ਵਿਚ ਭਾਜਪਾ ਦਾ ਸ਼ਾਸਨ ਹੈ) ਨੂੰ ਲਿਖੋ ਕਿ ਉਨ੍ਹਾਂ ਨੂੰ ਜੇਲ੍ਹ ਤੋਂ ਮੁਕਤ ਕੀਤਾ ਜਾਵੇ ਤਾਂ ਜੋ ਆਪਣੇ ਜੀਵਨ ਦਾ ਇਹ ਉਚ ਕੰਮ ਕਰ ਸਕਣ।"
ਕੁਝ ਮਹੀਨੇ ਪਹਿਲਾਂ ਕੌਮਾਂਤਰੀ ਪਧਰ ਤੱਕ ਵਿਗਸ ਚੁਕੀ ਲੋਕ ਰਾਇ ਸਦਕਾ ਡਾ. ਵਿਨਾਇਕ ਸੇਨ ਨੂੰ ਰਿਹਾ ਕਰਨਾ ਪਿਆ ਸੀ। ਪੂਰੀ ਉਮੀਦ ਹੈ ਕਿ ਲੋਕਾਂ ਦੀ ਆਵਾਜ਼ ਨੂੰ ਕਾਮਯਾਬੀ ਮਿਲੇਗੀ।
Thursday, November 25, 2010
ਨਿੱਕੀ ਕਾਲੀ ਮੱਛੀ (ਕਹਾਣੀ )-ਸਮਦ ਬਹਿਰੰਗੀ
(ਸਮਦ ਬਹਿਰੰਗੀ ਦੀ ਫਾਰਸੀ ਕਹਾਣੀ ਦਾ ਅਰੰਭਕ ਹਿਸਾ )
ਇਹ ਸਰਦੀ ਸ਼ੁਰੂ ਹੋਣ ਤੋਂ ਪਹਿਲੀ ਸਭ ਤੋਂ ਲੰਮੀ ਰਾਤ ਸੀ . ਸਮੁੰਦਰ ਦੇ ਹੇਠਾਂ ਇੱਕ ਬੁੜ੍ਹੀ ਮੱਛੀ ਨੇ ਆਪਣੇ ਬਾਰਾਂ ਹਜਾਰ ਬੱਚੇ ਅਤੇ ਬਚਿਆਂ ਦੇ ਬੱਚੇ ਆਪਣੇ ਗਿਰਦ ਬਿਠਾ ਲਏ ਅਤੇ ਉਹਨਾਂ ਨੂੰ ਇੱਕ ਬਾਤ ਸੁਨਾਉਣੀ ਸੁਰੂ ਕਰ ਦਿੱਤੀ :
ਇੱਕ ਵਾਰ ਦੀ ਗੱਲ ਹੈ ਇੱਕ ਛੋਟੀ ਸ਼ਿਆਹ ਮੱਛੀ ਇੱਕ ਨਦੀ ਵਿੱਚ ਆਪਣੀ ਮਾਂ ਦੇ ਨਾਲ ਰਹਿੰਦੀ ਸੀ. ਇਹ ਨਦੀ ਇੱਕ ਪਹਾੜ ਦੀਆਂ ਚਟਾਨਾਂ ਦੀਆਂ ਦੀਵਾਰਾਂ ਵਿਚੋਂ ਬਾਹਰ ਨਿਕਲ ਕੇ ਇੱਕ ਘਾਟੀ ਦੇ ਵਿਚੋਂ ਦੀ ਵਗਦੀ ਸੀ . ਉਨ੍ਹਾਂ ਦਾ ਘਰ ਇੱਕ ਕਾਲੀ ਕਾਈ ਨਾਲ ਲਿਪੀ ਚੱਟਾਨ ਦੇ ਪਿੱਛੇ ਸੀ , ਜਿਸਦੇ ਥੱਲੇ ਉਹ ਦੋਨੋਂ ਜਣੇ ਰਾਤ ਨੂੰ ਸੋ ਜਾਇਆ ਕਰਦੇ ਸੀ . ਛੋਟੀ ਮੱਛੀ ਦੀ ਆਪਣੇ ਘਰ ਵਿੱਚ ਬਸ ਇੱਕ ਵਾਰ ਚੰਨ ਚਾਨਣੀ ਵੇਖਣ ਦੀ ਹਸਰਤ ਸੀ .
ਸਵੇਰ ਤੋਂ ਲੈ ਕੇ ਸ਼ਾਮ ਤੱਕ , ਮਾਂ ਅਤੇ ਬੱਚਾ ਇੱਕ ਦੂਜੇ ਦੇ ਮਗਰ ਤੈਰਦੇ ਰਹਿੰਦੇ . ਕਦੇ ਕਦੇ ਉਹ ਦੂਜੀਆਂ ਮੱਛੀਆਂ ਵਿੱਚ ਵੀ ਸ਼ਾਮਿਲ ਹੋ ਜਾਂਦੇ ਅਤੇ ਤੇਜੀ ਨਾਲ ਭੀੜੀਆਂ ਜਗ੍ਹਾਵਾਂ ਵਿਚੋਂ ਪਾਰ ਨਿਕਲ ਜਾਂਦੇ. ਛੋਟੀ ਮੱਛੀ ਬਸ ਇੱਕੋ ਇੱਕ ਬੱਚਾ ਸੀ . 10 , 000 ਆਂਡੇ ਜੋ ਉਹਦੀ ਮਾਂ ਨੇ ਦਿੱਤੇ ਸੀ ,ਉਹਨਾਂ ਵਿਚੋਂ ਕੇਵਲ ਉਹੀ ਇੱਕਲਾ ਸਾਲਮ ਬਚਿਆ ਸੀ .
ਕਈ ਦਿਨਾਂ ਤੋਂ ਛੋਟੀ ਮੱਛੀ ਡੂੰਘੀ ਸੋਚ ਵਿੱਚ ਮਗਨ ਸੀ ਅਤੇ ਉਹਨੇ ਬਹੁਤ ਘੱਟ ਗੱਲ ਕੀਤੀ ਸੀ , ਲੇਕਿਨ ਨਜ਼ਦੀਕ ਵਾਲੇ ਕਿਨਾਰੇ ਤੋਂ ਦੂਰ ਵਾਲੇ ਤਕ ਸੁਸਤੀ ਅਤੇ ਉਦਾਸੀਨਤਾ ਨਾਲ ਕਦੇ ਚਲੀ ਜਾਂਦੀ ਕਦੇ ਆ ਜਾਂਦੀ . ਅਕਸਰ ਉਹ ਆਪਣੀ ਮਾਂ ਤੋਂ ਪਿਛੇ ਰਹਿ ਜਾਂਦੀ. ਮੱਛੀ ਦੀ ਮਾਂ ਨੇ ਸੋਚਿਆ ਕਿ ਉਸਦਾ ਬੱਚਾ ਬੀਮਾਰ ਹੈ ਅਤੇ ਜਲਦੀ ਹੀ ਠੀਕ ਹੋ ਜਾਵੇਗਾ . ਅਸਲ ਵਿੱਚ , ਕਾਲੀ ਮੱਛੀ ਦਾ ਰੋਗ ਹੋਰ ਹੀ ਸੀ !
ਇੱਕ ਦਿਨ ਸਵੇਰੇ ਸਾਝਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਛੋਟੀ ਮੱਛੀ ਨੇ ਮਾਂ ਨੂੰ ਜਗਾਇਆ ਅਤੇ ਕਿਹਾ , " ਮਾਂ , ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦੀ ਹਾਂ."
ਅੱਧਸੁਤੀਜਿਹੀ ਮਾਂ ਨੇ ਕਿਹਾ , "ਮੇਰੇ ਪਿਆਰੇ ਬੱਚੇ , ਇਹ ਗੱਲ ਕਰਨ ਦਾ ਵਕਤ ਨਹੀਂ ਹੈ . ਬਾਅਦ ਲਈ ਆਪਣੇ ਸ਼ਬਦਾਂ ਨੂੰ ਸਾਂਭ ਕੇ ਰੱਖ ਲੈ . ਬਿਹਤਰ ਹੋਵੇਗਾ ਤੂੰ ਤੈਰਨ ਲਈ ਚਲੀ ਜਾ? "
"ਨਹੀਂ , ਮਾਂ , ਮੈਂ ਹੋਰ ਤੈਰ ਨਹੀਂ ਸਕਦੀ . ਮੈਂਨੂੰ ਇਥੋਂ ਚਲੇ ਜਾਣਾ ਚਾਹੀਦਾ ਹੈ."
"ਕੀ ਤੂੰ ਸੱਚਮੁਚ ਚਲੀ ਜਾਣਾ ਹੈ ? "
"ਹਾਂ , ਮਾਂ , ਮੈਂ ਜਰੂਰ ਜਾਣਾ ਹੈ . "
"ਨਾ ਗਲ ਸੁਣ ! ਤੂੰ ਇਸ ਵਕਤ ਸਵੇਰੇ ਸਵੇਰੇ ਕਿੱਥੇ ਜਾਣਾ ਹੈ ? "
"ਮੇਰੀ ਤਮੰਨਾ ਹੈ ਕਿ ਵੇਖਾਂ ਇਹ ਨਦੀ ਕਿੱਥੇ ਖ਼ਤਮ ਹੁੰਦੀ ਹੈ. ਤੈਨੂੰ ਪਤਾ ਹੈ ਮਾਂ , ਮਹੀਨਿਆਂ ਤੋਂ ਮੇਰੀ ਹੈਰਾਨੀ ਵਧਦੀ ਜਾ ਰਹੀ ਹੈ , ਕਿ ਆਖਰ ਇਸ ਨਦੀ ਦਾ ਅੰਤ ਕਿਥੇ ਹੈ , . . . ਮੇਰੇ ਲਈ ਹੋਰ ਕਿਸੇ ਵੀ ਗੱਲ ਬਾਰੇ ਵਿੱਚ ਸੋਚਣਾ ਮੁਹਾਲ ਹੋ ਗਿਆ ਹੈ. ਸਾਰੀ ਰਾਤ ਮੈਂਨੂੰ ਨੀਂਦ ਨਹੀਂ ਆਈ . ਇੱਕ ਪਲ ਲਈ ਵੀ ਮੇਰੀ ਅੱਖ ਨਹੀਂ ਲੱਗੀ . ,ਅੰਤ ਮੈਂ ਫੈਸਲਾ ਕਰ ਲਿਆ ਹੈ ਕਿ ਮੈ ਜਾਣਾ ਹੀ ਹੈ ਅਤੇ ਖੁਦ ਆਪ ਨਦੀ ਦਾ ਸਿਰਾ ਲਭਣਾ ਹੋਵੇਗਾ . ਮੇਰੀ ਖਾਹਿਸ਼ ਹੈ ਪਤਾ ਕਰਾਂ ਕਿ ਹੋਰ ਸਥਾਨਾਂ ਤੇ ਕੀ ਹੋ ਰਿਹਾ ਹੈ . "
ਮਾਂ ਹੱਸ ਪਾਈ , "ਜਦੋਂ ਮੈਂ ਬੱਚਾ ਹੁੰਦੀ ਸੀ , ਮੈਂ ਵੀ ਤੇਰੇ ਵਾਂਗ ਊਟ ਪਟਾਂਗ ਬਹੁਤ ਸੋਚਦੀ ਹੁੰਦੀ ਸੀ . ਲੇਕਿਨ , ਮੇਰੀ ਜਾਨ , ਨਦੀ ਦੀ ਕੋਈ ਸ਼ੁਰੁਆਤ ਨਹੀਂ ਕੋਈ ਅੰਤ ਨਹੀਂ. ਇਹ ਤਾਂ ਬਸ ਉਂਝ ਹੀ ਹੈ . ਇਹ ਬਸ ਵਗਦੀ ਰਹਿੰਦੀ ਹੈ ਅਤੇ ਆਉਂਦੀ ਜਾਂਦੀ ਕਿਤੇ ਨਹੀਂ ."
