Tuesday, February 8, 2011

ਲੋਕ ਚਿੰਤਕ ਬਾਬਾ ਸੁਰਜੀ


ਛੋਟੀ ਉਮਰੇ ਹੀ ਸਾਨੂੰ ਕਥਾ ਕਹਾਣੀਆਂ ਦਾ ਚਸਕਾ ਪੈ ਗਿਆ ਸੀ. ਹੱਲਿਆਂ ਨੂੰ ਅਜੇ ਦੱਸ ਸਾਲ ਵੀ ਨਹੀਂ ਸੀ ਹੋਏ ਜਦੋਂ ਲੋਕ ਸਾਹਿਤ ਦੇ ਬੇਮੁਹਾਰ ਵਹਾ ਵਿੱਚ ਟੁਭੀਆਂ ਲਾਉਣ ਦੌਰਾਨ ਪੁੰਗਰੇ ਰਸੀਲੇ ਅਹਿਸਾਸ ਇੱਕ ਸਦੀਵੀ ਰੂਹਾਨੀ ਭੁੱਖ ਵਿੱਚ ਵੱਟ ਗਏ ਅਤੇ ਅਸੀਂ ਤਿੰਨ ਜਣੇ(ਮੈਂ ,ਮੇਰਾ ਵੱਡਾ ਭਰਾ ਸੁਖਦੇਵ ਅਤੇ ਸਾਡਾ ਦੋਸਤ ਸਾਂਝਾ ਦੋਸਤ ਅਤੇ ਮੇਰਾ ਹਾਣੀ ਟਹਿਲ ਸਿੰਘ) ਕਿਸੇ ਬਾਤਾਂ ਦੇ ਖਜਾਨੇ ਦੀ ਭਾਲ ਵਿੱਚ ਉਵੇਂ ਨਿਕਲਣ ਲੱਗ ਪਏ ਸਾਂ ਜਿਵੇਂ ਅਸੀਂ ਪਿੰਡ ਨਾਲ ਅਨਿਖੜ ਤੌਰ ਤੇ ਜੁੜੀ ਨਹਿਰ ਦੇ ਜੰਗਲ ਵਿੱਚ ਜੰਗਲੀ ਬੇਰਾਂ ਦੀ ਟੋਲ ਵਿੱਚ ਨਿਕਲਿਆ ਕਰਦੇ ਸਾਂ.

ਮੇਰੇ ਦੋਸਤ ਟਹਿਲੇ ਦਾ ਸੁਣੀ ਬਾਤ ਨੂੰ ਅੱਗੇ ਸੁਣਾਉਣ ਦਾ ਗੁਣ ਸਾਡੇ ਲਈ ਬਹੁਤ ਲਾਭਦਾਇਕ ਸਾਬਤ ਹੋਇਆ ਕਿਉਂਕਿ ਉਹ ਰਾਤ ਨੂੰ ਆਪਣੇ ਬਾਬੇ ਸੁਰਜਣ ਸਿੰਘ ਕੋਲੋਂ ਮਹਾਂਭਾਰਤ ਲੈਂਦਾ ਤੇ ਅਗਲੀ ਸਵੇਰ ਜਦੋਂ ਵੀ ਬਾਲ ਖੇਡਾਂ ਖੇਡਦੇ ਖੇਡਦੇ ਮੌਕਾ ਮਿਲਦਾ ਉਹ ਰਾਤੀਂ ਸੁਣੀ ਕਿਸਤ ਸਾਨੂੰ ਸੁਣਾ ਦਿੰਦਾ. ਇਉਂ ਹਿੰਦੁਸਤਾਨ ਦੀ ਅਮੀਰ ਪਰੰਪਰਾ ਵਿੱਚ ਪਏ ਖਜਾਨੇ ਬਹੁਤ ਅਸਾਨ ਜਿਹੇ ਚੈਨਲਾਂ ਰਹੀ ਸਾਡੇ ਬੌਧਿਕ ਜੀਵਨ ਦਾ ਅੰਗ ਬਣਦੇ ਜਾ ਰਹੇ ਸਨ ਅਤੇ ਬਾਲ ਮਨ ਦੀ ਕੋਰੀ ਕੈਨਵਸ ਤੇ ਬਣੇ ਮਹਾਂਕਾਵਿਕ ਚਿਤਰਾਂ ਦੀ ਕੀਮਿਆਗਰੀ ਦੀ ਖੁਤਖੁਤੀ ਜੀਵਨ ਦੇ ਅਭੁੱਲ ਪਲਾਂ ਲਈ ਰਾਖਵਾਂ ਸਭ ਤੋਂ ਅਹਿਮ ਖੂੰਜਾ ਮੱਲ ਕੇ ਬੈਠ ਗਈ –ਸਾਡੀ ਕੰਧ ਸਾਂਝੀ ਸੀ ਅਤੇ ਫਿਰਨੀ ਵਾਲੇ ਪਾਸੇ ਵੱਡੇ ਦਰਵਾਜਿਆਂ ਦੇ ਸਾਹਮਣੇ ਪੀਰੂ ਕਿਆਂ ਦਾ ਬਾਗ ਸੀ. ਪੀਰੂ ਦੇ ਤਿੰਨ ਮੁੰਡਿਆਂ ਵਿੱਚੋਂ ਇਕੱਲਾ ਸੁਰਜੀ ਹੀ ਸੀ ਜਿਸ ਨੇ ਲੋਕ ਯਾਨ ਦੇ ਸਹਿਜ ਸਕੂਲ ਵਿੱਚੋਂ ਚਿੰਤਨਸ਼ੀਲ ਸ਼ਖਸੀਅਤ ਦਾ ਨਿਰਮਾਣ ਕਰ ਲਿਆ ਸੀ . ਉਹਦੀ ਦਿੱਖ ਕਿਸਾਨੀ ਹੀ ਸੀ -ਪਤਲੀ ਇਕਹਿਰੇ ਸਰੀਰ ਦੀ ਮਾਲਕ . ਸੁਰਜੀ ਬਾਬਾ ਵਿੜਵੇਂ ਜਿਹੇ ਲੜਾਂ ਵਾਲੀ ਚਿੱਟੀ ਪੱਗ ਬੰਨਦਾ ਜਿਸ ਦੀ ਪਛਾਣ ਉਦੋਂ ਬੰਗਾਲ ਤੋਂ ਲੈ ਕੇ ਤੁਰਕੀ ਤੱਕ ਫੈਲੀ ਹੋਈ ਸੀ ਤੇ ਪਿੰਡ ਦੇ ਇਸ ਉਪ ਮਹਾਂਦੀਪੀ ਮਿੱਸੇ ਸਭਿਆਚਾਰ ਦੇ ਟਿਪੀਕਲ ਪੰਜਾਬੀ ਬਾਬੇ ਦੀ ਸ਼ਖਸੀਅਤ ਦੀ ਦੂਸਰੀ ਅਹਿਮ ਅਲਾਮਤ ਸੀ - ਉਹਦਾ ਹੁੱਕਾ , ਜੋ ਹਮੇਸ਼ਾ ਉਨ੍ਹਾਂ ਦੇ ਡੰਗਰਾਂ ਵਾਲੇ ਘਰ ਪਿਆ ਹੁੰਦਾ ਜਿਥੇ ਛੱਤ ਦੀਆਂ ਛਤੀਰੀਆਂ ਤੇ ਕਬੂਤਰਾਂ ਦੇ ਬਸੇਰਿਆਂ ਵਿਚੋਂ ਦਿਲ ਪਲੋਸਵੀਂ ਜਿਹੀ ਗੁਟਕੂੰ ਗੁਟਕੂੰ ਸੁਹੱਪਣ ਦਾ ਇੱਕ ਅਕਹਿ ਮਾਹੌਲ ਰਚ ਰਹੀ ਹੁੰਦੀ .... ਅਸੀਂ ਆਪਣਾ ਪਹਿਲਾ ਦਹਾਕਾ ਪਾਰ ਕਰਨ ਵੱਲ ਪ੍ਰਵਾਹਿਤ ਸੀ ਤੇ ਬਾਬਾ ਸੁਰਜੀ ਨੇ ਆਪਣੇ ਜੀਵਨ ਦੀ ਅਧੀ ਸਦੀ ਕਦੋਂ ਦੀ ਪਾਰ ਕਰ ਲਈ ਹੋਣੀ ਹੈ. .