Sunday, May 23, 2010

ਹਰਪਾਲ ਘੱਗਾ ਦੀ ਅਹਿਮੀਅਤ ਦੇ ਕੁਝ ਪੱਖ


ਹਰਪਾਲ ਘੱਗਾ ਦੇ ਸਰਧਾਂਜਲੀ ਸਮਾਗਮ ਤੇ ਕੁਝ ਗੱਲਾਂ ਜੋ ਉਭਰ ਕੇ ਸਾਹਮਣੇ ਆਈਆਂ :
ਹਰਪਾਲ ਘੱਗਾ ਨੇ ਆਪਣਾ ਜੀਵਨ ਭਰ ਜਵਾਨੀ ਵਿੱਚ ਹੀ ਸਮਾਜੀ ਤਬਦੀਲੀ ਦੀ ਲਹਿਰ ਲਈ ਸਮਰਪਿਤ ਕਰ ਦਿੱਤਾ ਸੀ ਤੇ ਤਾ ਉਮਰ ਆਪਣੇ ਸੰਕਲਪ ਤੇ ਕਾਇਮ ਰਹੇ ਤੇ ਆਪਣੇ ਆਦਰਸ਼ਾਂ ਦੀ ਚੋਣ ਤੇ ਕਦੇ ਝੋਰਾ ਨਹੀਂ ਕੀਤਾ.
ਦੋ ਦਹਾਕੇ ਪਹਿਲਾਂ ਸਮਾਜਵਾਦੀ ਨਜ਼ਾਮ ਦੇ ਗਿਰਨ ਤੋਂ ਬਾਅਦ ਦੀ ਨਿਰਾਸਾ ਭਰੀ ਸਥਿਤੀ ਵਿੱਚ ਵੀ ਉਸ ਨੇ ਢਾਹੂ ਗੱਲਾਂ ਕਰਨ ਦੀ ਬਜਾਏ ਸਗੋਂ ਹੋਰ ਵੀ ਦ੍ਰਿੜ੍ਹਤਾ ਨਾਲ ਸਮਾਜ ਸੇਵਾ ਕਰਨ ਦਾ ਤਹਈਆ ਕਰ ਲਿਆ ਅਤੇ ਇਸ ਤਰ੍ਹਾਂ ਸਮਾਜਵਾਦ ਦੇ ਆਪਣੇ ਆਦਰਸ
ਦਾ ਵਕਾਰ ਆਪਣੇ ਪ੍ਰਭਾਵ ਖੇਤਰ ਵਿੱਚ ਬਣਾਈ ਰਖਿਆ ਅਤੇ ਪਖੰਡੀ ਸਮਾਜ ਸੇਵਾ ਦੀ ਥਾਂ ਸੱਚੀ ਸਮਾਜ ਸੇਵਾ ਦੀ ਸੰਭਾਵਨਾ ਅਤੇ ਸਮਰਥਾ ਸਾਹਮਣੇ ਲਿਆਂਦੀ.
ਜਦੋਂ ਚੂਹੇ ਦੌੜ ਸਭ ਹੱਦਾਂ ਬੰਨੇ ਟੱਪਦੀ ਜਾਂਦੀ ਸੀ ਸਮਾਜ ਦੇ ਰਹਿਬਰਾਂ ਦਾ ੯੭-੯੮ ਫੀ ਸਦੀ ਹਿਸਾ ਅਨੈਤਿਕ ਅਮਲਾਂ ਵਿੱਚ ਗਰਕ ਗਿਆ ਸਭ ਪਾਸੇ ਉਜਾੜ ਹੀ ਉਜਾੜ ਨਜਰ ਆ ਰਿਹਾ ਸੀ ,ਕੋਈ ਕੋਈ ਹਰਿਆ ਬੂਟ ਬਾਕੀ ਰਹੀ ਗਿਆ ਸੀ ਤਾਂ ਹਰਪਾਲ ਘੱਗਾ ਇੱਕ ਸੂਰਬੀਰ ਦੀ ਤਰ੍ਹਾਂ ਨਿਤਰਿਆ ਅਤੇ ਥੱਕੇ ਮਾਂਦੇ ਹਾਰ ਮੰਨਦੇ ਜਾਂਦੇ ਹਮਸਫਰਾਂ ਨੂੰ ਚਲਦੇ ਰਹਿਣ ਲਈ ਰਹਿਨੁਮਾ ਬਣ ਅੱਗੇ ਲੱਗ ਤੁਰੇ.
ਹਰਪਾਲ ਘੱਗਾ ਨੇ ਸਮਾਜ ਸੇਵਾ ਦੀ ਪੂੰਜੀ ਜਮ੍ਹਾ ਕੀਤੀ ਅਤੇ ਪਾਤੜਾਂ ਦੇ ਇਲਾਕੇ ਵਿੱਚ ਪੰਜਾਬ ਦੀਆਂ ਨਰੋਈਆਂ ਕਦਰਾਂ ਕੀਮਤਾਂ ਦੇ ਸਾਕਾਰ ਪ੍ਰਤੀਕ ਬਣ ਗਏ ਅਤੇ ਇਸ ਅਮਰਤਾ ਦੀ ਪਦਵੀ ਹਾਸਲ ਕਰ ਗਏ.
ਉਹਨਾਂ ਬਾਰੇ ਅਨੇਕ ਕਹਾਣੀਆਂ ਦੰਦ ਕਥਾਵਾਂ ਬਣ ਕੇ ਲੋਕ ਯਾਨ ਦਾ ਹਿੱਸਾ ਬਣ ਗਈਆਂ ਹਨ.ਦੇਹਾਂਤ ਤੋਂ ਬਾਅਦ ਇੱਕ ਨਵਾਂ ਘੱਗਾ ਵਿਗਸ ਰਿਹਾ ਹੈ ਜੋ ਅਸਲ ਘੱਗੇ ਨਾਲੋਂ ਵੀ ਕਿਤੇ ਬੁਲੰਦ ਹੈ ਤੇ ਜਿਸਨੇ ਹੋਰ ਵੀ ਵੱਡਾ ਊਰਜਾ ਪੁੰਜ ਬਣ ਕੇ ਆਪਣਾ ਕਾਰਜ ਜਾਰੀ ਰਖਣਾ ਹੈ.ਉਹ ਉਸ ਵਿਰਸੇ ਵਿੱਚ ਸ਼ਾਮਲ ਹੋ ਗਿਆ ਜਿਸ ਦੀਆਂ ਮੂਹਰਲੀਆਂ ਕਤਾਰਾਂ ਵਿੱਚ ਤੇਜਾ ਸਿੰਘ ਸੁਤੰਤਰ, ਧਰਮ ਸਿੰਘ ਫੱਕਰ , ਜਗੀਰ ਸਿੰਘ ਜੋਗਾ, ਵਧਾਵਾ ਰਾਮ , ਛਜੂ ਮੱਲ ਵੈਦ, ਅਰਜਨ ਸਿੰਘ ਮਸਤਾਨਾ,ਨਗਿੰਦਰ ਸਿੰਘ ਹਰੀਨੌਂ , ਗੁਰਨਾਮ ਸਿੰਘ ਹਰੀਨੌਂ ਵਰਗੇ ਹਜ਼ਾਰਾਂ ਯੋਧੇ ਆਪਣਾ ਯੋਗਦਾਨ ਪਾ ਚੁੱਕੇ ਹਨ.
ਉਹਨਾਂ ਦੀ ਅਕਾਦਮਿਕ ਪੜ੍ਹਾਈ ਜਿਆਦਾ ਨਹੀਂ ਸੀ ਪਰ ਇੱਕ ਆਰਗੈਨਿਕ ਬੁਧੀਜੀਵੀ ਤੇ ਤੌਰ ਤੇ ਉਹਦੀ ਕਾਮਯਾਬੀ ਬਹੁਤ ਰਾਹ ਵਿਖਾਊ ਅਤੇ ਸਿਖਿਆ ਭਰਪੂਰ ਹੈ.ਇਲਾਕੇ ਦੀਆਂ ਸਾਰੀਆਂ ਪਾਰਟੀਆਂ ਦੇ ਕਾਰਕੁਨ ਉਹਦੀ ਅਗਵਾਈ ਪ੍ਰਵਾਨ ਕਰਦੀਆਂ ਸਨ.ਉਹ ਕਿਸੇ ਫਜੂਲ ਬਹਿਸ ਵਿੱਚ ਨਹੀਂ ਉਲਝਦੇ ਸਨ ਸਗੋਂ ਆਪਣੇ ਪ੍ਰਮੁਖ ਨਿਸ਼ਾਨੇ ਦੀ ਸੇਧ ਵਿੱਚ ਤੁਰੇ ਰਹਿੰਦੇ ਸਨ ਹਰੇਕ ਸਮਰਥ ਵਿਅਕਤੀ ਨੂੰ ਨਾਲ ਤੋਰਨ ਦੇ ਇੱਛਕ ਸਨ ਚਾਹੇ ਉਹਦੀ ਪਾਰਟੀ ਕੋਈ ਵੀ ਹੋਵੇ.