"ਲੇਕਿਨ ਮੇਰੀ ਪਿਆਰੀ ਮਾਤਾ , ਕੀ ਇਹ ਸੱਚ ਨਹੀਂ ਕਿ ਹਰ ਚੀਜ਼ ਦਾ ਕੋਈ ਅੰਤ ਹੁੰਦਾ ਹੈ ? ਰਾਤਾਂ ਦਾ ਅੰਤ ਹੁੰਦਾ ਹੈ , ਦਿਨਾਂ ਦਾ ਅੰਤ ਹੁੰਦਾ ਹੈ , ਹਫ਼ਤਿਆਂ ਦਾ , ਮਹੀਨਿਆਂ ਦਾ , ਸਾਲਾਂ ਦਾ . . . "
"ਇਹ ਵੱਡੀਆਂ ਵਡੀਆਂ ਫੜ੍ਹਾਂ ਭੁੱਲ ਜਾ ," ਮਾਂ ਨੇ ਟੋਕਿਆ. "ਚੱਲ ਹੁਣ ਤੈਰਨ ਚਲਦੇ ਹਾਂ. ਹੁਣ ਸਮਾਂ ਹੈ ਤੈਰਨ ਦਾ , ਗੱਲਾਂ ਦਾ ਨਹੀਂ. "
"ਨਹੀਂ , ਮਾਂ , ਇਸ ਤੈਰਾਕੀ ਤੋਂ ਮੇਰਾ ਮਨ ਭਰ ਗਿਆ ਹੈ . ਮੇਰੀ ਖਾਹਿਸ਼ ਹੈ ਕਿ ਹੁਣ ਮੈਂ ਜਾਵਾਂ ਤੇ ਪਤਾ ਕਰਾਂ ਕਿ ਹੋਰਨਾ ਥਾਵਾਂ ਤੇ ਕੀ ਹੋ ਰਿਹਾ ਹੈ . ਹੋ ਸਕਦਾ ਹੈ ਕਿ ਤੈਨੂੰ ਲੱਗਦਾ ਹੋਵੇ ਕਿ ਮੈਂਨੂੰ ਕਿਸੇ ਨੇ ਸਿਖਾਇਆ ਹੈ ਲੇਕਿਨ ਮੇਰਾ ਵਿਸ਼ਵਾਸ ਕਰ , ਮੈਂ ਬੜੇ ਚਿਰਾਂ ਤੋਂ ਇਹਨਾਂ ਵਿਚਾਰਾਂ ਵਿੱਚ ਗਰਕ ਹਾਂ . ਬੇਸ਼ੱਕ , ਮੈਂ ਇਧਰੋਂ ਉਧਰੋਂ ਬਹੁਤ ਕੁੱਝ ਸਿੱਖਿਆ ਹੈ . ਉਦਾਹਰਣ ਦੇ ਲਈ , ਮੈਨੂੰ ਪਤਾ ਹੈ ਕਿ ਬਹੁਤੇ ਜਣੇ ਜਦੋਂ ਬੁੜੇ ਹੋ ਜਾਂਦੇ ਹਨ , ਉਹ ਹਰ ਚੀਜ਼ ਦੇ ਬਾਰੇ ਸ਼ਿਕਾਇਤ ਕਰਨ ਲੱਗ ਪੈਂਦੇ ਹਨ . ਮੇਰੀ ਜਾਨਣ ਦੀ ਇਛਾ ਹੈ ਕਿ ਕੀ ਜੀਵਨ ਸਿਰਫ ਇੱਕ ਛੋਟੀ ਸੀ ਜਗ੍ਹਾ ਵਿੱਚ ਉਦੋਂ ਤੱਕ ਚੱਕਰ ਲਗਾਉਂਦੇ ਰਹਿਣਾ ਹੁੰਦਾ ਹੈ ਜਦੋਂ ਤੱਕ ਤੁਸੀ ਬੁੜੇ ਨਹੀਂ ਹੋ ਜਾਂਦੇ ਅਤੇ ਇਸ ਦੇ ਇਲਾਵਾ ਹੋਰ ਕੁੱਝ ਨਹੀਂ ਹੁੰਦਾ , ਜਾਂ ਕਿ ਕੋਈ ਹੋਰ ਤਰੀਕਾ ਵੀ ਹੋ ਸਕਦਾ ਹੈ ਇਸ ਦੁਨੀਆਂ ਵਿੱਚ ਜ਼ਿੰਦਗੀ ਬਤੀਤ ਕਰਨ ਦਾ?"
ਜਦੋਂ ਉਹਨੇ ਗੱਲ ਖਤਮ ਕਰ ਲਈ ਤਾਂ, ਮਾਂ ਨੇ ਕਿਹਾ : ਮੇਰੇ ਪਿਆਰੇ ਬੱਚੇ , ਕੀ ਤੂੰ ਪਾਗਲ ਹੋ ਗਿਆ ? ਦੁਨੀਆਂ . . ਦੁਨੀਆਂ . ਕਿਹੜੀ ਹੈ ਇਹ ਦੂਜੀ ਦੁਨੀਆਂ ! ਦੁਨੀਆ ਠੀਕ ਇਹੀ ਹੈ ਜਿਥੇ ਅਸੀ ਹਾਂ . ਬਸ ਇਹੀ ਹੈ ਜੀਵਨ ਜਿਸ ਰੂਪ ਵਿੱਚ ਅਸੀਂ ਇੱਥੇ ਹਾਂ . . . "
ਉਦੋਂ ਹੀ , ਇੱਕ ਵੱਡੀ ਮੱਛੀ ਉਹਨਾਂ ਦੇ ਘਰ ਦੇ ਕੋਲ ਪੁੱਜੀ ਅਤੇ ਕਿਹਾ : ਗੁਆਂਢਣੇ,ਆਪਣੇ ਬੱਚੇ ਦੇ ਨਾਲ ਕਾਹਦੇ ਬਾਰੇ ਬਹਿਸ ਕਰ ਰਹੀ ਹੈਂ ? ਤੂੰ ਅੱਜ ਤੈਰਨ ਜਾਣ ਦੀ ਯੋਜਨਾ ਹੈ ਜਾਂ ਨਹੀਂ ?
ਆਪਣੇ ਗੁਆਂਢੀ ਦੀ ਅਵਾਜ ਸੁਣਕੇ , ਮਾਂ ਦੇ ਘਰ ਤੋਂ ਬਾਹਰ ਆਈ ਅਤੇ ਕਿਹਾ ," ਭੈੜੀਏ, ਕਿਹੋ ਜਿਹਾ ਜਮਾਨਾ ਆ ਗਿਆ ਹੈ ! ਹੁਣ ਬੱਚੇ ਵੀ ਆਪਣੀ ਮਾਂਵਾਂ ਨੂੰ ਸਿਖਾਉਣ
ਲੱਗੇ ਹਨ ਕਿ ਜਿਓਣਾ ਕਿਵੇਂ ਚਾਹੀਦਾ ਹੈ!"
"ਕੀ ਹੋਇਆ ?" ਗੁਆਂਢੀ ਨੇ ਪੁੱਛਿਆ.
"ਬੱਚੂਆ," ਗੁਆਂਢੀ ਨੇ ਕਿਹਾ ."ਲੈ ਵੇਖਾਂ, ਤੂੰ ਕਦੋਂ ਤੋਂ ਵਿਦਵਾਨ ਅਤੇ ਦਾਰਸ਼ਨਕ ਬਣ ਗਿਆ ਤੇ ਸਾਨੂੰ ਭਿਣਕ ਤਕ ਨਹੀਂ ? "
"ਮੈਡਮ, " ਛੋਟੀ ਮੱਛੀ ਨੇ ਜਵਾਬ ਦਿੱਤਾ , " ਮੈਂਨੂੰ ਨਹੀਂ ਪਤਾ ਕਿ ਵਿਦਵਾਨ ਅਤੇ ਦਾਰਸ਼ਨਕ ਤੋਂ ਤੁਹਾਡਾ ਕੀ ਮਤਲੱਬ ਹੈ , ਮੈਂ ਤਾਂ ਬਸ ਐਥੇ ਹੀ ਇਸ ਰੋਜ਼ ਰੋਜ਼ ਤੈਰਦੇ ਰਹਿਣ ਦੇ ਕੰਮ ਤੋਂ ਥੱਕ ਗਿਆ ਹਾਂ . ਮੈਂ ਨਹੀਂ ਚਾਹੁੰਦਾ ਇਸ ਅਕਾਊ ਕੰਮ ਨੂੰ ਜਾਰੀ ਰਖਾਂ ਅਤੇ ਮੂਰਖਾਂ ਵਾਂਗ ਪਰਚਿਆ ਰਵਾਂ ਤੇ ਅਚਾਨਕ ਇੱਕ ਦਿਨ ਮੇਰੀ ਜਾਗ ਖੁਲੇ ਤਾਂ ਵੇਖਾਂ ਕਿ ਤੁਹਾਡੇ ਸਭਨਾ ਦੀ ਤਰ੍ਹਾਂ , ਮੈਂ ਵੀ ਬੁੱਢਾ ਹੋ ਗਿਆ ਹਾਂ , ਲੇਕਿਨ ਹਾਂ ਉਹੀ ਘੁਗੂ ਦਾ ਘੁਗੂ ਜਿਹੋ ਜਿਹਾ ਅੱਜ ਹਾਂ. "
" ਹਾਏ , ਐਡੀਆਂ ਐਡੀਆਂ ਗੱਲਾਂ !" ਹੈਰਾਨ ਪਰੇਸ਼ਾਨ ਗੁਆਂਢੀ ਨੇ ਕਿਹਾ .
"ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰਾ ਇੱਕੋ ਬੱਚਾ ਇਸ ਤਰ੍ਹਾਂ ਨਿਕਲੂਗਾ," ਮਾਂ ਨੇ ਕਿਹਾ . " ਪਤਾ ਨਹੀਂ ਕਿਸ ਭੈੜੇ ਆਦਮੀ ਨੇ ਮੇਰੇ ਪਿਆਰੇ ਬੱਚੇ ਨੂੰ ਇਹ ਪੁਠੀ ਮੱਤ ਦੇ ਦਿੱਤੀ ਹੈ."
