Thursday, November 25, 2010

ਨਿੱਕੀ ਕਾਲੀ ਮੱਛੀ (ਕਹਾਣੀ )-ਸਮਦ ਬਹਿਰੰਗੀ


(ਸਮਦ ਬਹਿਰੰਗੀ ਦੀ ਫਾਰਸੀ ਕਹਾਣੀ ਦਾ ਅਰੰਭਕ ਹਿਸਾ )

ਇਹ ਸਰਦੀ ਸ਼ੁਰੂ ਹੋਣ ਤੋਂ ਪਹਿਲੀ ਸਭ ਤੋਂ ਲੰਮੀ ਰਾਤ ਸੀ . ਸਮੁੰਦਰ ਦੇ ਹੇਠਾਂ ਇੱਕ ਬੁੜ੍ਹੀ ਮੱਛੀ ਨੇ ਆਪਣੇ ਬਾਰਾਂ ਹਜਾਰ ਬੱਚੇ ਅਤੇ ਬਚਿਆਂ ਦੇ ਬੱਚੇ ਆਪਣੇ ਗਿਰਦ ਬਿਠਾ ਲਏ ਅਤੇ ਉਹਨਾਂ ਨੂੰ ਇੱਕ ਬਾਤ ਸੁਨਾਉਣੀ ਸੁਰੂ ਕਰ ਦਿੱਤੀ :

ਇੱਕ ਵਾਰ ਦੀ ਗੱਲ ਹੈ ਇੱਕ ਛੋਟੀ ਸ਼ਿਆਹ ਮੱਛੀ ਇੱਕ ਨਦੀ ਵਿੱਚ ਆਪਣੀ ਮਾਂ ਦੇ ਨਾਲ ਰਹਿੰਦੀ ਸੀ. ਇਹ ਨਦੀ ਇੱਕ ਪਹਾੜ ਦੀਆਂ ਚਟਾਨਾਂ ਦੀਆਂ ਦੀਵਾਰਾਂ ਵਿਚੋਂ ਬਾਹਰ ਨਿਕਲ ਕੇ ਇੱਕ ਘਾਟੀ ਦੇ ਵਿਚੋਂ ਦੀ ਵਗਦੀ ਸੀ . ਉਨ੍ਹਾਂ ਦਾ ਘਰ ਇੱਕ ਕਾਲੀ ਕਾਈ ਨਾਲ ਲਿਪੀ ਚੱਟਾਨ ਦੇ ਪਿੱਛੇ ਸੀ , ਜਿਸਦੇ ਥੱਲੇ ਉਹ ਦੋਨੋਂ ਜਣੇ ਰਾਤ ਨੂੰ ਸੋ ਜਾਇਆ ਕਰਦੇ ਸੀ . ਛੋਟੀ ਮੱਛੀ ਦੀ ਆਪਣੇ ਘਰ ਵਿੱਚ ਬਸ ਇੱਕ ਵਾਰ ਚੰਨ ਚਾਨਣੀ ਵੇਖਣ ਦੀ ਹਸਰਤ ਸੀ .
ਸਵੇਰ ਤੋਂ ਲੈ ਕੇ ਸ਼ਾਮ ਤੱਕ , ਮਾਂ ਅਤੇ ਬੱਚਾ ਇੱਕ ਦੂਜੇ ਦੇ ਮਗਰ ਤੈਰਦੇ ਰਹਿੰਦੇ . ਕਦੇ ਕਦੇ ਉਹ ਦੂਜੀਆਂ ਮੱਛੀਆਂ ਵਿੱਚ ਵੀ ਸ਼ਾਮਿਲ ਹੋ ਜਾਂਦੇ ਅਤੇ ਤੇਜੀ ਨਾਲ ਭੀੜੀਆਂ ਜਗ੍ਹਾਵਾਂ ਵਿਚੋਂ ਪਾਰ ਨਿਕਲ ਜਾਂਦੇ. ਛੋਟੀ ਮੱਛੀ ਬਸ ਇੱਕੋ ਇੱਕ ਬੱਚਾ ਸੀ . 10 , 000 ਆਂਡੇ ਜੋ ਉਹਦੀ ਮਾਂ ਨੇ ਦਿੱਤੇ ਸੀ ,ਉਹਨਾਂ ਵਿਚੋਂ ਕੇਵਲ ਉਹੀ ਇੱਕਲਾ ਸਾਲਮ ਬਚਿਆ ਸੀ .