ਉਹਦੀ ਆਵਾਜ਼ ਵਿੱਚਲਾ ਠਹਿਰਾਉ ਅਤੇ ਰੋਹਬ ਵਿੱਚ ਰਚੀਮਿਚੀ ਅਜੀਬ ਜਿਹੀ ਮਿਠਾਸ ਅਕਸਰ ਇਹ ਅਹਿਸਾਸ ਕਰਾ ਜਾਂਦੀ ਕਿ ਅਸੀਂ ਕਿਸੇ ਅਹਿਮ ਵਕੂਫ ਬਜੁਰਗ ਦੀ ਸੰਗਤ ਵਿੱਚ ਵਿਚਰ ਰਹੇ ਹਾਂ . ਉਹਦੀਆਂ ਗੱਲਾਂ ਸੁਣਨ ਵਿੱਚ ਬਹੁਤ ਮਜਾ ਆਉਂਦਾ. ਗਿਆਨੀ ਮਿਹਰ ਸਿੰਘ ਤੋਂ ਬਾਅਦ ਮੇਰੇ ਬਚਪਨ ਦੀ ਦੁਨੀਆਂ ਦਾ ਕੋਈ ਹੋਰ ਵਸਿੰਦਾ ਉਸ ਜਿੰਨਾ ਗੰਭੀਰ ਤੇ ਡੂੰਘਾ ਨਹੀਂ ਸੀ.

ਬਾਬੇ ਨਾਲ ਕਈ ਵਾਰ ਬਹਿਸ ਹੋ ਜਾਂਦੀ . ਬਹੁਤ ਵਾਰ ਆਤਮਾ ਤੇ ਸਰੀਰ ਦੇ ਸੰਬੰਧਾਂ ਬਾਰੇ ਸਦੀਵੀ ਦਾਰਸ਼ਨਿਕ ਸਵਾਲ ਸਾਡੀ ਚਰਚਾ ਦਾ ਵਿਸ਼ਾ ਹੁੰਦੇ. ਰੱਬ ਦੀ ਹੋਂਦ ਬਾਰੇ ਵੀ ਵਿਵਾਦ ਛਿੜ ਪੈਂਦਾ. ਪਤਾ ਨਹੀਂ ਕਿਵੇਂ ਨਾਸਤਿਕ ਦ੍ਰਿਸ਼ਟੀਕੋਣ ਬਾਲ ਉਮਰੇ ਹੀ ਮੇਰੀ ਸੋਝੀ ਵਿੱਚ ਪ੍ਰਵੇਸ਼ ਕਰ ਗਿਆ ਸੀ ਮੈਂ ਬਾਬੇ ਨਾਲ ਉਲਝ ਪੈਣਾ. ਰੱਬ ਦੇ ਹੱਕ ਵਿੱਚ ਸੁਰਜੀ ਬਾਬਾ ਕਿਸੇ ਅੰਧ ਵਿਸ਼ਵਾਸ਼ ਦੇ ਨਹੀਂ ਸਗੋਂ ਆਪਣੇ ਤਰਕ ਦੇ ਅਧਾਰ ਤੇ ਕਾਇਲ ਸੀ. ਬਾਬੇ ਨੇ ਕਹਿਣਾ, ਇਹ ਜਿਹੜੀ ਮੈਂ ਤੇਰੇ ਅੰਦਰ ਬੋਲਦੀ ਹੈ ਇਹ ਕੀ ਹੈ ..ਇਹ ਕਿਥੋਂ ਆ ਗਈ ਜੇ ਰੱਬ ਨਹੀਂ ਹੈ ਤਾਂ?