" ਮੈਨੂੰ ਕਿਸੇ ਨੇ ਪੁਠੀ ਮੱਤ ਨਹੀਂ ਦਿੱਤੀ ," ਛੋਟੀ ਮੱਛੀ ਨੇ ਕਿਹਾ . " ਮੇਰੇ ਕੋਲਬੁਧੀ ਹੈ , ਅਤੇ ਅਕਲ ਤੇ ਹੋਸ਼ ਹੈ ਤੇ ਮੈਂ ਸਮਝ ਸਕਦਾ ਹਾਂ ਅਤੇ ਮੇਰੇ ਕੋਲ ਅੱਖਾਂ ਹਨ ਅਤੇ ਮੈਂ ਵੇਖ ਸਕਦਾ ਹਾਂ ."
"ਦੀਦੀ ," ਗੁਆਂਢਣ ਨੇ ਛੋਟੀ ਮੱਛੀ ਦੀ ਮਾਂ ਨੂੰ ਕਿਹਾ , " ਤੈਨੂੰ ਯਾਦ ਹੈ ਉਹ ਵਿੰਗੀ ਪੂਛ ਵਾਲਾ ਘੋਗਾ ? "
"ਹਾਂ , ਤੂੰ ਠੀਕ ਕਹਿਨੀਂ ਹੈਂ ," ਮਾਂ ਨੇ ਕਿਹਾ ." ਉਹ ਮੇਰੇ ਬੱਚੇ ਨਾਲ ਖਹਿੰਦਾ ਹੁੰਦਾ ਸੀ . ਰੱਬ ਦੇਖਦੈ ਹੁਣ ਮੈਂ ਦੇਵਾਂਗੀ ਉਸ ਨੂੰ ਧਨੇਸੜੀ ! "
"ਬਸ , ਮਾਂ ,ਬਸ ," ਛੋਟੀ ਮੱਛੀ ਨੇ ਕਿਹਾ ." ਉਹ ਮੇਰਾ ਦੋਸਤ ਹੈ."
" ਮੱਛੀ ਅਤੇ ਘੋਗੇ ਦੇ ਵਿੱਚ ਦੋਸਤੀ!" ਮਾਂ ਨੇ ਕਿਹਾ . " ਮੈਂ ਤਾਂ ਕਦੇ ਐਸੀ ਗੱਲ ਬਾਰੇ ਨਹੀਂ ਸੁਣਿਆ !"
"ਮੈਂ ਕਦੇ ਇਹ ਵੀ ਨਹੀਂ ਸੁਣਿਆ ਕਿ ਮਛੀ ਤੇ ਘੋਗੇ ਵਿੱਚ ਦੁਸ਼ਮਣੀ ਹੁੰਦੀ ਹੈ . ਲੇਕਿਨ ਤੁਸੀਂ ਸਭ ਨੇ ਮਿਲ ਕੇ ਉਸ ਗਰੀਬ ਨੂੰ ਡੁੱਬੋ ਦਿੱਤਾ."
"ਪੁਰਾਣੀਆਂ ਗਲਾਂ ਨਾ ਛੇੜ," ਗੁਆਂਢਣ ਨੇ ਕਿਹਾ .
"ਤੁਸੀਂ ਆਪ ਹੀ ਤਾਂ ਗੱਲ ਛੇੜੀ ਹੈ ," ਛੋਟੀ ਮੱਛੀ ਨੇ ਕਿਹਾ .
" ਉਸਨੂੰ ਮਾਰ ਮੁਕਾਇਆ ਠੀਕ ਹੀ ਕੀਤਾ , " ਮਾਂ ਨੇ ਕਿਹਾ . " ਕੀ ਤੁਸੀ ਭੁੱਲ ਗਏ ਉਹ ਗੱਲਾਂ ਜਿਹੜੀਆਂ ਉਹ ਹਰ ਜਗ੍ਹਾ ਛੇੜਦਾ ਹੁੰਦਾ ਸੀ ?"
"ਤਾਂ ਫਿਰ , " ਛੋਟੀ ਮੱਛੀ ਨੇ ਕਿਹਾ , " ਮੈਨੂੰ ਵੀ ਮਾਰ ਦਿਓ ਕਿਓਂ ਜੋ ਮੈਂ ਵੀ ਤਾਂ ਉਹੀ ਗੱਲਾਂ ਕਹਿ ਰਿਹਾ ਹਾਂ ."
ਲੰਮੀ ਕਹਾਣੀ ਨੂੰ ਛੋਟੀ ਕਰੀਏ , ਬਹਿਸ ਦੀ ਅਵਾਜ ਨੇ ਦੂਜੀਆਂ ਮੱਛੀਆਂ ਨੂੰ ਆਕਰਸ਼ਤ ਕੀਤਾ . ਛੋਟੀ ਮੱਛੀ ਦੀਆਂ ਗੱਲਾਂ ਸੁਣ ਸਭ ਲੋਕ ਨਰਾਜ ਹੋ ਗਏ . ਇੱਕ ਬੋਬੋ ਮੱਛੀ ਨੇ ਪੁੱਛਿਆ , "ਕੀ ਤੈਨੂੰ ਲੱਗਦਾ ਹੈ ਕਿ ਅਸੀ ਤੇਰੇ ਤੇ ਤਰਸ ਕਰਾਂਗੇ ?"
"ਇਹਨੂੰ ਸਿਰਫ ਕੰਨ ਤੇ ਇੱਕ ਘਸੁੰਨ ਦੀ ਜਰੂਰਤ ਹੈ," ਇੱਕ ਹੋਰ ਨੇ ਕਿਹਾ .
"ਚਲੇ ਜਾਓ ਸਾਰੇ ," ਕਾਲੀ ਮੱਛੀ ਦੀ ਮਾਂ ਨੇ ਕਿਹਾ . " ਮੇਰੇ ਬੱਚੇ ਨੂੰ ਮੈਂ ਛੂਹਣ ਨਹੀਂ ਦੇਣਾ ."
ਉਨ੍ਹਾਂ ਵਿਚੋਂ ਇੱਕ ਨੇ ਕਿਹਾ , " ਮੈਡਮ , ਜੇਕਰ ਤੁਸੀ ਆਪਣੇ ਬੱਚੇ ਨੂੰ ਠੀਕ ਢੰਗ ਤੋਂ ਪਾਲੋਗੇ ਨਹੀਂ , ਤਾਂ ਇਸਨੂੰ ਸਜਾ ਮਿਲਣ ਦੀ ਉਮੀਦ ਤਾਂ ਕਰਨੀ ਹੀ ਹੋਵੇਗੀ. "
(ਚਲਦਾ)
Thursday, September 30, 2010
It
It bounced out of me
Stood at the door giggling
It put on a cloudy dress .
Jumping
Dancing
Singing
Joking and passing remarks
On one and all.
Feeling empty, a loser
I request.
Please don’t desert me
Have your seat
You are good boy
And where are you going?
No! No!
And it goes on and on
Into the mist of early dawn.
Pools, woods, swamps and clouds
Though it has a day
And every droplet to meet .
But what can I do.
Nothing but see
It would not listen
Great rebel
Now it was coming near
Riding on a cloud
Had a great jump on the roof
With thunderous thud
I stood trembling
It sat on the water tank
Not exchanging a glance
And it had a poetic fall
On a rose bed.
“Surprise ! Surprise !”
I heard its voice
But the rose is tight lipped
No cry no smile.
May be welcoming it
Now only whispering
Could not make out.
That tender muse
The petals rosy
Intoxicated all around.
“A kisslet! a kisslet !”
And you see
“you are a naughty boy.
What are you up to today”
And it ran wild
Had a great jump racing
Put itself up on a rushing truck
I ran after in vain
I ‘m no more
and “ I “ lie here in the thick
burning inside outside .
an add ‘s given in vain
it never came home again.
.
Monday, September 27, 2010
ਹਰਨਾਮ ਸਿੰਘ ਨਰੂਲਾ ਦੀ ਅਮਰ ਪਾਤਰ ' ਪਾਲੀ ' ਬਾਰੇ
੨੪ ਸਤੰਬਰ ਦੀ ਸਵੇਰ – ਤਾਰਾ ਸਿੰਘ ਸੰਧੂ ਦਾ ਫੋਨ ਆਇਆ.ਉਹ ਹਰਨਾਮ ਸਿੰਘ ਨਰੂਲਾ ਬਾਰੇ ਪੁੱਛ ਰਿਹਾ ਸੀ ਕਿ ਇਹ ਉਹੀ ਨਰੂਲਾ ਹੈ ਜਿਹੜਾ ਕਮਿਉਨਿਸਟ ਪਾਰਟੀ ਦੇ ਨਾਟਕ ਸੁਕੈਡ ਪਟਿਆਲਾ ਦਾ ਮੋਹਰੀ ਹੁੰਦਾ ਸੀ. ਮੇਰੇ ਹਾਂ ਵਿੱਚ ਜੁਆਬ ਦੇਣ ਤੇ ਉਹਨੇ ਦੱਸਿਆ ਕਿ ਅੱਜ ਵੈਸੇ ਹੀ ਉਹਦੀ ਕਹਾਣੀ ਪੜ੍ਹਣ ਲੱਗ ਪਿਆ –ਪਾਲੀ. ਕਹਾਣੀ ਦੀ ਲੋਹੜੇ ਦੀ ਪ੍ਰਭਾਵ ਊਰਜਾ ਨੇ ਤਾਰੇ ਨੂੰ ਪੂਰੀ ਤਰ੍ਹਾਂ ਆਪਣੇ ਕਾਬੂ ਵਿੱਚ ਲੈ ਲਿਆ ਸੀ. “ਚਰਨ, ਮੈਨੂੰ ਤਾਂ ਉਹਦਾ ਇਹ ਪੱਖ ਪਤਾ ਹੀ ਨਹੀਂ ਸੀ.ਮੈਂ ਤਾਂ ਉਹਨੂੰ ਐਵੇਂ ਸਮਝਦਾ ਸੀ.ਬੋਲੀ ਉੱਤੇ ਉਹਦੀ ਪਕੜ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ.ਅੱਜ ਦੇ ਪੰਜਾਬੀ ਦੇ ਸਥਾਪਤ ਕਹਾਣੀਕਾਰ ਵੀ ਕਿਤੇ ਊਣੇ ਨਜ਼ਰ ਆਉਂਦੇ ਹਨ.” ਤਾਰਾ ਬੇਰੋਕ ਬੋਲੀ ਜਾ ਰਿਹਾ ਸੀ.
ਮੈਂ ਤਾਰੇ ਨੂੰ ਨਰੂਲੇ ਦੇ ਜੀਵਨ ਦੀਆਂ ਕੁਝ ਝਲਕੀਆਂ ਖਾਸ ਕਰ ਆਖ਼ਰੀ ਸਾਲਾਂ ਦੀਆਂ ਦੱਸੀਆਂ ਅਤੇ ਉਹਨੂੰ ਮੁਬਾਰਕ ਵੀ ਦਿੱਤੀ ਕਿ ਉਹ ਨਰੂਲੇ ਦੀ ਸਾਹਿਤਕ ਅਹਮੀਅਤ ਨੂੰ ਪਹਿਲੀ ਪੜ੍ਹਤ ਵਿੱਚ ਹੀ ਸੰਪੂਰਨ ਗਹਿਰਾਈ ਵਿੱਚ ਫੜ ਸਕਣ ਦੇ ਕਾਬਲ ਕੁਝ ਕੁ ਸਾਹਿਤਕ ਰਸੀਆਂ ਵਿੱਚੋਂ ਸੀ.