Thursday, May 20, 2010

ਤੇ ਲਾਲ ਫੁੱਟ ਗਿਆ -ਕਹਾਣੀ


ਇੱਕ ਜੌਹਰੀ ਇੱਕ ਪਿੰਡ ਵਿੱਚੋਂ ਲੰਘ ਰਿਹਾ ਸੀ . ਉਹਦੀ ਨਜਰ ਇੱਕ ਬੱਚੇ ਤੇ ਪਈ ਜਿਸ ਕੋਲ ਇੱਕ ਬਹੁਤ ਖੂਬਸੂਰਤ ਲਾਲ ਸੀ . ਜੌਹਰੀ ਨੇ ਤੁਰਤ ਤਾੜ ਲਿਆ ਕਿ ਬੱਚਾ ਬੇਖਬਰ ਹੈ ਕਿ ਉਸ ਕੋਲ ਏਨੀ ਕੀਮਤੀ ਕੋਈ ਚੀਜ਼ ਹੈ ਤੇ ਉਸਨੂੰ ਕਿਹਾ ਇਹ ਪੱਥਰ ਤੂੰ ਮੈਨੂੰ ਦੇ ਦੇ ਇਹਦੇ ਬਦਲੇ ਤੈਨੂੰ ਮੈਂ ਇੱਕ ਰੁਪਿਆ ਦਿਆਂਗਾ . ਬੱਚੇ ਨੂੰ ਇੱਕ ਦੰਮ ਖੁੜਕ ਗਈ ਕਿ ਕੋਈ ਗੱਲ ਹੈ ਜਿਹੜੀ ਉਹਨੂੰ ਨਹੀਂ ਪਤਾ. ਇਸ ਲਈ ਉਹਨੇ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਮੈਂ ਤਾਂ ਆਪਣੇ ਬਾਪੂ ਨੂੰ ਪੁੱਛ ਕੇ ਆਵਾਂਗਾ. ਪੁੱਛ ਕੇ ਆਇਆ ਤਾਂ ਕਹਿਣ ਲੱਗਾ ਦੋ ਰੁਪਏ ਵਿੱਚ ਦਿਆਂਗਾ. ਜੌਹਰੀ ਝੱਟ ਦੋ ਰੁਪਏ ਦੇਣ ਲਈ ਤਿਆਰ ਹੋ ਗਿਆ. ਮੁੰਡਾ ਮੁੱਕਰ ਗਿਆ ਤੇ ਕਹਿਣ ਲੱਗਾ ਮੈਂ ਤਾਂ ਫਿਰ ਬਾਪੂ ਨਾਲ ਸਲਾਹ ਕਰਨੀ ਹੈ.ਵਾਪਸ ਆਕੇ ਦਸ ਰੁਪਏ ਦੀ ਮੰਗ ਕੀਤੀ. ਪਰ ਜਦੋਂ ਅਜਨਬੀ ਦਸ ਰੁਪਏ
ਦੇਣ ਲਈ ਵੀ ਸਹਿਮਤ ਹੋ ਗਿਆ ਤਾਂ ਚਲਾਕ ਮੁੰਡਾ ਇੱਕ ਵਾਰ ਫਿਰ ਆਪਣੇ ਬਾਪੂ ਨਾਲ ਸਲਾਹ ਕਰਨ ਲਈ ਦੌੜ ਗਿਆ ਤੇ ਵਾਪਸ ਆ ਕੇ ਸੌ ਰੁਪਏ ਮੰਗੇ . ਜੌਹਰੀ ਨੇ ਸੌ ਰੁਪਏ ਦੇਣੇ ਮੰਨ ਲਏ ਪਰ ਇਸ ਵਾਰ ਮੁੰਡੇ ਨੇ ਕੀਮਤ ਹੋਰ ਵਧਾਉਣ ਦਾ ਜੋਖਮ ਨਹੀਂ ਲਿਆ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਆਪਣੀ ਜਾਣੇ ਸਿਖਰਲੀ ਕੀਮਤ ਮੰਗ ਲਈ ਸੀ.
ਜੌਹਰੀ ਲੱਖਾਂ ਦਾ ਲਾਲ ਲੁੱਟ ਲਿਆਇਆ ਸੀ.ਘਰ ਆ ਕੇ ਉਹਨੇ ਆਪਣੀ ਮਾਰ ਦੀ ਕਹਾਣੀ ਆਪਣੇ ਘਰਦਿਆਂ ਨੂੰ ਬਹੁਤ ਹੁੱਬ ਕੇ ਸੁਣਾਈ ਅਤੇ ਲਾਲ ਨੂੰ ਇੱਕ ਡੱਬੀ ਵਿੱਚ ਬੰਦ ਕਰਕੇ ਤਿਜੌਰੀ ਵਿੱਚ ਸੰਭਾਲ ਦਿੱਤਾ. ਲਾਲ ਬਾਰੇ ਸੋਚਦਿਆਂ ਉਹਨੂੰ ਸੁਪਨੀਲੀ ਨੀਂਦ ਆ ਗਈ ਤੇ ਕਿਤੇ ਸਵੇਰੇ ਸੂਰਜ ਚੜ੍ਹੇ ਅੱਖ ਖੁੱਲੀ. ਮੂੰਹ ਹੱਥ ਧੋਣ ਤੋਂ ਬਾਅਦ ਸਭ ਤੋਂ ਪਹਿਲਾਂ ਉਹਦਾ ਜੀ ਕੀਤਾ ਕਿ ਇੱਕ ਵਾਰ ਉਸ ਕੀਮਤੀ ਲਾਲ ਨੂੰ ਦੇਖੇ . ਉਹਨੇ ਬੜੀ ਰੀਝ ਨਾਲ ਡੱਬੀ ਖੋਲ੍ਹੀ ਤਾਂ ਕੀ ਦੇਖਿਆ ਕਿ ਲਾਲ ਤਾਂ ਫੁੱਟਿਆ ਪਿਆ ਸੀ ਫੁੱਟੀ ਕੌਡੀ ਦੇ ਮੁਲ ਦਾ.ਉਹਨੇ ਅਤਿ ਦੁਖੀ ਮਨ ਨਾਲ ਲਾਲ ਨੂੰ ਪੁੱਛਿਆ , “ ਲਾਲ ,ਇਹ ਕੀ ਗੱਲ ਹੋਈ. ਕਿਸੇ ਸੁਣੀ ਨਾ ਦੇਖੀ.”
ਲਾਲ ਦੇ ਟੁਕੜਿਆਂ ਵਿੱਚੋਂ ਇੱਕ ਮਿਲਵੀਂ ਆਵਾਜ਼ ਨੇ ਜਵਾਬ ਦਿੱਤਾ.
“ਓਏ ਜੌਹਰੀ,ਤੂੰ ਜੌਹਰੀ ਹੋ ਕੇ ਮੇਰੀ ਸਿਰਫ ਸੌ ਰੁਪਏ ਕਦਰ ਪਾਈ ......ਮੈਨੂੰ ਗੁੱਸਾ ਆ ਗਿਆ ਤੇ ਮੈਂ ਫੁੱਟ ਗਿਆ.”