ਕਈ ਦਿਨਾਂ ਤੋਂ ਛੋਟੀ ਮੱਛੀ ਡੂੰਘੀ ਸੋਚ ਵਿੱਚ ਮਗਨ ਸੀ ਅਤੇ ਉਹਨੇ ਬਹੁਤ ਘੱਟ ਗੱਲ ਕੀਤੀ ਸੀ , ਲੇਕਿਨ ਨਜ਼ਦੀਕ ਵਾਲੇ ਕਿਨਾਰੇ ਤੋਂ ਦੂਰ ਵਾਲੇ ਤਕ ਸੁਸਤੀ ਅਤੇ ਉਦਾਸੀਨਤਾ ਨਾਲ ਕਦੇ ਚਲੀ ਜਾਂਦੀ ਕਦੇ ਆ ਜਾਂਦੀ . ਅਕਸਰ ਉਹ ਆਪਣੀ ਮਾਂ ਤੋਂ ਪਿਛੇ ਰਹਿ ਜਾਂਦੀ. ਮੱਛੀ ਦੀ ਮਾਂ ਨੇ ਸੋਚਿਆ ਕਿ ਉਸਦਾ ਬੱਚਾ ਬੀਮਾਰ ਹੈ ਅਤੇ ਜਲਦੀ ਹੀ ਠੀਕ ਹੋ ਜਾਵੇਗਾ . ਅਸਲ ਵਿੱਚ , ਕਾਲੀ ਮੱਛੀ ਦਾ ਰੋਗ ਹੋਰ ਹੀ ਸੀ !

ਇੱਕ ਦਿਨ ਸਵੇਰੇ ਸਾਝਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਛੋਟੀ ਮੱਛੀ ਨੇ ਮਾਂ ਨੂੰ ਜਗਾਇਆ ਅਤੇ ਕਿਹਾ , " ਮਾਂ , ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦੀ ਹਾਂ."
ਅੱਧਸੁਤੀਜਿਹੀ ਮਾਂ ਨੇ ਕਿਹਾ , "ਮੇਰੇ ਪਿਆਰੇ ਬੱਚੇ , ਇਹ ਗੱਲ ਕਰਨ ਦਾ ਵਕਤ ਨਹੀਂ ਹੈ . ਬਾਅਦ ਲਈ ਆਪਣੇ ਸ਼ਬਦਾਂ ਨੂੰ ਸਾਂਭ ਕੇ ਰੱਖ ਲੈ . ਬਿਹਤਰ ਹੋਵੇਗਾ ਤੂੰ ਤੈਰਨ ਲਈ ਚਲੀ ਜਾ? "

"ਨਹੀਂ , ਮਾਂ , ਮੈਂ ਹੋਰ ਤੈਰ ਨਹੀਂ ਸਕਦੀ . ਮੈਂਨੂੰ ਇਥੋਂ ਚਲੇ ਜਾਣਾ ਚਾਹੀਦਾ ਹੈ."

"ਕੀ ਤੂੰ ਸੱਚਮੁਚ ਚਲੀ ਜਾਣਾ ਹੈ ? "

"ਹਾਂ , ਮਾਂ , ਮੈਂ ਜਰੂਰ ਜਾਣਾ ਹੈ . "

"ਨਾ ਗਲ ਸੁਣ ! ਤੂੰ ਇਸ ਵਕਤ ਸਵੇਰੇ ਸਵੇਰੇ ਕਿੱਥੇ ਜਾਣਾ ਹੈ ? "