ਪੂਰਾ ਇੱਕ ਦਹਾਕਾ ਬੀਤ ਚੁੱਕਾ ਹੈ ਜਦੋਂ ਨਰੂਲੇ ਦੀਆਂ ਕਹਾਣੀਆਂ ਦੀਆਂ ਦੋ ਕਿਤਾਬਾਂ –‘ਪੱਕੀ ਵੰਡ’ਤੇ ‘ਕੁਝ ਪੀੜਾਂ ਕੁਝ ਯਾਦਾਂ’-ਛਪ ਕੇ ਆਈਆਂ ਸਨ. ਮੈਂ ਖੁਦ ਪੰਜਾਬੀ ਦੇ ਕਹਾਣੀ ਕਲਾ ਨਾਲ ਜੁੜੇ ਵਿਦਵਾਨਾਂ ਅਤੇ ਕਹਾਣੀਕਾਰਾਂ ਨੂੰ ਕਿਤਾਬ ਪਹੁੰਚਦੀ ਕੀਤੀ ਅਤੇ ਪੜ੍ਹਨ ਦੀ ਜੋਰਦਾਰ ਸਿਫਾਰਸ ਵੀ ਕੀਤੀ. ਸਿਵਾਏ ਡਾ. ਰਜਨੀਸ਼ ਬਹਾਦੁਰ ਦੇ ਕਿਸੇ ਨੇ ਜਾਂ ਤਾਂ ਕਿਤਾਬ ਨੂੰ ਸਥਾਪਨਾ ਦੇ ਖੇਤਰ ਤੋਂ ਬਾਹਰੀ ਚੀਜ਼ ਸਮਝ ਕੇ ਪੜ੍ਹਿਆ ਹੀ ਨਹੀਂ ਜਾਂ ਫਿਰ ਇਸ ਨੂੰ ਰੱਦੀ ਸਮਝ ਸੁੱਟ ਦਿੱਤਾ ਤੇ ਇਸ ਬਾਰੇ ਗੱਲ ਕਰਨਾ ਆਪਣੀ ਸ਼ਾਨ ਦੇ ਮੇਚ ਨਹੀਂ ਸਮਝਿਆ. ਰਜਨੀਸ਼ ਬਹਾਦੁਰ ਦੀ ਕਦਰ ਪਛਾਣ ਨੇ ਤਾਂ ਹੱਦ ਕਰ ਵਿਖਾਈ. ਆਪਣੇ ਪਾਕਿਸਤਾਨੀ ਦੌਰੇ ਸਮੇਂ ਉਸ ਨੇ ਵੰਡ ਤੋਂ ਪਹਿਲਾਂ ਦੇ ਪੰਜਾਬੀ ਸਮਾਜ ਦੇ ਦੁਰਲਭ ਚਿਤਰਕਾਰ ਵਜੋਂ ਨਰੂਲੇ ਦੀਆਂ ਕਹਾਣੀਆਂ ਦੇ ਚਿਰਜੀਵੀ ਮਹੱਤਵ ਦੀ ਗੱਲ ਥਾਂ ਥਾਂ ਕੀਤੀ ਭਾਵੇਂ ਹਾਲੇ ਉਸ ਨੇ ਸਿਰਫ ਇੱਕੋ ਕਿਤਾਬ ‘ਪੱਕੀ ਵੰਡ ‘ ਹੀ ਪੜ੍ਹੀ ਸੀ.
ਮੈਂ ਤਾਰੇ ਨੂੰ ਇਹਨਾਂ ਦੁਰਲਭ ਕਿਸਮ ਦੀਆਂ ਸਾਹਿਤਕ ਕ੍ਰਿਤੀਆਂ ਦੀ ਰਚਨਾ ਪ੍ਰਕਿਰਿਆ ਅਤੇ ਛਪਣ ਦੇ ਇਤਿਹਾਸ ਬਾਰੇ ਦੱਸਿਆ ਅਤੇ ਨਾਲ ਹੀ ਹਰਨਾਮ ਸਿੰਘ ਨਰੂਲੇ ਦੇ ਅਸਧਾਰਨ ਪੀੜਾਂ ਵਿੰਨੇ ਜੀਵਨ ਦੇ ਅੰਤ ਸਮੇਂ ਦੀਆਂ ਕੁਝ ਝਲਕੀਆਂ ਵੀ ਉਸ ਦੇ ਹਵਾਲੇ ਕੀਤੀਆਂ.( ਪਿੱਛਲੇ ਸਾਲ ੧੦ ਅਪ੍ਰੈਲ ੨੦੦੯ ਨੂੰ ਡਾ. ਸੁਦੀਪ ਦੇ ਕਲੀਨਿਕ ਵਿੱਚ ਰਾਤ ਦੇ ਵਕਤ ਉਹਨਾਂ ਦੀ ਮੌਤ ਹੋ ਗਈ ਸੀ. ਉਹਨਾਂ ਨੇ ਆਪਣੇ ਜੀਵਨ ਦੇ ਲਗਪਗ ਅੱਸੀ ਸਾਲ ਪੂਰੇ ਕਰ ਲਏ ਸਨ . ਉਹਨਾਂ ਦੀ ਲਿਖਣ ਦੀ ਲਿੱਲ੍ਹ ਆਖ਼ਰੀ ਦਿਨਾਂ ਤੱਕ ਬਰਕਰਾਰ ਸੀ ਅਤੇ ਅਨੇਕਾਂ ਕਹਾਣੀਆਂ ਉਹਨਾਂ ਨੇ ਆਪਣੇ ਜ਼ਹਨ ਵਿੱਚ ਲਿਖ ਰਖੀਆਂ ਸਨ ਪਰ ਕੰਬਦੇ ਹੱਥਾਂ ਦੀ ਵਜਹ ਕਾਗਜ਼ ਤੇ ਨਹੀਂ ਆ ਸਕੀਆਂ. ਆਪਣੀ ਮਾਂ ਦੀ ਮੌਤ ਬਾਰੇ ਇੱਕ ਹੱਡਬੀਤੀ ਉਹਨੇ ਮੈਨੂੰ ਬੋਲ ਕੇ ਲਿਖਾ ਦਿੱਤੀ ਸੀ. ਜਿਸ ਰਜਿਸਟਰ ਤੇ ਉਹ ਲਿਖੀ ਸੀ ਉਹ ਅਜੇ ਮੈਂ ਪ੍ਰਾਪਤ ਕਰਨਾ ਹੈ.
ਅਣਛਪਿਆ ਮੈਟੀਰੀਅਲ ਵੀ ਲਗਪਗ ਦੋ ਕਿਤਾਬਾਂ ਜੋਗਾ ਪਿਆ ਹੈ. ਪਰ ਅਜੇ ਕੋਈ ਸੰਸਥਾ ਇਸ ਖਜਾਨੇ ਦੀ ਸੰਭਾਲ ਲਈ ਤਿਆਰ ਨਹੀਂ.ਸੰਸਥਾਵਾਂ ਦੇ ਸੰਚਾਲਕ ਆਪਣੇ ਉੱਤਰ ਆਧੁਨਿਕ ਰੁਝੇਵਿਆਂ ਵਿੱਚ ਬਹੁਤ ਜਿਆਦਾ ਮਗਨ ਹਨ ਅਤੇ ਉੱਤਰ ਸੰਰਚਨਾਵਾਂ ਦੀ ਚੀੜ ਫਾੜ ਵਿੱਚ ਉਹਨਾਂ ਦੇ ਕੁਰਬਾਨ ਹੋਣ ਦੀ ਰੀਝ ਨੂੰ ਵੇਖ ਕੇ ਲੱਗਦਾ ਹੈ ਕਿ ਉਹਨਾਂ ਕੋਲੋਂ ਪੁਰਾਣੀਆਂ ਕਹਾਣੀਆਂ ਦੇ ਲੁਤਫ਼ ਦੀ ਬਾਤ ਸ਼ਾਇਦ ਹੁਣ ਸੰਭਾਵਨਾ ਦੇ ਦਾਇਰੇ ਵਿੱਚੋਂ ਬੁੜ੍ਹਕ ਕੇ ਕਿਤੇ ਦੂਰ ਜਾ ਪਈ ਹੈ. ਸ਼ਾਇਦ ਉਹਨਾਂ ਨੂੰ ਇਉਂ ਲੱਗਣ ਲੱਗ ਪਿਆ ਹੈ ਕਿ ਬੇਤਰਤੀਬੇ ਚਿਹਨਾਂ ਤੇ ਪ੍ਰਤੀਕਾਂ ਦੀ ਜਟਿਲਤਾ ਦੀ ਸੰਘਣਤਾ ਹੀ ਕਹਾਣੀ ਦੇ ਲਾਜਵਾਬ ਹੋਣ ਦੀ ਮੁਢਲੀ ਸ਼ਰਤ ਹੁੰਦੀ ਹੈ.
ਹਰਨਾਮ ਸਿੰਘ ਨਰੂਲਾ ਨਵਾਂ ਕਹਾਣੀਕਾਰ ਬਿਲਕੁਲ ਨਹੀਂ. ਉਹਨਾਂ ਦੀ ਸਭ ਤੋਂ ਨਵੀਂ ਕਹਾਣੀ ‘ਆਖ਼ਰੀ ਪੁਲਾਂਘ’ ਹੈ. ਇਹ ਵੀ ਦਹਾਕਿਆਂ ਬੱਧੀ ਉਹਦੇ ਮਨ ਦੇ ਵਭਿੰਨ ਪਰ ਅਨਿਖੜ ਧਰਾਤਲਾਂ ਤੇ ਤਾਰੀਆਂ ਲਾਉਂਦੀ ਕਦੇ ਮਰਦੀ ਕਦੇ ਜਿਉਂਦੀ ਰਹੀ ਹੋਵੇਗੀ. ਉਹਨੇ ਬਹੁਤਾ ਲਿਖਣ ਦੇ ਅਤੇ ਛਪਣ ਦੇ ਆਮ ਵਿਖਾਈ ਪੈਂਦੇ ਲਾਲਚਾਂ ਤੋਂ ਆਪਣੇ ਆਪ ਨੂੰ ਬਚਾਈ ਰੱਖਿਆ ਅਤੇ ਜਿਹੜਾ ਲਿਖਿਆ ਉਹਨੂੰ ਦਿਹਾਤੀ ਸਰੋਤਿਆਂ ਦੇ ਇੱਕ ਵਰਗ ਨਾਲ ਸਾਂਝਾ ਬਣਾ ਲਿਆ. ਛਪਣ ਤੋਂ ਪਹਿਲਾਂ ਹੀ ‘ਪਾਲੀ’ ਇੱਕ ਕਹਾਣੀ ਵਜੋਂ ਸਗੋਂ ਹੋਰ ਵੀ ਵਧੇਰੇ ਇੱਕ ਹੱਡਬੀਤੀ ਵਜੋਂ ਸਾਦੀਪੁਰ ਦੀ ਚੱਕੀ ਤੇ ਜੁੜਦੀ ਮਹਿਫ਼ਲ ਦੇ ਜੋਟੀਦਾਰਾਂ ਲਈ ਲਗਪਗ ਇੱਕ ਚੁਥਾਈ ਸਦੀ ਨਿੱਤ ਚਰਚਾ ਦੀ ਬੇਮਿਸਾਲ ਬੁਲੰਦੀ ਤੇ ਵਿਚਰਦੀ ਰਹੀ ਹੈ. ਨਿਰਜਿੰਦ ਸ਼ਬਦਾਂ ਵਿੱਚ ਜਾਂ ਐਵੇਂ ਨਹੀਂ ਪੈ ਜਾਂਦੀ. ਆਪਣਾ ਆਪਾ ਨਿਛਾਵਰ ਕਰਨਾ ਪੈਂਦਾ ਹੈ.