Tuesday, May 18, 2010

ਸੱਚ , ਸੁਕਰਾਤ ਅਤੇ ਡਾ. ਰਵਿੰਦਰ ਰਵੀ


ਸੁਕਰਾਤ ਨੇ ਸੱਚ ਲਈ ਜਹਿਰ ਦਾ ਪਿਆਲਾ ਪੀ ਲਿਆ ਤੇ ਡਾ.ਰਵੀ ਨੇ ਬਾਰੂਦੀ ਗੋਲੀਆਂ ਅੱਗੇ ਆਪਣੀ ਹਿੱਕ ਡਾਹ ਦਿੱਤੀ.ਗੱਲ ਬਹੁਤ ਵੱਡੀ ਹੈ ਭਾਵੇਂ ਅਸੀਂ ਇਸ ਨੂੰ ਨਿੱਕੀ ਜਾਣ ਭੁਲਾ ਦਿੱਤਾ ਜਾਂ ਰਸਮੀ ਜਿਹੇ ਸਮਾਗਮਾਂ ਤੱਕ ਸੀਮਤ ਕਰ ਦਿੱਤਾ.ਉਹਦੇ ਲਿਖੇ ਹਰਫਾਂ ਨੂੰ ਪੜ੍ਹਨਾ ਅਜੇ ਬਾਕੀ ਹੈ.ਬੰਦੇ ਦੇ ਕੱਦ ਦਾ ਪਤਾ ਲਗਦਾ ਹੈ ਜਿਸ ਧੱਜ ਨਾਲ ਕੋਈ ਮਕਤਲ ਵਿੱਚ ਜਾਂਦਾ ਹੈ.ਡਾ.ਰਵੀ ਦੇ ਦੁਸ਼ਮਨਾਂ ਨੂੰ ਉਹਦੇ ਹੋਣ ਦੀ ਅਹਿਮੀਅਤ ਦਾ ਇਲਮ ਮੁਕੰਮਲ ਸੀ.ਉਹਨਾਂ ਨੂੰ ਪਤਾ ਸੀ ਕਿ ਕਿਸੇ ਤਰੀਕੇ ਉਹ ਉਹਦੇ ਪ੍ਰੋਮੀਥੀਅਨ ਸਾਰ ਨੂੰ ਜਰਕਾ ਨਹੀਂ ਸਕਦੇ...ਤੇ ਸਾਡੇ ਸਭਨਾਂ ਦੇ ਪਿਆਰੇ ਡਾਕਟਰ ਸਾਹਿਬ ਨੇ ਆਪਣੀ ਕਹਿਣੀ ਤੇ ਕਰਨੀ ਨੂੰ ਸ਼ਹਾਦਤ ਦੀ ਭਾਸ਼ਾ ਨਾਲ ਕਰਮ ਖੇਤਰ ਦੇ ਹੋਰ ਉਚੇਰੇ ਪਧਰ ਤੇ ਸਥਾਪਤ ਕਰ ਦਿੱਤਾ.