"ਮੇਰੀ ਤਮੰਨਾ ਹੈ ਕਿ ਵੇਖਾਂ ਇਹ ਨਦੀ ਕਿੱਥੇ ਖ਼ਤਮ ਹੁੰਦੀ ਹੈ. ਤੈਨੂੰ ਪਤਾ ਹੈ ਮਾਂ , ਮਹੀਨਿਆਂ ਤੋਂ ਮੇਰੀ ਹੈਰਾਨੀ ਵਧਦੀ ਜਾ ਰਹੀ ਹੈ , ਕਿ ਆਖਰ ਇਸ ਨਦੀ ਦਾ ਅੰਤ ਕਿਥੇ ਹੈ , . . . ਮੇਰੇ ਲਈ ਹੋਰ ਕਿਸੇ ਵੀ ਗੱਲ ਬਾਰੇ ਵਿੱਚ ਸੋਚਣਾ ਮੁਹਾਲ ਹੋ ਗਿਆ ਹੈ. ਸਾਰੀ ਰਾਤ ਮੈਂਨੂੰ ਨੀਂਦ ਨਹੀਂ ਆਈ . ਇੱਕ ਪਲ ਲਈ ਵੀ ਮੇਰੀ ਅੱਖ ਨਹੀਂ ਲੱਗੀ . ,ਅੰਤ ਮੈਂ ਫੈਸਲਾ ਕਰ ਲਿਆ ਹੈ ਕਿ ਮੈ ਜਾਣਾ ਹੀ ਹੈ ਅਤੇ ਖੁਦ ਆਪ ਨਦੀ ਦਾ ਸਿਰਾ ਲਭਣਾ ਹੋਵੇਗਾ . ਮੇਰੀ ਖਾਹਿਸ਼ ਹੈ ਪਤਾ ਕਰਾਂ ਕਿ ਹੋਰ ਸਥਾਨਾਂ ਤੇ ਕੀ ਹੋ ਰਿਹਾ ਹੈ . "

ਮਾਂ ਹੱਸ ਪਾਈ , "ਜਦੋਂ ਮੈਂ ਬੱਚਾ ਹੁੰਦੀ ਸੀ , ਮੈਂ ਵੀ ਤੇਰੇ ਵਾਂਗ ਊਟ ਪਟਾਂਗ ਬਹੁਤ ਸੋਚਦੀ ਹੁੰਦੀ ਸੀ . ਲੇਕਿਨ , ਮੇਰੀ ਜਾਨ , ਨਦੀ ਦੀ ਕੋਈ ਸ਼ੁਰੁਆਤ ਨਹੀਂ ਕੋਈ ਅੰਤ ਨਹੀਂ. ਇਹ ਤਾਂ ਬਸ ਉਂਝ ਹੀ ਹੈ . ਇਹ ਬਸ ਵਗਦੀ ਰਹਿੰਦੀ ਹੈ ਅਤੇ ਆਉਂਦੀ ਜਾਂਦੀ ਕਿਤੇ ਨਹੀਂ ."

"ਲੇਕਿਨ ਮੇਰੀ ਪਿਆਰੀ ਮਾਤਾ , ਕੀ ਇਹ ਸੱਚ ਨਹੀਂ ਕਿ ਹਰ ਚੀਜ਼ ਦਾ ਕੋਈ ਅੰਤ ਹੁੰਦਾ ਹੈ ? ਰਾਤਾਂ ਦਾ ਅੰਤ ਹੁੰਦਾ ਹੈ , ਦਿਨਾਂ ਦਾ ਅੰਤ ਹੁੰਦਾ ਹੈ , ਹਫ਼ਤਿਆਂ ਦਾ , ਮਹੀਨਿਆਂ ਦਾ , ਸਾਲਾਂ ਦਾ . . . "

"ਇਹ ਵੱਡੀਆਂ ਵਡੀਆਂ ਫੜ੍ਹਾਂ ਭੁੱਲ ਜਾ ," ਮਾਂ ਨੇ ਟੋਕਿਆ. "ਚੱਲ ਹੁਣ ਤੈਰਨ ਚਲਦੇ ਹਾਂ. ਹੁਣ ਸਮਾਂ ਹੈ ਤੈਰਨ ਦਾ , ਗੱਲਾਂ ਦਾ ਨਹੀਂ. "