ਸੰਤਾਲੀ ਦੇ ਹੱਲਿਆਂ ਦਾ ਸ਼ਿਕਾਰ ਹੋ ਗਈ ਮਲੂਕ ਜਿਹੀ ਕੁੜੀ ਪੱਛਮੀ ਪੰਜਾਬ ਵਿੱਚ ਹੀ ਜੰਮੀ ਪਲੀ ਸੀ ਪਰ ਸਮੇਂ ਤੇ ਸਥਾਨ ਦੀਆਂ ਹੱਦਾਂ ਪਾਰ ਕਰ ਉਹ ਇੱਕ ਚੁਥਾਈ ਸਦੀ ਬਾਅਦ ਪਟਿਆਲੇ ਤੋਂ ੨੦ ਮੀਲ ਦਿੱਲੀ ਵੱਲ ਵੱਸਦੇ ਇੱਕ ਨਹੀਂ ਦੋ ਪਿੰਡਾਂ ਦੀ ਵਸਨੀਕ ਬਣ ਗਈ. ਇਹ ਪਿੰਡ ਹਨ : ਇੱਕ ਸਾਦੀਪੁਰ ਤੇ ਦੂਜਾ ਪ੍ਰੌੜ.ਇਹਨਾਂ ਪਿੰਡਾਂ ਦੇ ਲੋਕਾਂ ਲਈ ਹੀ ਨਹੀਂ ਸਗੋਂ ਪੂਰੇ ਭੁਨਰਹੇੜੀ ਇਲਾਕੇ ਲਈ ਪਾਲੀ ਇੱਕ ਅਭੁੱਲ ਪ੍ਰਾਣੀ ਹੈ ਜੋ ਇੰਨੀ ਪ੍ਰਬਲਤਾ ਨਾਲ ਆਪਣੀ ਬਾਤ ਪਾਉਂਦੀ ਹੈ ਕਿ ਵਤਨ ਦੀ ਵੰਡ ਬਾਰੇ ਪੰਜਾਬੀ ਵਿੱਚ ਅਜਿਹੀ ਸਾਹਿਤਕ ਹਸਤੀ ਭਾਲਣੀ ਸੌਖੀ ਨਹੀਂ. ਇੱਕ ਔਰਤ ਪਾਤਰ ਦੀ , ਇੱਕ ਪੰਜਾਬੀ ਕੁੜੀ ਦੀ ਐਸੀ ਸਜੀਵ ਤਸਵੀਰ ਮੈਂਨੂੰ ਹੋਰ ਕਿਧਰੇ ਯਾਦ ਨਹੀਂ. ਗੁਰਬਖਸ਼ ਸਿੰਘ ਪ੍ਰੀਤਲੜੀ ਦੀ ‘ਭਾਬੀ ਮੈਨਾ’ ਵਾਂਗ ਅਭੁੱਲ ਤੁਹਾਡੇ ਆਪਣੇ ਵਜੂਦ ਵਿੱਚ ਸਮਾ ਸਕਣ ਦੇ ਸਮਰਥ.
Sunday, June 6, 2010
ਸੀਬਾ ਸਕੂਲ ਲਹਿਰਾ ਗਾਗਾ ਦਾ ਨਿਰਾਲਾ ਉਪਰਾਲਾ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਂ ਆਪਣੇ ਦੋਸਤ ਕਮਲਜੀਤ ਢੀਂਡਸਾ ਦੇ ਸੱਦੇ ਤੇ ਬੱਚਿਆਂ ਦੀ ਵਰਕਸ਼ਾਪ ਦੇਖਣ ਲਈ ਆਖਰੀ ਤੋਂ ਪਹਿਲੇ ਦਿਨ ਲਹਿਰੇ ਪਹੁੰਚ ਗਿਆ.ਕੋਈ ਵੀ ਹੋਰ ਸਕੂਲ ਮੈਨੂੰ ਕਿਤੇ ਨਜ਼ਰ ਨਹੀਂ ਆਇਆ ਜਿਥੇ ਐਸੀ ਅਨੋਖੀ ਸਰਗਰਮੀ ਲਗਾਤਾਰ ਦਸ ਦਿਨ ਚਲਦੀ ਹੋਵੇ ਤੇ ਇਹ ਪ੍ਰਕਿਰਿਆ ਪਿਛਲੇ ਬਾਰ੍ਹਾਂ ਸਾਲਾਂ ਤੋਂ ਚੱਲ ਰਹੀ ਹੈ.ਸਾਰੇ ਕੈਂਪਸ ਵਿੱਚ ਵੱਖ ਵੱਖ ਥਾਵਾਂ ਤੇ ਵੱਖ ਵੱਖ ਗਰੁਪਾਂ ਵਿੱਚ ਬੱਚੇ ਵੱਖ ਵੱਖ ਕਲਾ ਸਰਗਰਮੀਆਂ ਵਿੱਚ ਰੁਝੇ ਹੋਏ ਸਨ .ਨਾਟਕ, ਗੀਤ,ਗਿੱਧਾ,ਭੰਗੜਾ, ਕਰਾਟੇ,ਮਿੱਟੀ ਦੇ ਖਿਡਾਉਣੇ ਅਤੇ ਉਹਨਾਂ ਤੇ ਚਿਤ੍ਰਕਾਰੀ,ਸਕੇਟਿੰਗ ,ਘੋੜਸਵਾਰੀ ਅਤੇ ਹੋਰ ਬੜਾ ਕੁਝ.ਸਭ ਕੁਝ ਗਿਣਨਾ ਸੌਖਾ ਨਹੀਂ.ਇਸ ਵਾਰ ਤਾਂ ਘੁਮਾਰ ਕਲਾ ਲਈ ਚੱਕ ਦਾ ਵੀ ਇੰਤਜਾਮ ਸੀ.ਇੱਕ ਵੱਡੀ ਕਪੜੇ ਦੀ ਕੈਨਵਸ ਸੀ ਜਿਸ ਦੇ ਦੋਨੀਂ ਪਾਸੀਂ ਤੀਹ ਚਾਲੀ ਬੱਚੇ ਕੁਦਰਤ ਦੀ ਸੰਭਾਲ ਦੇ ਵਿਸ਼ੇ ਤੇ ਆਪਣੇ ਆਪਣੇ ਮਨਪਸੰਦ ਰੰਗ ਚਿੱਤਰ ਉਲੀਕਣ ਵਿੱਚ ਲਗੇ ਹੋਏ ਸਨ.
*ਇਹ ਵਰਕਸ਼ਾਪ ਹੁਣ ਰਵਾਇਤ ਬਣ ਗਈ ਹੈ ਤੇ ਅਨੇਕ ਮੰਨੇ ਪ੍ਰਮੰਨੇ ਕਲਾਕਾਰ ਬੱਚਿਆਂ ਨਾਲ ਅਦਾਨ ਪ੍ਰਦਾਨ ਕਰਨ ਲਈ ਖੁਸ਼ੀ ਖੁਸ਼ੀ ਸਕੂਲ ਦਾ ਸੱਦਾ ਪ੍ਰਵਾਨ ਕਰਦੇ ਹਨ.
*ਬੱਚੇ ਆਪਣੇ ਸੌਕ ਨਾਲ ਬਿਨ੍ਹਾ ਕਿਸੇ ਡਰ ਦੇ ਸਿਖਣ ਦੀ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੁੰਦੇ ਹਨ.ਇਹ ਇਬਾਰਤ ਉਹਨਾਂ ਦੇ ਚਿਹਰਿਆਂ ਦੀ ਚਮਕ ਵਿੱਚ ਬੜੀ ਖੁਸ਼ਖਤ ਲਿਖੀ ਮਿਲਦੀ ਹੈ.
*ਇਹਨਾਂ ਸਭ ਉਪਰਾਲਿਆਂ ਦਾ ਨਿਸ਼ਾਨਾ ਇੱਕ ਹੀ ਹੈ-ਬੱਚਿਆਂ ਦੀ ਸਖਸ਼ੀਅਤ ਦੀ ਬਹੁਪੱਖੀ ਉਸਾਰੀ ਲਈ ਮਾਹੌਲ ਤੇ ਮੌਕੇ ਪ੍ਰਦਾਨ ਕਰਨਾ.
*ਅਜਿਹੇ ਮਿਸਾਲੀ ਕੰਮ ਲਈ ਸਰਕਾਰੀ ਅਦਾਰਿਆਂ ਦੀ ਬੇਰੁਖੀ ਬਹੁਤ ਖਟਕਦੀ ਹੈ.ਲਗਦਾ ਹੈ ਵਿਦਿਆ ਦੇ ਮਹਿਕਮੇ ਦੇ ਸਿਰ ਤੇ ਚੰਗੀਆਂ ਖਾਸੀਆਂ ਕਮਾਈਆਂ ਕਰਨ ਵਾਲੇ ਅਧਿਕਾਰੀਆਂ ਨੂੰ ਅਸਲ ਸਿਰਜਨਾਤਮਿਕ ਵਿਦਿਅਕ ਕੰਮਾਂ ਵਿੱਚ ਕੋਈ ਦਿਲਚਸਪੀ ਨਹੀਂ.
Sunday, May 23, 2010
ਹਰਪਾਲ ਘੱਗਾ ਦੀ ਅਹਿਮੀਅਤ ਦੇ ਕੁਝ ਪੱਖ
ਹਰਪਾਲ ਘੱਗਾ ਦੇ ਸਰਧਾਂਜਲੀ ਸਮਾਗਮ ਤੇ ਕੁਝ ਗੱਲਾਂ ਜੋ ਉਭਰ ਕੇ ਸਾਹਮਣੇ ਆਈਆਂ :
ਹਰਪਾਲ ਘੱਗਾ ਨੇ ਆਪਣਾ ਜੀਵਨ ਭਰ ਜਵਾਨੀ ਵਿੱਚ ਹੀ ਸਮਾਜੀ ਤਬਦੀਲੀ ਦੀ ਲਹਿਰ ਲਈ ਸਮਰਪਿਤ ਕਰ ਦਿੱਤਾ ਸੀ ਤੇ ਤਾ ਉਮਰ ਆਪਣੇ ਸੰਕਲਪ ਤੇ ਕਾਇਮ ਰਹੇ ਤੇ ਆਪਣੇ ਆਦਰਸ਼ਾਂ ਦੀ ਚੋਣ ਤੇ ਕਦੇ ਝੋਰਾ ਨਹੀਂ ਕੀਤਾ.