ਚਿੰਤਨ ਦੇ ਖੇਤਰ ਵਿੱਚ ਪੰਜਾਬੀ ਬੌਧਿਕ ਹਲਕਿਆਂ ਵਿੱਚ ਉਹਦਾ ਕੱਦ ਬਹੁਤ ਬੁਲੰਦ ਹੈ.ਉਸ ਬੁਲੰਦੀ ਤੋਂ ਹੀ ਉਹ ਸਾਡੀ ਵਰਤਮਾਨ ਬੌਧਿਕ ਕੰਗਾਲੀ ਬਾਰੇ ਟਿੱਪਣੀਆਂ ਕਰਨ ਦਾ ਹੱਕਦਾਰ ਸੀ.ਉਹਨਾਂ ਨੇ ਕਈ ਵਾਰ ਸਾਡੀ ਅਨਿਖਰਵੀਂ ਚਿੰਤਨ ਪਰੰਪਰਾ ਤੇ ਟਿੱਪਣੀ ਕੀਤੀ.ਪੰਜਾਬ ,ਪੰਜਾਬੀਅਤ ਅਤੇ ਇੱਥੋਂ ਦੀਆਂ ਬੇਇਨਸਾਫੀ ਦੇ ਖਿਲਾਫ਼ ਧੜਲੇਦਾਰ ਸੰਘਰਸ਼ ਦੀਆਂ ਰਵਾਇਤਾਂ ਬਾਰੇ ਨਿਰੰਤਰ ਸਰੋਕਾਰ ਉਹਦੀ ਸਖਸ਼ੀਅਤ ਦਾ ਅਨਿਖੜ ਅੰਗ ਸੀ.
ਉਹ ਸਮਾਜਿਕ ਤਬਦੀਲੀ ਲਈ ਇੱਕ ਲੈਨਿਨੀ ਸੰਗਠਨ ਦੇ ਕਾਇਲ ਸਨ .ਸਮਾਜੀ ਪੁਨਰਗਠਨ ਦੇ ਮਾਮਲਿਆਂ ਬਾਰੇ ਸਾਡੀਆਂ ਅਕਸਰ ਗੱਲਾਂ ਹੁੰਦੀਆਂ.ਉਹ ਸੰਗਠਨਾਂ ਦੀ ਸਮਕਾਲੀ ਸਥਿਤੀ ਤੋਂ ਬਹੁਤ ਅਸੰਤੁਸ਼ਟ ਸਨ.ਇੱਥੋਂ ਤੱਕ ਕਿ ਕਈ ਵਾਰ ਤਾਂ ਅਧਿਆਪਨ ਤੋਂ ਤਿਆਗ ਪੱਤਰ ਦੇ ਕੇ ਕੁਲਵਕਤੀ ਬਣ ਸੰਗਠਨ ਦੀ ਉਸਾਰੀ ਵਿੱਚ ਜੁੱਟ ਜਾਣ ਦੇ ਉਹਨਾਂ ਦੇ ਪ੍ਰਵਾਨ ਚੜ੍ਹ ਰਹੇ ਇਰਾਦੇ ਆਪਮੁਹਾਰੇ ਜਾਹਰ ਹੋ ਜਾਂਦੇ ਸਨ.
ਅੱਜ ਪੂਰੇ ਇੱਕੀ ਸਾਲ ਹੋ ਗਏ ਹਨ ਉਹਨਾਂ ਦੀ ਬੇਵਕਤ ਮੌਤ ਨੂੰ.ਸ਼ਾਇਦ ਅਸੀਂ ਇਸ ਅਮਿਣਵੇਂ ਘਾਟੇ ਨੂੰ ਮਹਿਸੂਸ ਕਰਨ ਦੀ ਸਮਰਥਾ ਗੁਆ ਲਈ ਹੈ ਪਰ ਉਹ ਸਾਰੇ ਜਿਹਨਾਂ ਨੂੰ ਉਹ ਲਲਕਾਰਦੇ ਸਨ ਉਹਨਾਂ ਦੀ ਚਰਚਾ ਦੀ ਮਾਮੂਲੀਅਤ ਉਤੇ ਅੱਜ ਵੀ ਗਦਗਦ ਹੁੰਦੇ ਮਹਿਸੂਸ ਕੀਤੇ ਜਾ ਸਕਦੇ ਸਨ.
ਕੁਝ ਦਿਨ ਪਹਿਲਾਂ ਮੈਂ ਪਰਮਜੀਤ ਪੜਬਗਾ ਨਾਲ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਚਲਿਆ ਗਿਆ. ਸੋਚਿਆ, ਚਲੋ ਕੁਝ ਪੁਰਾਣੀਆਂ ਯਾਦਾਂ ਹੀ ਤਾਜਾ ਹੋ ਜਾਣਗੀਆਂ.ਡਾ.ਜਸਵਿੰਦਰ ਦੇ ਕਮਰੇ ਵਿੱਚ ਬੈਠੇ ਸਾਂ.