"ਨਹੀਂ , ਮਾਂ , ਇਸ ਤੈਰਾਕੀ ਤੋਂ ਮੇਰਾ ਮਨ ਭਰ ਗਿਆ ਹੈ . ਮੇਰੀ ਖਾਹਿਸ਼ ਹੈ ਕਿ ਹੁਣ ਮੈਂ ਜਾਵਾਂ ਤੇ ਪਤਾ ਕਰਾਂ ਕਿ ਹੋਰਨਾ ਥਾਵਾਂ ਤੇ ਕੀ ਹੋ ਰਿਹਾ ਹੈ . ਹੋ ਸਕਦਾ ਹੈ ਕਿ ਤੈਨੂੰ ਲੱਗਦਾ ਹੋਵੇ ਕਿ ਮੈਂਨੂੰ ਕਿਸੇ ਨੇ ਸਿਖਾਇਆ ਹੈ ਲੇਕਿਨ ਮੇਰਾ ਵਿਸ਼ਵਾਸ ਕਰ , ਮੈਂ ਬੜੇ ਚਿਰਾਂ ਤੋਂ ਇਹਨਾਂ ਵਿਚਾਰਾਂ ਵਿੱਚ ਗਰਕ ਹਾਂ . ਬੇਸ਼ੱਕ , ਮੈਂ ਇਧਰੋਂ ਉਧਰੋਂ ਬਹੁਤ ਕੁੱਝ ਸਿੱਖਿਆ ਹੈ . ਉਦਾਹਰਣ ਦੇ ਲਈ , ਮੈਨੂੰ ਪਤਾ ਹੈ ਕਿ ਬਹੁਤੇ ਜਣੇ ਜਦੋਂ ਬੁੜੇ ਹੋ ਜਾਂਦੇ ਹਨ , ਉਹ ਹਰ ਚੀਜ਼ ਦੇ ਬਾਰੇ ਸ਼ਿਕਾਇਤ ਕਰਨ ਲੱਗ ਪੈਂਦੇ ਹਨ . ਮੇਰੀ ਜਾਨਣ ਦੀ ਇਛਾ ਹੈ ਕਿ ਕੀ ਜੀਵਨ ਸਿਰਫ ਇੱਕ ਛੋਟੀ ਸੀ ਜਗ੍ਹਾ ਵਿੱਚ ਉਦੋਂ ਤੱਕ ਚੱਕਰ ਲਗਾਉਂਦੇ ਰਹਿਣਾ ਹੁੰਦਾ ਹੈ ਜਦੋਂ ਤੱਕ ਤੁਸੀ ਬੁੜੇ ਨਹੀਂ ਹੋ ਜਾਂਦੇ ਅਤੇ ਇਸ ਦੇ ਇਲਾਵਾ ਹੋਰ ਕੁੱਝ ਨਹੀਂ ਹੁੰਦਾ , ਜਾਂ ਕਿ ਕੋਈ ਹੋਰ ਤਰੀਕਾ ਵੀ ਹੋ ਸਕਦਾ ਹੈ ਇਸ ਦੁਨੀਆਂ ਵਿੱਚ ਜ਼ਿੰਦਗੀ ਬਤੀਤ ਕਰਨ ਦਾ?"

ਜਦੋਂ ਉਹਨੇ ਗੱਲ ਖਤਮ ਕਰ ਲਈ ਤਾਂ, ਮਾਂ ਨੇ ਕਿਹਾ : ਮੇਰੇ ਪਿਆਰੇ ਬੱਚੇ , ਕੀ ਤੂੰ ਪਾਗਲ ਹੋ ਗਿਆ ? ਦੁਨੀਆਂ . . ਦੁਨੀਆਂ . ਕਿਹੜੀ ਹੈ ਇਹ ਦੂਜੀ ਦੁਨੀਆਂ ! ਦੁਨੀਆ ਠੀਕ ਇਹੀ ਹੈ ਜਿਥੇ ਅਸੀ ਹਾਂ . ਬਸ ਇਹੀ ਹੈ ਜੀਵਨ ਜਿਸ ਰੂਪ ਵਿੱਚ ਅਸੀਂ ਇੱਥੇ ਹਾਂ . . . "