ਦੋ ਦਹਾਕੇ ਪਹਿਲਾਂ ਸਮਾਜਵਾਦੀ ਨਜ਼ਾਮ ਦੇ ਗਿਰਨ ਤੋਂ ਬਾਅਦ ਦੀ ਨਿਰਾਸਾ ਭਰੀ ਸਥਿਤੀ ਵਿੱਚ ਵੀ ਉਸ ਨੇ ਢਾਹੂ ਗੱਲਾਂ ਕਰਨ ਦੀ ਬਜਾਏ ਸਗੋਂ ਹੋਰ ਵੀ ਦ੍ਰਿੜ੍ਹਤਾ ਨਾਲ ਸਮਾਜ ਸੇਵਾ ਕਰਨ ਦਾ ਤਹਈਆ ਕਰ ਲਿਆ ਅਤੇ ਇਸ ਤਰ੍ਹਾਂ ਸਮਾਜਵਾਦ ਦੇ ਆਪਣੇ ਆਦਰਸ
ਦਾ ਵਕਾਰ ਆਪਣੇ ਪ੍ਰਭਾਵ ਖੇਤਰ ਵਿੱਚ ਬਣਾਈ ਰਖਿਆ ਅਤੇ ਪਖੰਡੀ ਸਮਾਜ ਸੇਵਾ ਦੀ ਥਾਂ ਸੱਚੀ ਸਮਾਜ ਸੇਵਾ ਦੀ ਸੰਭਾਵਨਾ ਅਤੇ ਸਮਰਥਾ ਸਾਹਮਣੇ ਲਿਆਂਦੀ.
ਜਦੋਂ ਚੂਹੇ ਦੌੜ ਸਭ ਹੱਦਾਂ ਬੰਨੇ ਟੱਪਦੀ ਜਾਂਦੀ ਸੀ ਸਮਾਜ ਦੇ ਰਹਿਬਰਾਂ ਦਾ ੯੭-੯੮ ਫੀ ਸਦੀ ਹਿਸਾ ਅਨੈਤਿਕ ਅਮਲਾਂ ਵਿੱਚ ਗਰਕ ਗਿਆ ਸਭ ਪਾਸੇ ਉਜਾੜ ਹੀ ਉਜਾੜ ਨਜਰ ਆ ਰਿਹਾ ਸੀ ,ਕੋਈ ਕੋਈ ਹਰਿਆ ਬੂਟ ਬਾਕੀ ਰਹੀ ਗਿਆ ਸੀ ਤਾਂ ਹਰਪਾਲ ਘੱਗਾ ਇੱਕ ਸੂਰਬੀਰ ਦੀ ਤਰ੍ਹਾਂ ਨਿਤਰਿਆ ਅਤੇ ਥੱਕੇ ਮਾਂਦੇ ਹਾਰ ਮੰਨਦੇ ਜਾਂਦੇ ਹਮਸਫਰਾਂ ਨੂੰ ਚਲਦੇ ਰਹਿਣ ਲਈ ਰਹਿਨੁਮਾ ਬਣ ਅੱਗੇ ਲੱਗ ਤੁਰੇ.
ਹਰਪਾਲ ਘੱਗਾ ਨੇ ਸਮਾਜ ਸੇਵਾ ਦੀ ਪੂੰਜੀ ਜਮ੍ਹਾ ਕੀਤੀ ਅਤੇ ਪਾਤੜਾਂ ਦੇ ਇਲਾਕੇ ਵਿੱਚ ਪੰਜਾਬ ਦੀਆਂ ਨਰੋਈਆਂ ਕਦਰਾਂ ਕੀਮਤਾਂ ਦੇ ਸਾਕਾਰ ਪ੍ਰਤੀਕ ਬਣ ਗਏ ਅਤੇ ਇਸ ਅਮਰਤਾ ਦੀ ਪਦਵੀ ਹਾਸਲ ਕਰ ਗਏ.
ਉਹਨਾਂ ਬਾਰੇ ਅਨੇਕ ਕਹਾਣੀਆਂ ਦੰਦ ਕਥਾਵਾਂ ਬਣ ਕੇ ਲੋਕ ਯਾਨ ਦਾ ਹਿੱਸਾ ਬਣ ਗਈਆਂ ਹਨ.ਦੇਹਾਂਤ ਤੋਂ ਬਾਅਦ ਇੱਕ ਨਵਾਂ ਘੱਗਾ ਵਿਗਸ ਰਿਹਾ ਹੈ ਜੋ ਅਸਲ ਘੱਗੇ ਨਾਲੋਂ ਵੀ ਕਿਤੇ ਬੁਲੰਦ ਹੈ ਤੇ ਜਿਸਨੇ ਹੋਰ ਵੀ ਵੱਡਾ ਊਰਜਾ ਪੁੰਜ ਬਣ ਕੇ ਆਪਣਾ ਕਾਰਜ ਜਾਰੀ ਰਖਣਾ ਹੈ.ਉਹ ਉਸ ਵਿਰਸੇ ਵਿੱਚ ਸ਼ਾਮਲ ਹੋ ਗਿਆ ਜਿਸ ਦੀਆਂ ਮੂਹਰਲੀਆਂ ਕਤਾਰਾਂ ਵਿੱਚ ਤੇਜਾ ਸਿੰਘ ਸੁਤੰਤਰ, ਧਰਮ ਸਿੰਘ ਫੱਕਰ , ਜਗੀਰ ਸਿੰਘ ਜੋਗਾ, ਵਧਾਵਾ ਰਾਮ , ਛਜੂ ਮੱਲ ਵੈਦ, ਅਰਜਨ ਸਿੰਘ ਮਸਤਾਨਾ,ਨਗਿੰਦਰ ਸਿੰਘ ਹਰੀਨੌਂ , ਗੁਰਨਾਮ ਸਿੰਘ ਹਰੀਨੌਂ ਵਰਗੇ ਹਜ਼ਾਰਾਂ ਯੋਧੇ ਆਪਣਾ ਯੋਗਦਾਨ ਪਾ ਚੁੱਕੇ ਹਨ.
ਉਹਨਾਂ ਦੀ ਅਕਾਦਮਿਕ ਪੜ੍ਹਾਈ ਜਿਆਦਾ ਨਹੀਂ ਸੀ ਪਰ ਇੱਕ ਆਰਗੈਨਿਕ ਬੁਧੀਜੀਵੀ ਤੇ ਤੌਰ ਤੇ ਉਹਦੀ ਕਾਮਯਾਬੀ ਬਹੁਤ ਰਾਹ ਵਿਖਾਊ ਅਤੇ ਸਿਖਿਆ ਭਰਪੂਰ ਹੈ.ਇਲਾਕੇ ਦੀਆਂ ਸਾਰੀਆਂ ਪਾਰਟੀਆਂ ਦੇ ਕਾਰਕੁਨ ਉਹਦੀ ਅਗਵਾਈ ਪ੍ਰਵਾਨ ਕਰਦੀਆਂ ਸਨ.ਉਹ ਕਿਸੇ ਫਜੂਲ ਬਹਿਸ ਵਿੱਚ ਨਹੀਂ ਉਲਝਦੇ ਸਨ ਸਗੋਂ ਆਪਣੇ ਪ੍ਰਮੁਖ ਨਿਸ਼ਾਨੇ ਦੀ ਸੇਧ ਵਿੱਚ ਤੁਰੇ ਰਹਿੰਦੇ ਸਨ ਹਰੇਕ ਸਮਰਥ ਵਿਅਕਤੀ ਨੂੰ ਨਾਲ ਤੋਰਨ ਦੇ ਇੱਛਕ ਸਨ ਚਾਹੇ ਉਹਦੀ ਪਾਰਟੀ ਕੋਈ ਵੀ ਹੋਵੇ.
Thursday, May 20, 2010
ਤੇ ਲਾਲ ਫੁੱਟ ਗਿਆ -ਕਹਾਣੀ
ਇੱਕ ਜੌਹਰੀ ਇੱਕ ਪਿੰਡ ਵਿੱਚੋਂ ਲੰਘ ਰਿਹਾ ਸੀ . ਉਹਦੀ ਨਜਰ ਇੱਕ ਬੱਚੇ ਤੇ ਪਈ ਜਿਸ ਕੋਲ ਇੱਕ ਬਹੁਤ ਖੂਬਸੂਰਤ ਲਾਲ ਸੀ . ਜੌਹਰੀ ਨੇ ਤੁਰਤ ਤਾੜ ਲਿਆ ਕਿ ਬੱਚਾ ਬੇਖਬਰ ਹੈ ਕਿ ਉਸ ਕੋਲ ਏਨੀ ਕੀਮਤੀ ਕੋਈ ਚੀਜ਼ ਹੈ ਤੇ ਉਸਨੂੰ ਕਿਹਾ ਇਹ ਪੱਥਰ ਤੂੰ ਮੈਨੂੰ ਦੇ ਦੇ ਇਹਦੇ ਬਦਲੇ ਤੈਨੂੰ ਮੈਂ ਇੱਕ ਰੁਪਿਆ ਦਿਆਂਗਾ . ਬੱਚੇ ਨੂੰ ਇੱਕ ਦੰਮ ਖੁੜਕ ਗਈ ਕਿ ਕੋਈ ਗੱਲ ਹੈ ਜਿਹੜੀ ਉਹਨੂੰ ਨਹੀਂ ਪਤਾ. ਇਸ ਲਈ ਉਹਨੇ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਮੈਂ ਤਾਂ ਆਪਣੇ ਬਾਪੂ ਨੂੰ ਪੁੱਛ ਕੇ ਆਵਾਂਗਾ. ਪੁੱਛ ਕੇ ਆਇਆ ਤਾਂ ਕਹਿਣ ਲੱਗਾ ਦੋ ਰੁਪਏ ਵਿੱਚ ਦਿਆਂਗਾ. ਜੌਹਰੀ ਝੱਟ ਦੋ ਰੁਪਏ ਦੇਣ ਲਈ ਤਿਆਰ ਹੋ ਗਿਆ. ਮੁੰਡਾ ਮੁੱਕਰ ਗਿਆ ਤੇ ਕਹਿਣ ਲੱਗਾ ਮੈਂ ਤਾਂ ਫਿਰ ਬਾਪੂ ਨਾਲ ਸਲਾਹ ਕਰਨੀ ਹੈ.ਵਾਪਸ ਆਕੇ ਦਸ ਰੁਪਏ ਦੀ ਮੰਗ ਕੀਤੀ. ਪਰ ਜਦੋਂ ਅਜਨਬੀ ਦਸ ਰੁਪਏ
ਦੇਣ ਲਈ ਵੀ ਸਹਿਮਤ ਹੋ ਗਿਆ ਤਾਂ ਚਲਾਕ ਮੁੰਡਾ ਇੱਕ ਵਾਰ ਫਿਰ ਆਪਣੇ ਬਾਪੂ ਨਾਲ ਸਲਾਹ ਕਰਨ ਲਈ ਦੌੜ ਗਿਆ ਤੇ ਵਾਪਸ ਆ ਕੇ ਸੌ ਰੁਪਏ ਮੰਗੇ . ਜੌਹਰੀ ਨੇ ਸੌ ਰੁਪਏ ਦੇਣੇ ਮੰਨ ਲਏ ਪਰ ਇਸ ਵਾਰ ਮੁੰਡੇ ਨੇ ਕੀਮਤ ਹੋਰ ਵਧਾਉਣ ਦਾ ਜੋਖਮ ਨਹੀਂ ਲਿਆ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਆਪਣੀ ਜਾਣੇ ਸਿਖਰਲੀ ਕੀਮਤ ਮੰਗ ਲਈ ਸੀ.