ਮੇਰੇ ਦਿਮਾਗ ਵਿੱਚ ਡਾ. ਰਵੀ ਘੁੰਮ ਰਹੇ ਸੀ ਤੇ ਉਹ ਦਿਨ(੧੯੭੫) ਜਦੋਂ ਜਸਵਿੰਦਰ ਡਾ.ਰਵੀ ਦਾ ਵਿਦਿਆਰਥੀ ਸੀ ਤੇ ਉਹਨਾਂ ਦੀ ਨਿਰਵਿਵਾਦ ਪ੍ਰਤਿਭਾ ਦਾ ਆਪਣੇ ਕੈਰੀਅਰ ਲਈ ਲਾਭ ਉਠਾ ਰਿਹਾ ਸੀ.ਡਾ. ਰਵੀ ਨਾਲੋਂ ਵੀ ਕਿਤੇ ਵੱਡੀਆਂ ਪ੍ਰਾਪਤੀਆਂ ਦੇ ਅਚੇਤ ਜਾਂ ਸੁਚੇਤ ਅਹਿਸਾਸ ਨਾਲ ਨਸਿਆਇਆ ਜਸਵਿੰਦਰ ਡਾ. ਰਵੀ ਦੇ ਅੰਦਾਜ਼ ਵਿੱਚ ਗੱਲਾਂ ਸੁਣਾ ਰਿਹਾ ਸੀ ਪਰ ਡਾ.ਰਵੀ ਉਹਦੀਆਂ ਗੱਲਾਂ ਵਿੱਚ ਉੱਕਾ ਗੈਰ ਹਾਜਰ ਸੀ.ਸਾਹਮਣੇ ਕਮਰੇ ਵਿੱਚ ਬੈਠੀ ਉਹਦੀ ਕੰਪਿਊਟਰ ਸਹਾਇਕ ਨਜਰ ਆ ਰਹੀ ਸੀ ਤੇ ਮੈਂ ਉਠ ਕੇ ਉਹਦੇ ਕੋਲ ਚਲਾ ਗਿਆ ਤੇ ਉਹਨੂੰ ਪੁੱਛਿਆ ਕੀ ਕੀ ਉਹਦੇ ਕੰਪਿਊਟਰ ਵਿੱਚ ਡਾ. ਰਵੀ ਦੀ ਕੋਈ ਤਸਵੀਰ ਹੈ.ਉਹਨੇ ਹਾਂ ਵਿੱਚ ਸਿਰ ਹਿਲਾਇਆ ਤੇ ਦੱਸਿਆ ਕਿ ਬਹੁਤ ਸਾਰੀਆਂ ਹਨ .ਮੈਂ ਉਸ ਨੂੰ ਇਹ ਕਹਿ ਕੇ ਵਾਪਸ ਆ ਗਿਆ ਕਿ ਉਹ ਤਸਵੀਰਾਂ ਮੈਨੂੰ ਈਮੇਲ ਕਰ ਦੇਣੀਆਂ.ਉਹ ਕਹਿਣ ਲੱਗੀ,"ਮੈਂ ਸਾਰੀਆਂ ਹੀ ਭੇਜ ਦਿਆਂਗੀ ਸਰ." ਘਰ ਆ ਕੇ ਜਦੋਂ ਮੈਂ ਜਸਵਿੰਦਰ ਵਲੋਂ ਆਈ ਈਮੇਲ ਦੇਖੀ ਤਾਂ ਸਾਡੇ ਪਿਆਰੇ ਡਾ.ਰਵੀ ਦੀ ਥਾਂ ਕਿਸੇ ਅਘਰਵਾਸੀ ਰਵਿੰਦਰ ਰਵੀ ਦੀਆਂ ਤਸਵੀਰਾਂ ਦੇਖ ਕੇ ਮੈਂ ਡੂੰਘੀ ਉਦਾਸੀ ਵਿੱਚ ਡੁੱਬ ਗਿਆ.ਉਸ ਪੰਜਾਬੀ ਵਿਭਾਗ ਵਿੱਚ ਜਿਸ ਨੂੰ ਕਿਸੇ ਤਰੀਕੇ ਨਾਲ ਵੀ ਡਾ.ਰਵੀ ਨਾਲੋਂ ਅਲੱਗ ਨਹੀਂ ਕੀਤਾ ਜਾ ਸਕਦਾ ਉੱਥੇ ਉਹਨਾਂ ਦੀ ਅਮਰਤਾ ਦਾ ਇਹ ਹਸਰ ਦੇਖ ਕੇ ਮੈਨੂੰ ....ਉਹਨਾਂ ਪਲਾਂ ਦੀ ਮੇਰੀ ਹਾਲਤ ਮੈਂ ਲਫਜਾਂ ਵਿੱਚ ਬਿਆਨ ਨਹੀਂ ਕਰ ਸਕਦਾ.ਪਰ ਜਲਦ ਹੀ ਮੈਂ ਸੰਭਲ ਗਿਆ ਜਦੋਂ ਮੈਂਨੂੰ ਸੁਕਰਾਤ ਨਾਲ ਡਾ. ਰਵੀ ਦੀ ਪੱਕੀ ਆੜੀ ਦਾ ਖਿਆਲ ਆਇਆ.