ਉਦੋਂ ਹੀ , ਇੱਕ ਵੱਡੀ ਮੱਛੀ ਉਹਨਾਂ ਦੇ ਘਰ ਦੇ ਕੋਲ ਪੁੱਜੀ ਅਤੇ ਕਿਹਾ : ਗੁਆਂਢਣੇ,ਆਪਣੇ ਬੱਚੇ ਦੇ ਨਾਲ ਕਾਹਦੇ ਬਾਰੇ ਬਹਿਸ ਕਰ ਰਹੀ ਹੈਂ ? ਤੂੰ ਅੱਜ ਤੈਰਨ ਜਾਣ ਦੀ ਯੋਜਨਾ ਹੈ ਜਾਂ ਨਹੀਂ ?

ਆਪਣੇ ਗੁਆਂਢੀ ਦੀ ਅਵਾਜ ਸੁਣਕੇ , ਮਾਂ ਦੇ ਘਰ ਤੋਂ ਬਾਹਰ ਆਈ ਅਤੇ ਕਿਹਾ ," ਭੈੜੀਏ, ਕਿਹੋ ਜਿਹਾ ਜਮਾਨਾ ਆ ਗਿਆ ਹੈ ! ਹੁਣ ਬੱਚੇ ਵੀ ਆਪਣੀ ਮਾਂਵਾਂ ਨੂੰ ਸਿਖਾਉਣ

ਲੱਗੇ ਹਨ ਕਿ ਜਿਓਣਾ ਕਿਵੇਂ ਚਾਹੀਦਾ ਹੈ!"

"ਕੀ ਹੋਇਆ ?" ਗੁਆਂਢੀ ਨੇ ਪੁੱਛਿਆ.

" ਲੈ ਸੁਣ, ਇਸ ਨਿਮਾਣੀ ਜਿਹੀ ਜਿੰਦ ਦੀ ਕਿਥੇ ਕਿਥੇ ਜਾਣ ਦੀ ਤਮੰਨਾ ਹੈ!" ਮਾਂ ਨੇ ਕਿਹਾ . " ਤੇ ਵਾਰ ਵਾਰ ਇਹ ਗਲ ਕਿ ਮੈਂ ਤਾਂ ਬਸ ਜਾਣਾ ਹੈ ਤੇ ਵੇਖਣਾ ਹੈ ਕਿ ਦੁਨੀਆ ਵਿੱਚ ਕੀ ਚੱਲ ਰਿਹਾ ਹੈ . ਕਿੱਡੀਆਂ ਵਡੀਆਂ ਵਡੀਆਂ ਗਲਾਂ ! "

"
ਬੱਚੂਆ," ਗੁਆਂਢੀ ਨੇ ਕਿਹਾ ."ਲੈ ਵੇਖਾਂ, ਤੂੰ ਕਦੋਂ ਤੋਂ ਵਿਦਵਾਨ ਅਤੇ ਦਾਰਸ਼ਨਕ ਬਣ ਗਿਆ ਤੇ ਸਾਨੂੰ ਭਿਣਕ ਤਕ ਨਹੀਂ ? "

"
ਮੈਡਮ, " ਛੋਟੀ ਮੱਛੀ ਨੇ ਜਵਾਬ ਦਿੱਤਾ , " ਮੈਂਨੂੰ ਨਹੀਂ ਪਤਾ ਕਿ ਵਿਦਵਾਨ ਅਤੇ ਦਾਰਸ਼ਨਕ ਤੋਂ ਤੁਹਾਡਾ ਕੀ ਮਤਲੱਬ ਹੈ , ਮੈਂ ਤਾਂ ਬਸ ਐਥੇ ਹੀ ਇਸ ਰੋਜ਼ ਰੋਜ਼ ਤੈਰਦੇ ਰਹਿਣ ਦੇ ਕੰਮ ਤੋਂ ਥੱਕ ਗਿਆ ਹਾਂ . ਮੈਂ ਨਹੀਂ ਚਾਹੁੰਦਾ ਇਸ ਅਕਾਊ ਕੰਮ ਨੂੰ ਜਾਰੀ ਰਖਾਂ ਅਤੇ ਮੂਰਖਾਂ ਵਾਂਗ ਪਰਚਿਆ ਰਵਾਂ ਤੇ ਅਚਾਨਕ ਇੱਕ ਦਿਨ ਮੇਰੀ ਜਾਗ ਖੁਲੇ ਤਾਂ ਵੇਖਾਂ ਕਿ ਤੁਹਾਡੇ ਸਭਨਾ ਦੀ ਤਰ੍ਹਾਂ , ਮੈਂ ਵੀ ਬੁੱਢਾ ਹੋ ਗਿਆ ਹਾਂ , ਲੇਕਿਨ ਹਾਂ ਉਹੀ ਘੁਗੂ ਦਾ ਘੁਗੂ ਜਿਹੋ ਜਿਹਾ ਅੱਜ ਹਾਂ. "