ਇਹੋ ਜਿਹੇ ਕੁਝ ਬੁਨਿਆਦੀ ਦਾਰਸ਼ਨਿਕ ਸਵਾਲ ਬਾਬੇ ਨੇ ਅਚੇਤ ਹੀ ਮੇਰੇ ਅੰਦਰ ਰੋਪ ਦਿੱਤੇ ਤੇ ਇਹ ਦਿਨ ਬਦਿਨ ਨਵੇਂ ਨਵੇਂ ਟੂਸੇ ਕਢਣ ਲੱਗੇ ਤੇ ਮੈਂ ਉਮਰ ਭਰ ਲਈ ਦਰਸ਼ਨ ਦਾ ਵਿਦਿਆਰਥੀ ਬਣ ਗਿਆ .ਕਥਾ ਕਹਾਣੀਆਂ ਦੇ ਇਲਾਵਾ ਫਲਸਫੇ ਦੀਆਂ ਕਿਤਾਬਾਂ ਨੂੰ ਪੜ੍ਹ ਕੇ ਮਾਨਣ ਦੀ ਮੇਰੀ ਯੋਗਤਾ ਦੇ ਵਿਕਾਸ ਵਿੱਚ ਲਿਖਤੀ ਸਭਿਆਚਾਰ ਤੋਂ ਉੱਕਾ ਅਨਜਾਣ ਪਰ ਜਬਾਨੀ ਸਭਿਆਚਾਰ ਦੇ ਚੰਗੇ ਪ੍ਰਵਾਨ ਚੜੇ ਚਿੰਤਕ ਬਾਬਾ ਸੁਰਜੀ ਦੀ ਦੇਣ ਮੈਨੂੰ ਕਦੇ ਨਹੀਂ ਭੁੱਲ ਸਕਦੀ . ਅੱਗੇ ਜਾ ਕੇ ਯੂਨਿਵਰਸਿਟੀ ਦੇ ਜ਼ਮਾਨੇ ਵਿੱਚ ਜਦੋਂ ਮੈਂ ਪੰਜਾਬੀ ਦੀ ਐਮ ਏ ਆਨਰਜ਼ ਕਰਦਿਆਂ ਕਠੋ ਉਪਨਿਸ਼ਦ ਦਾ ਅਧਿਅਨ ਕਰ ਰਿਹਾ ਸੀ ਤਾਂ ਬਾਬੇ ਸੁਰਜੀ ਦਾ ਇੱਕ ਨਵਾਂ ਰੂਪ ਮੈਨੂੰ ਨਜ਼ਰੀਂ ਆਉਣ ਲੱਗਾ. ਮੈਨੂੰ ਉਹ ਮੇਰੀਆਂ ਸਿਧਾਂਤਕ ਰੁਚੀਆਂ ਦੇ ਪਾਲਣਹਾਰ ਵਜੋਂ ਹੋਰ ਵੀ ਵਧੇਰੇ ਅਹਿਮ ਲੱਗਣ ਲੱਗ ਪਿਆ.

ਅੱਜ ਜਦੋਂ ਮੈਂ ਸਠਵਿਆਂ ਦੌਰਾਨ ਸਾਡੀ ਬੀਹੀ ਵਿੱਚ ਵਗਦੇ ਭਾਂਤ ਭਾਂਤ ਦੇ ਜਬਾਨੀ ਗਿਆਨ ਦੇ ਦਰਿਆ ਚੇਤੇ ਕਰਦਾ ਹਾਂ ਤਾਂ ਬੇਹੱਦ ਹੈਰਾਨ ਹੁੰਦਾ ਹਾਂ ਕਿ ਕਿਵੇਂ ਉਸ ਮਾਹੌਲ ਵਿੱਚ ਵੀ ਜਦੋਂ ਕੋਈ ਟਾਵਾਂ ਟਾਵਾਂ ਅੱਖਰ ਗਿਆਨ ਤੋਂ ਜਾਣੁੰ ਸੀ ਵੇਦਾਂਤੀ ਵਹਿਦਤ ਦੇ ਗੂੜ ਪ੍ਰਬਚਨ ਸਾਡਾ ਬੌਧਿਕ ਪਾਲਣ ਪੋਸ਼ਣ ਕਰ ਰਹੇ ਸਨ ਹਾਲਾਂਕਿ ਇਸ ਪਿੰਡ ਨੂੰ ਹੱਲਿਆਂ ਨੇ ਐਸਾ ਫੱਟ ਲਾਇਆ ਸੀ ਕਿ ਇਹ ਆਪਣੀ ਨਾ ਜਾਣੇ ਕਿੰਨੀ ਸਭਿਆਚਾਰਕ ਦੌਲਤ ਤੋਂ ਵਾਂਝਾ ਹੋ ਗਿਆ ਸੀ.ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਹੈ ਇਸ ਘਾਟੇ ਦਾ ਅਹਿਸਾਸ ਹੋਰ ਫੈਲਦਾ ਜਾ ਰਿਹਾ ਹੈ.