ਜੌਹਰੀ ਲੱਖਾਂ ਦਾ ਲਾਲ ਲੁੱਟ ਲਿਆਇਆ ਸੀ.ਘਰ ਆ ਕੇ ਉਹਨੇ ਆਪਣੀ ਮਾਰ ਦੀ ਕਹਾਣੀ ਆਪਣੇ ਘਰਦਿਆਂ ਨੂੰ ਬਹੁਤ ਹੁੱਬ ਕੇ ਸੁਣਾਈ ਅਤੇ ਲਾਲ ਨੂੰ ਇੱਕ ਡੱਬੀ ਵਿੱਚ ਬੰਦ ਕਰਕੇ ਤਿਜੌਰੀ ਵਿੱਚ ਸੰਭਾਲ ਦਿੱਤਾ. ਲਾਲ ਬਾਰੇ ਸੋਚਦਿਆਂ ਉਹਨੂੰ ਸੁਪਨੀਲੀ ਨੀਂਦ ਆ ਗਈ ਤੇ ਕਿਤੇ ਸਵੇਰੇ ਸੂਰਜ ਚੜ੍ਹੇ ਅੱਖ ਖੁੱਲੀ. ਮੂੰਹ ਹੱਥ ਧੋਣ ਤੋਂ ਬਾਅਦ ਸਭ ਤੋਂ ਪਹਿਲਾਂ ਉਹਦਾ ਜੀ ਕੀਤਾ ਕਿ ਇੱਕ ਵਾਰ ਉਸ ਕੀਮਤੀ ਲਾਲ ਨੂੰ ਦੇਖੇ . ਉਹਨੇ ਬੜੀ ਰੀਝ ਨਾਲ ਡੱਬੀ ਖੋਲ੍ਹੀ ਤਾਂ ਕੀ ਦੇਖਿਆ ਕਿ ਲਾਲ ਤਾਂ ਫੁੱਟਿਆ ਪਿਆ ਸੀ ਫੁੱਟੀ ਕੌਡੀ ਦੇ ਮੁਲ ਦਾ.ਉਹਨੇ ਅਤਿ ਦੁਖੀ ਮਨ ਨਾਲ ਲਾਲ ਨੂੰ ਪੁੱਛਿਆ , “ ਲਾਲ ,ਇਹ ਕੀ ਗੱਲ ਹੋਈ. ਕਿਸੇ ਸੁਣੀ ਨਾ ਦੇਖੀ.”
ਲਾਲ ਦੇ ਟੁਕੜਿਆਂ ਵਿੱਚੋਂ ਇੱਕ ਮਿਲਵੀਂ ਆਵਾਜ਼ ਨੇ ਜਵਾਬ ਦਿੱਤਾ.
“ਓਏ ਜੌਹਰੀ,ਤੂੰ ਜੌਹਰੀ ਹੋ ਕੇ ਮੇਰੀ ਸਿਰਫ ਸੌ ਰੁਪਏ ਕਦਰ ਪਾਈ ......ਮੈਨੂੰ ਗੁੱਸਾ ਆ ਗਿਆ ਤੇ ਮੈਂ ਫੁੱਟ ਗਿਆ.”
Tuesday, May 18, 2010
ਸੱਚ , ਸੁਕਰਾਤ ਅਤੇ ਡਾ. ਰਵਿੰਦਰ ਰਵੀ
ਚਿੰਤਨ ਦੇ ਖੇਤਰ ਵਿੱਚ ਪੰਜਾਬੀ ਬੌਧਿਕ ਹਲਕਿਆਂ ਵਿੱਚ ਉਹਦਾ ਕੱਦ ਬਹੁਤ ਬੁਲੰਦ ਹੈ.ਉਸ ਬੁਲੰਦੀ ਤੋਂ ਹੀ ਉਹ ਸਾਡੀ ਵਰਤਮਾਨ ਬੌਧਿਕ ਕੰਗਾਲੀ ਬਾਰੇ ਟਿੱਪਣੀਆਂ ਕਰਨ ਦਾ ਹੱਕਦਾਰ ਸੀ.ਉਹਨਾਂ ਨੇ ਕਈ ਵਾਰ ਸਾਡੀ ਅਨਿਖਰਵੀਂ ਚਿੰਤਨ ਪਰੰਪਰਾ ਤੇ ਟਿੱਪਣੀ ਕੀਤੀ.ਪੰਜਾਬ ,ਪੰਜਾਬੀਅਤ ਅਤੇ ਇੱਥੋਂ ਦੀਆਂ ਬੇਇਨਸਾਫੀ ਦੇ ਖਿਲਾਫ਼ ਧੜਲੇਦਾਰ ਸੰਘਰਸ਼ ਦੀਆਂ ਰਵਾਇਤਾਂ ਬਾਰੇ ਨਿਰੰਤਰ ਸਰੋਕਾਰ ਉਹਦੀ ਸਖਸ਼ੀਅਤ ਦਾ ਅਨਿਖੜ ਅੰਗ ਸੀ.
ਉਹ ਸਮਾਜਿਕ ਤਬਦੀਲੀ ਲਈ ਇੱਕ ਲੈਨਿਨੀ ਸੰਗਠਨ ਦੇ ਕਾਇਲ ਸਨ .ਸਮਾਜੀ ਪੁਨਰਗਠਨ ਦੇ ਮਾਮਲਿਆਂ ਬਾਰੇ ਸਾਡੀਆਂ ਅਕਸਰ ਗੱਲਾਂ ਹੁੰਦੀਆਂ.ਉਹ ਸੰਗਠਨਾਂ ਦੀ ਸਮਕਾਲੀ ਸਥਿਤੀ ਤੋਂ ਬਹੁਤ ਅਸੰਤੁਸ਼ਟ ਸਨ.ਇੱਥੋਂ ਤੱਕ ਕਿ ਕਈ ਵਾਰ ਤਾਂ ਅਧਿਆਪਨ ਤੋਂ ਤਿਆਗ ਪੱਤਰ ਦੇ ਕੇ ਕੁਲਵਕਤੀ ਬਣ ਸੰਗਠਨ ਦੀ ਉਸਾਰੀ ਵਿੱਚ ਜੁੱਟ ਜਾਣ ਦੇ ਉਹਨਾਂ ਦੇ ਪ੍ਰਵਾਨ ਚੜ੍ਹ ਰਹੇ ਇਰਾਦੇ ਆਪਮੁਹਾਰੇ ਜਾਹਰ ਹੋ ਜਾਂਦੇ ਸਨ.
ਅੱਜ ਪੂਰੇ ਇੱਕੀ ਸਾਲ ਹੋ ਗਏ ਹਨ ਉਹਨਾਂ ਦੀ ਬੇਵਕਤ ਮੌਤ ਨੂੰ.ਸ਼ਾਇਦ ਅਸੀਂ ਇਸ ਅਮਿਣਵੇਂ ਘਾਟੇ ਨੂੰ ਮਹਿਸੂਸ ਕਰਨ ਦੀ ਸਮਰਥਾ ਗੁਆ ਲਈ ਹੈ ਪਰ ਉਹ ਸਾਰੇ ਜਿਹਨਾਂ ਨੂੰ ਉਹ ਲਲਕਾਰਦੇ ਸਨ ਉਹਨਾਂ ਦੀ ਚਰਚਾ ਦੀ ਮਾਮੂਲੀਅਤ ਉਤੇ ਅੱਜ ਵੀ ਗਦਗਦ ਹੁੰਦੇ ਮਹਿਸੂਸ ਕੀਤੇ ਜਾ ਸਕਦੇ ਸਨ.