"
ਹਾਏ , ਐਡੀਆਂ ਐਡੀਆਂ ਗੱਲਾਂ !" ਹੈਰਾਨ ਪਰੇਸ਼ਾਨ ਗੁਆਂਢੀ ਨੇ ਕਿਹਾ .

"
ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰਾ ਇੱਕੋ ਬੱਚਾ ਇਸ ਤਰ੍ਹਾਂ ਨਿਕਲੂਗਾ," ਮਾਂ ਨੇ ਕਿਹਾ . " ਪਤਾ ਨਹੀਂ ਕਿਸ ਭੈੜੇ ਆਦਮੀ ਨੇ ਮੇਰੇ ਪਿਆਰੇ ਬੱਚੇ ਨੂੰ ਇਹ ਪੁਠੀ ਮੱਤ ਦੇ ਦਿੱਤੀ ਹੈ."

"
ਮੈਨੂੰ ਕਿਸੇ ਨੇ ਪੁਠੀ ਮੱਤ ਨਹੀਂ ਦਿੱਤੀ ," ਛੋਟੀ ਮੱਛੀ ਨੇ ਕਿਹਾ . " ਮੇਰੇ ਕੋਲਬੁਧੀ ਹੈ , ਅਤੇ ਅਕਲ ਤੇ ਹੋਸ਼ ਹੈ ਤੇ ਮੈਂ ਸਮਝ ਸਕਦਾ ਹਾਂ ਅਤੇ ਮੇਰੇ ਕੋਲ ਅੱਖਾਂ ਹਨ ਅਤੇ ਮੈਂ ਵੇਖ ਸਕਦਾ ਹਾਂ ."

"
ਦੀਦੀ ," ਗੁਆਂਢਣ ਨੇ ਛੋਟੀ ਮੱਛੀ ਦੀ ਮਾਂ ਨੂੰ ਕਿਹਾ , " ਤੈਨੂੰ ਯਾਦ ਹੈ ਉਹ ਵਿੰਗੀ ਪੂਛ ਵਾਲਾ ਘੋਗਾ ? "

"
ਹਾਂ , ਤੂੰ ਠੀਕ ਕਹਿਨੀਂ ਹੈਂ ," ਮਾਂ ਨੇ ਕਿਹਾ ." ਉਹ ਮੇਰੇ ਬੱਚੇ ਨਾਲ ਖਹਿੰਦਾ ਹੁੰਦਾ ਸੀ . ਰੱਬ ਦੇਖਦੈ ਹੁਣ ਮੈਂ ਦੇਵਾਂਗੀ ਉਸ ਨੂੰ ਧਨੇਸੜੀ ! "

"
ਬਸ , ਮਾਂ ,ਬਸ ," ਛੋਟੀ ਮੱਛੀ ਨੇ ਕਿਹਾ ." ਉਹ ਮੇਰਾ ਦੋਸਤ ਹੈ."

"
ਮੱਛੀ ਅਤੇ ਘੋਗੇ ਦੇ ਵਿੱਚ ਦੋਸਤੀ!" ਮਾਂ ਨੇ ਕਿਹਾ . " ਮੈਂ ਤਾਂ ਕਦੇ ਐਸੀ ਗੱਲ ਬਾਰੇ ਨਹੀਂ ਸੁਣਿਆ !"
"
ਮੈਂ ਕਦੇ ਇਹ ਵੀ ਨਹੀਂ ਸੁਣਿਆ ਕਿ ਮਛੀ ਤੇ ਘੋਗੇ ਵਿੱਚ ਦੁਸ਼ਮਣੀ ਹੁੰਦੀ ਹੈ . ਲੇਕਿਨ ਤੁਸੀਂ ਸਭ ਨੇ ਮਿਲ ਕੇ ਉਸ ਗਰੀਬ ਨੂੰ ਡੁੱਬੋ ਦਿੱਤਾ."