Sunday, May 16, 2010

ਸੁੱਕੀ ਕਿੱਕਰ ਤੇ ਕਾਂ

ਗੁਰਨਾਮ ਸਿੰਘ ਫੌਜੀ ਅੱਸੀ ਪਾਰ ਕਰ ਚੁੱਕਿਆ ਹੈ ਤੇ ਉਹਦੀ ਪਤਨੀ ਗੁਰਦੇਵ ਕੌਰ ਵੀ ਅੱਸੀ ਤੋਂ ਸਾਲ ਦੋ ਸਾਲ ਹੀ ਘੱਟ ਹੋਣੀ ਹੈ.ਦੋਨਾਂ ਦੇ ਸੁਭਾ ਬਹੁਤ ਅੱਲਗ ਅਲੱਗ ਹਨ.ਸਾਰੀ ਜਿੰਦਗੀ ਉਹਨਾਂ ਨੇ ਲੜਦੇ ਝਗੜਦੇ ਪਰ ਆਪਸੀ ਪਿਆਰ ਦੇ ਦਾਇਰੇ ਵਿੱਚ ਵਿਚਰਦਿਆਂ ਗੁਜਾਰ ਦਿੱਤੀ ਹੈ.ਹੁਣ ਆਖਰੀ ਉਮਰ ਆਪਣੇ ਪਿੰਡ ਨਿਹਾਲੇ ਵਾਲੇ ਆਪਣੇ ਘਰ ਵਿੱਚ ਗੁਜਾਰ ਰਹੇ ਹਨ.ਦੋਨੋਂ ਬੀਮਾਰ ਹਨ ਪਰ ਫਿਰ ਵੀ ਨਿਗੂਣੀ ਜਿਹੀ ਮਦਦ ਨਾਲ ਵਧੀਆ ਕੰਮ ਚਲਾ ਰਹੇ ਹਨ.ਦੋ ਮੁੰਡੇ ਤੇ ਦੋ ਕੁੜੀਆਂ ਸ਼ਹਿਰਾਂ ਵਿੱਚ ਸੈੱਟਲ ਹਨ ਅਤੇ ਆਪਣੀ ਆਪਣੀ ਕਬੀਲਦਾਰੀ ਵਿੱਚ ਉਲਝੇ ਹੋਏ ਹਨ.ਉਹਨਾਂ ਵਿੱਚੋਂ ਕਿਸੇ ਕੋਲ ਜਾ ਕੇ ਰਹਿੰਦੇ ਹਨ ਤਾਂ ਸ਼ਹਿਰ ਦੇ ਓਪਰੇ ਇਲਾਕੇ ਵਿੱਚ ਕਮਰੇ ਬੰਦ ਰਹਿਣਾ ਪੈਂਦਾ ਹੈ .ਗੁਰਨਾਮ ਸਿੰਘ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਅਤਿ ਭਾਵਕ ਸੁਭਾ ਗੁਰਦੇਵ ਕੌਰ ਦਾ ਕਿਤੇ ਉੱਕਾ ਜੀ ਨਹੀਂ ਲੱਗਦਾ ਤੇ ਉਹ ਘੁੰਮਦੇ ਰਹਿਣਾ ਚਾਹੁੰਦੀ ਹੈ.ਪਿੰਡ ਉਹਦੇ ਲਈ ਹੋਰ ਸਭ ਥਾਵਾਂ ਨਾਲੋਂ ਵਧੀਆ ਹੈ.ਕਦੀ ਸ਼ਾਮੋ ਕਦੀ ਨਸੀਬੋ ਕੋਈ ਨਾ ਕੋਈ ਗੁਆਂਢਣ ਆਈ ਰਹਿੰਦੀ ਹੈ ਜਾਂ ਫਿਰ ਉਹ ਆਪ ਕਿਸੇ ਨਾ ਕਿਸੇ ਘਰ ਚੱਕਰ ਲਾ ਆਉਂਦੀ ਹੈ.ਉਹਦਾ ਆਪਣੀਆਂ ਧੀਆਂ ਨਾਲ ਮੋਹ ਸਮੇਂ ਨਾਲ ਲਗਾਤਾਰ ਵਧਦਾ ਹੀ ਜਾਂਦਾ ਹੈ.ਪੰਮੀ ਤਾਂ ਲੰਦਨ ਬੈਠੀ ਹੈ ਸਾਲ ਦੋ ਸਾਲ ਬਾਅਦ ਗੇੜਾ ਮਾਰਦੀ ਹੈ ਪਰ ਮੇਲੋ ਹਰ ਮਹੀਨੇ ਦੋ ਤਿੰਨ ਚੱਕਰ ਆਪਣੀ ਮਾਂ ਕੋਲ ਲਾ ਆਉਂਦੀ ਹੈ.ਫੋਨ ਨੇ ਮੌਜਾਂ ਲਾ ਰਖੀਆਂ ਹਨ ਰੋਜ ਧੀਆਂ ਨਾਲ ਗੱਲਾਂ ਹੋ ਜਾਂਦੀਆਂ ਹਨ.ਆਪਣੀ ਸੀਮਤ ਜਿਹੀ ਸ਼ਬਦ ਪੂੰਜੀ ਵਿੱਚ ਗੁਰਦੇਵ ਕੌਰ ਆਪਣੇ ਹਾਵ ਭਾਵ ਪ੍ਰਗਟ ਕਰਦੀ ਹੈ ਤਾਂ ਯਕੀਨ ਨਹੀਂ ਆਉਂਦਾ ਕਿ ਉਹ ਇੱਕ ਭੋਲੀ ਭਾਲੀ ਅਨਪੜ੍ਹ ਔਰਤ ਹੈ ਜਿਸ ਨੇ ਨਾ ਕਦੇ ਬਾਤਾਂ ਪਾਈਆਂ ਹਨ ਅਤੇ ਨਾ ਹੀ ਕਦੇ ਫਿਲਮਾਂ ਦੇਖੀਆਂ ਹਨ.