ਕੁਝ ਦਿਨ ਪਹਿਲਾਂ ਮੈਂ ਪਰਮਜੀਤ ਪੜਬਗਾ ਨਾਲ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਚਲਿਆ ਗਿਆ. ਸੋਚਿਆ, ਚਲੋ ਕੁਝ ਪੁਰਾਣੀਆਂ ਯਾਦਾਂ ਹੀ ਤਾਜਾ ਹੋ ਜਾਣਗੀਆਂ.ਡਾ.ਜਸਵਿੰਦਰ ਦੇ ਕਮਰੇ ਵਿੱਚ ਬੈਠੇ ਸਾਂ.ਮੇਰੇ ਦਿਮਾਗ ਵਿੱਚ ਡਾ. ਰਵੀ ਘੁੰਮ ਰਹੇ ਸੀ ਤੇ ਉਹ ਦਿਨ(੧੯੭੫) ਜਦੋਂ ਜਸਵਿੰਦਰ ਡਾ.ਰਵੀ ਦਾ ਵਿਦਿਆਰਥੀ ਸੀ ਤੇ ਉਹਨਾਂ ਦੀ ਨਿਰਵਿਵਾਦ ਪ੍ਰਤਿਭਾ ਦਾ ਆਪਣੇ ਕੈਰੀਅਰ ਲਈ ਲਾਭ ਉਠਾ ਰਿਹਾ ਸੀ.ਡਾ. ਰਵੀ ਨਾਲੋਂ ਵੀ ਕਿਤੇ ਵੱਡੀਆਂ ਪ੍ਰਾਪਤੀਆਂ ਦੇ ਅਚੇਤ ਜਾਂ ਸੁਚੇਤ ਅਹਿਸਾਸ ਨਾਲ ਨਸਿਆਇਆ ਜਸਵਿੰਦਰ ਡਾ. ਰਵੀ ਦੇ ਅੰਦਾਜ਼ ਵਿੱਚ ਗੱਲਾਂ ਸੁਣਾ ਰਿਹਾ ਸੀ ਪਰ ਡਾ.ਰਵੀ ਉਹਦੀਆਂ ਗੱਲਾਂ ਵਿੱਚ ਉੱਕਾ ਗੈਰ ਹਾਜਰ ਸੀ.ਸਾਹਮਣੇ ਕਮਰੇ ਵਿੱਚ ਬੈਠੀ ਉਹਦੀ ਕੰਪਿਊਟਰ ਸਹਾਇਕ ਨਜਰ ਆ ਰਹੀ ਸੀ ਤੇ ਮੈਂ ਉਠ ਕੇ ਉਹਦੇ ਕੋਲ ਚਲਾ ਗਿਆ ਤੇ ਉਹਨੂੰ ਪੁੱਛਿਆ ਕੀ ਕੀ ਉਹਦੇ ਕੰਪਿਊਟਰ ਵਿੱਚ ਡਾ. ਰਵੀ ਦੀ ਕੋਈ ਤਸਵੀਰ ਹੈ.ਉਹਨੇ ਹਾਂ ਵਿੱਚ ਸਿਰ ਹਿਲਾਇਆ ਤੇ ਦੱਸਿਆ ਕਿ ਬਹੁਤ ਸਾਰੀਆਂ ਹਨ .ਮੈਂ ਉਸ ਨੂੰ ਇਹ ਕਹਿ ਕੇ ਵਾਪਸ ਆ ਗਿਆ ਕਿ ਉਹ ਤਸਵੀਰਾਂ ਮੈਨੂੰ ਈਮੇਲ ਕਰ ਦੇਣੀਆਂ.ਉਹ ਕਹਿਣ ਲੱਗੀ,"ਮੈਂ ਸਾਰੀਆਂ ਹੀ ਭੇਜ ਦਿਆਂਗੀ ਸਰ." ਘਰ ਆ ਕੇ ਜਦੋਂ ਮੈਂ ਜਸਵਿੰਦਰ ਵਲੋਂ ਆਈ ਈਮੇਲ ਦੇਖੀ ਤਾਂ ਸਾਡੇ ਪਿਆਰੇ ਡਾ.ਰਵੀ ਦੀ ਥਾਂ ਕਿਸੇ ਅਘਰਵਾਸੀ ਰਵਿੰਦਰ ਰਵੀ ਦੀਆਂ ਤਸਵੀਰਾਂ ਦੇਖ ਕੇ ਮੈਂ ਡੂੰਘੀ ਉਦਾਸੀ ਵਿੱਚ ਡੁੱਬ ਗਿਆ.ਉਸ ਪੰਜਾਬੀ ਵਿਭਾਗ ਵਿੱਚ ਜਿਸ ਨੂੰ ਕਿਸੇ ਤਰੀਕੇ ਨਾਲ ਵੀ ਡਾ.ਰਵੀ ਨਾਲੋਂ ਅਲੱਗ ਨਹੀਂ ਕੀਤਾ ਜਾ ਸਕਦਾ ਉੱਥੇ ਉਹਨਾਂ ਦੀ ਅਮਰਤਾ ਦਾ ਇਹ ਹਸਰ ਦੇਖ ਕੇ ਮੈਨੂੰ ....ਉਹਨਾਂ ਪਲਾਂ ਦੀ ਮੇਰੀ ਹਾਲਤ ਮੈਂ ਲਫਜਾਂ ਵਿੱਚ ਬਿਆਨ ਨਹੀਂ ਕਰ ਸਕਦਾ.ਪਰ ਜਲਦ ਹੀ ਮੈਂ ਸੰਭਲ ਗਿਆ ਜਦੋਂ ਮੈਂਨੂੰ ਸੁਕਰਾਤ ਨਾਲ ਡਾ. ਰਵੀ ਦੀ ਪੱਕੀ ਆੜੀ ਦਾ ਖਿਆਲ ਆਇਆ.
Sunday, May 16, 2010
ਸੁੱਕੀ ਕਿੱਕਰ ਤੇ ਕਾਂ
" ਪਾਪਾ, ਬੀਬੀ ਦਾ ਜੀਅ ਨਹੀਂ ਲੱਗਦਾ."ਮੇਲੋ ਕਹਿੰਦੀ ਹੈ.
"ਹਾਂ ਭਾਈ, ਇਹਦਾ ਸ਼ੁਰੂ ਤੋਂ ਈ ਇਉਂ ਦਾ ਮਤਾ ਐ. "
"ਪਾਪਾ, ਤੈਨੂੰ ਤਾਂ ਕੋਈ ਚੱਕਰ ਨਹੀਂ ਜੀਅ ਦਾ ."
"ਹਾਂ ਭਾਈ,ਮੈਂ ਤਾਂ ਇੱਕੋ ਥਾਂ ਬੈਠਾ ਰਹਾਂ ਸਾਰਾ ਦਿਨ 'ਕੱਲਾ ਈ ਸੁੱਕੀ ਕਿੱਕਰ ਤੇ ਕਾਂ ਵਾਂਗੂੰ ." ਗੁਰਨਾਮ ਸਿੰਘ ਨੇ ਆਪਣੇ ਵਜੂਦ ਦੇ ਸੱਚ ਨੂੰ ਪੰਜ ਅੱਖਰਾਂ ਵਿੱਚ ਬੰਨ੍ਹ ਦਿੱਤਾ ਤੇ ਮੈਂ ਸਭਿਆਚਾਰ ਵਿੱਚ ਪਏ ਅਸੀਮ ਪ੍ਰਗਟਾ ਭੰਡਾਰ ਬਾਰੇ ਕਈ ਦਿਨ ਤੱਕ ਸੋਚਦਾ ਰਿਹਾ.
Friday, May 14, 2010
ਕਾ. ਹਰਪਾਲ ਘੱਗਾ ਨਹੀਂ ਰਹੇ !
ਹਰਪਾਲ ਘੱਗਾ ਨਾਲ ਮੇਰੀ ਪਹਿਲੀ ਮੁਲਾਕਾਤ ੧੯੭੫ ਵਿੱਚ ਹੋਈ ਸੀ ਜਦੋਂ ਮੈਂ ਪਟਿਆਲੇ ਜਿਲੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਕੁਲ ਵਕਤੀ ਬਣਿਆ ਤੇ ਮੈਨੂੰ ਪਾਰਟੀ ਦੀ ਨਾਭਾ ਤਹਿਸੀਲ ਇਕਾਈ ਦਾ ਉਪ ਸਕੱਤਰ ਚੁਣਿਆ ਗਿਆ.ਜਿਲੇ ਵਲੋਂ ਚੋਣ ਕਰਾਉਣ ਲਈ ਕਾ.ਘੱਗਾ ਹੁਰੀਂ ਗਏ ਸਨ.ਉਸ ਵਕਤ ਜਦੋਂ ਪਾਰਟੀ ਅੰਦਰ ਗੁੱਟਬੰਦੀ ਕਈ ਵਾਰ ਨਿਰਾਸ਼ਾ ਵੱਲ ਧਕਦੀ ਸੀ ਜਿਲੇ ਦੇ ਇੱਕ ਸੀਨੀਅਰ ਆਗੂ ਵਲੋਂ ਦਿੱਤੀ ਹੱਲਾਸ਼ੇਰੀ ਨੂੰ ਮੈਂ ਕਦੇ ਨਹੀਂ ਭੁਲਾ ਸਕਿਆ.ਰਾਜਪੁਰੇ ਪਾਰਟੀ ਦਫਤਰ ਦੇ ਝਗੜੇ ਸਮੇਂ ਵੀ ਚਲਦੀਆਂ ਗੋਲੀਆਂ ਵਿੱਚ ਸਾਹਮਣੇ ਆਈ ਉਹਨਾਂ ਦੀ ਦਲੇਰੀ ਵੇਖਣਯੋਗ ਸੀ ਤੇ ਅਕਸਰ ਅਸੀਂ ਉਸ ਘਟਨਾ ਨੂੰ ਯਾਦ ਕਰਦੇ ਹੁੰਦੇ ਸੀ.ਪਿਛਲੇ ਸਮਿਆਂ ਵਿੱਚ ਨਿਰਾਸ਼ਾ ਵਿੱਚ ਧੱਕਣਵਾਲਾ ਬਹੁਤ ਕੁਝ ਵਾਪਰਿਆ ਤੇ ਬਹੁਤ ਸਾਰੇ ਬੇਗਰਜ਼ ਕਾਰਕੁਨ ਰੁੜਦੇ ਵੇਖੇ ਗਏ ਪਰ ਹਰਪਾਲ ਘੱਗੇ ਨੇ ਕਮਾਲ ਨਿਰਲੇਪਤਾ ਨਾਲ ਆਪਣੀ ਪ੍ਰਤਿਬਧਤਾ ਨੂੰ ਬਰਕਰਾਰ ਰੱਖ ਵਿਖਾਇਆ.ਅਜੇ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਦੇ ਬੇਟੇ ਦੀ ਮੌਤ ਦੇ ਸਦਮੇ ਨਾਲ ਵੀ ਉਹਨਾਂ ਨੇ ਦਿਲ ਨਹੀਂ ਛੱਡਿਆ ਅਤੇ ਆਪਣੇ ਮਿਸ਼ਨ ਵਿੱਚ ਜੁਟੇ ਰਹੇ.ਤਸੱਲੀ ਦੀ ਗੱਲ ਹੈ ਕਿ ਉਹਨਾਂ ਦੀ ਘਾਲਣਾ ਨੇ ਰੰਗ ਲਿਆਂਦਾ ਹੈ ਅਤੇ ਉਹਨਾਂ ਦੀ ਬਣਾਈ ਸੰਸਥਾ ਉਹਨਾਂ ਦੇ ਕੰਮਾਂ ਦੀ ਯਾਦ ਕਰਾਉਂਦੀ ਰਹੇਗੀ ਅਤੇ ਇੱਕ ਸੱਚੇ ਸਮਾਜਸੇਵੀ ਦੇ ਨਮੂਨੇ ਵਜੋਂ ਆਉਣ ਵਾਲੇ ਸਮਿਆਂ ਵਿੱਚ ਪ੍ਰੇਰਨਾ ਦਾ ਸਰੋਤ ਬਣੇ ਰਹਿਣਗੇ.
Thursday, May 13, 2010
Com. Gurmel Hoonjan was among the gems
There is always something you can not forget. You have to carry the burden throughout your life. When I joined the communist movement in the early seventies it was a bliss to work for the social revolution in the leadership of S A Dange and his comrades. There were many who joined the movement for political clarity and it was the luckiest moment in my life to have some very beautiful persons co travelers .But the unluckiest thing was to loose those very comrades in the battle against terrorism in Punjab during the eighties and early nineties in the period of about a decade. Among them were Arjun Singh Mastana, Darshan Singh Canadian , Sumit Preetladi, Deepak Dhavan ,Gurmel Hoonjan, Dr.Ravinder Ravi and Harpal Khokhar.The last three were the intimate one. It was a big loss, an irreparable one. Twenty years have gone since then. There is not a single day in my life after that without remembering them. They were inseparable part of my life and with there leaving I felt myself as a handicap struggling to integrate my sorry state. Somehow I managed to survive the blow and it is my mode of life since then to pay tribute everyday to my dear comrades who gave their life without giving an inch to the prevailing threat.Com. Gurmel Hoonjan was assassinated exactly twenty one years ago. All those who know him can never forget him raising the slogan “Na Hindu Raj Na Khalistan, Jug Jug Jive Hindustan”, defending the Dange line of unity and struggle unflinchingly. I too vividly remember the day when we visited his village ,Pandher Khedi after his assassination along with com. Mohit Sen . It has been narrated in Mohit's autobiography.Really he was among the gems produced by our liberation movement.The memory of such comrades needs to be carried on for the future generation.