"
ਪੁਰਾਣੀਆਂ ਗਲਾਂ ਨਾ ਛੇੜ," ਗੁਆਂਢਣ ਨੇ ਕਿਹਾ .

"
ਤੁਸੀਂ ਆਪ ਹੀ ਤਾਂ ਗੱਲ ਛੇੜੀ ਹੈ ," ਛੋਟੀ ਮੱਛੀ ਨੇ ਕਿਹਾ .

"
ਉਸਨੂੰ ਮਾਰ ਮੁਕਾਇਆ ਠੀਕ ਹੀ ਕੀਤਾ , " ਮਾਂ ਨੇ ਕਿਹਾ . " ਕੀ ਤੁਸੀ ਭੁੱਲ ਗਏ ਉਹ ਗੱਲਾਂ ਜਿਹੜੀਆਂ ਉਹ ਹਰ ਜਗ੍ਹਾ ਛੇੜਦਾ ਹੁੰਦਾ ਸੀ ?"

"
ਤਾਂ ਫਿਰ , " ਛੋਟੀ ਮੱਛੀ ਨੇ ਕਿਹਾ , " ਮੈਨੂੰ ਵੀ ਮਾਰ ਦਿਓ ਕਿਓਂ ਜੋ ਮੈਂ ਵੀ ਤਾਂ ਉਹੀ ਗੱਲਾਂ ਕਹਿ ਰਿਹਾ ਹਾਂ ."

ਲੰਮੀ ਕਹਾਣੀ ਨੂੰ ਛੋਟੀ ਕਰੀਏ , ਬਹਿਸ ਦੀ ਅਵਾਜ ਨੇ ਦੂਜੀਆਂ ਮੱਛੀਆਂ ਨੂੰ ਆਕਰਸ਼ਤ ਕੀਤਾ . ਛੋਟੀ ਮੱਛੀ ਦੀਆਂ ਗੱਲਾਂ ਸੁਣ ਸਭ ਲੋਕ ਨਰਾਜ ਹੋ ਗਏ . ਇੱਕ ਬੋਬੋ ਮੱਛੀ ਨੇ ਪੁੱਛਿਆ , "ਕੀ ਤੈਨੂੰ ਲੱਗਦਾ ਹੈ ਕਿ ਅਸੀ ਤੇਰੇ ਤੇ ਤਰਸ ਕਰਾਂਗੇ ?"

"
ਇਹਨੂੰ ਸਿਰਫ ਕੰਨ ਤੇ ਇੱਕ ਘਸੁੰਨ ਦੀ ਜਰੂਰਤ ਹੈ," ਇੱਕ ਹੋਰ ਨੇ ਕਿਹਾ .

"
ਚਲੇ ਜਾਓ ਸਾਰੇ ," ਕਾਲੀ ਮੱਛੀ ਦੀ ਮਾਂ ਨੇ ਕਿਹਾ . " ਮੇਰੇ ਬੱਚੇ ਨੂੰ ਮੈਂ ਛੂਹਣ ਨਹੀਂ ਦੇਣਾ ."

ਉਨ੍ਹਾਂ ਵਿਚੋਂ ਇੱਕ ਨੇ ਕਿਹਾ , " ਮੈਡਮ , ਜੇਕਰ ਤੁਸੀ ਆਪਣੇ ਬੱਚੇ ਨੂੰ ਠੀਕ ਢੰਗ ਤੋਂ ਪਾਲੋਗੇ ਨਹੀਂ , ਤਾਂ ਇਸਨੂੰ ਸਜਾ ਮਿਲਣ ਦੀ ਉਮੀਦ ਤਾਂ ਕਰਨੀ ਹੀ ਹੋਵੇਗੀ. "
(ਚਲਦਾ)