ਬੱਸ ਸਾਦੀ ਗਮੀ ਦੇ ਮੌਕਿਆਂ ਤੇ ਗੀਤਾਂ ਦੀ ਹੇਕ ਵਿੱਚ ਸਾਮਲ ਹੋਣਾ ਹੀ ਉਹਦੀ ਇੱਕੋ ਇੱਕ ਕਲਾ ਸਰਗਰਮੀ ਹੈ. ਬਾਕੀ ਤਾਂ ਬੱਸ ਕੰਮ ਹੀ ਕੰਮ ਹੈ ਚੁਲ੍ਹਾ ਚੌਂਕਾ ...ਪਰ ਜਦੋਂ ਉਹ ਮੋਹ ਦਾ ਪ੍ਰਗਟਾਵਾ ਕਰਦੀ ਹੈ ਤਾਂ ਉਹਦੀ ਸੀਮਤ ਸ਼ਬਦ ਬਹੁਤ ਸਾਹਿਤਕ ਵਾਕੰਸ਼ਾਂ ਦਾ ਰੂਪ ਧਾਰਨ ਕਰਨ ਲੱਗਦੇ ਹਨ.."ਨੀ ਮੈਨੂ ਤਾਂ ਤੇਰਾ ਬਾਹਲਾ ਈ ਬਾਹਲਾ ਈ ...ਪਿਆਰ ਆਉਂਦੈ ਧੀਏ !ਉਹਦਾ ਇੱਕੋ ਵਿਸ਼ੇਸ਼ਣ ਚਮਤਕਾਰੀ ਭੂਮਿਕਾ ਨਿਭਾਉਣ ਲਗਦਾ ਹੈ ਤੇ ਸਾਰਾ ਸਰੀਰ ਤਰਲ ਹੋ ਵੱਗਣ ਲੱਗ ਪੈਂਦਾ ਹੈ ਮੋਹ ਦਾ ਦਰਿਆ ਬਣ ਕੇ. ਉਹਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਕਾਰਗੁਜਾਰੀ ਸਿਖਰਾਂ ਤੇ ਪਹੁੰਚ ਜਾਂਦੀ ਹੈ ਤੇ ...ਉਹ ਤੇਜ ਤੇਜ ਅੱਖਾਂ ਝਪਕਦੀ ਹੈ ਤੇ ਚਿਹਰੇ ਤੇ ਇੱਕ ਚਮਕ ਦੀ ਹਕੂਮਤ ਹੋ ਜਾਂਦੀ ਹੈ ..ਉਹਦੀ ਸਾਰੀ ਹੋਂਦ ਇੱਕ ਤਰਲਾ ਬਣ ਜਾਂਦੀ ਹੈ.ਉਹਦਾ ਜੀਅ ਕਰਦਾ ਹੈ ਕਿ ਉਹਦੀ ਧੀ ਹੁਣ ਉਹਦੇ ਕੋਲ ਹੀ ਰਵੇ ..ਕਦੇ ਨਾ ਜਾਵੇ .
" ਪਾਪਾ, ਬੀਬੀ ਦਾ ਜੀਅ ਨਹੀਂ ਲੱਗਦਾ."ਮੇਲੋ ਕਹਿੰਦੀ ਹੈ.
"ਹਾਂ ਭਾਈ, ਇਹਦਾ ਸ਼ੁਰੂ ਤੋਂ ਈ ਇਉਂ ਦਾ ਮਤਾ ਐ. "
"ਪਾਪਾ, ਤੈਨੂੰ ਤਾਂ ਕੋਈ ਚੱਕਰ ਨਹੀਂ ਜੀਅ ਦਾ ."
"ਹਾਂ ਭਾਈ,ਮੈਂ ਤਾਂ ਇੱਕੋ ਥਾਂ ਬੈਠਾ ਰਹਾਂ ਸਾਰਾ ਦਿਨ 'ਕੱਲਾ ਈ ਸੁੱਕੀ ਕਿੱਕਰ ਤੇ ਕਾਂ ਵਾਂਗੂੰ ." ਗੁਰਨਾਮ ਸਿੰਘ ਨੇ ਆਪਣੇ ਵਜੂਦ ਦੇ ਸੱਚ ਨੂੰ ਪੰਜ ਅੱਖਰਾਂ ਵਿੱਚ ਬੰਨ੍ਹ ਦਿੱਤਾ ਤੇ ਮੈਂ ਸਭਿਆਚਾਰ ਵਿੱਚ ਪਏ ਅਸੀਮ ਪ੍ਰਗਟਾ ਭੰਡਾਰ ਬਾਰੇ ਕਈ ਦਿਨ ਤੱਕ ਸੋਚਦਾ ਰਿਹਾ.

Friday, May 14, 2010

ਕਾ. ਹਰਪਾਲ ਘੱਗਾ ਨਹੀਂ ਰਹੇ !

ਹੁਣੇ ਖਬਰ ਮਿਲੀ ਹੈ ਕਿ ਉਘੇ ਸਮਾਜ ਸੇਵਕ ਕਾ. ਹਰਪਾਲ ਘੱਗਾ ਨਹੀਂ ਰਹੇ.ਪਾਤੜਾਂ ਇਲਾਕੇ ਦੀ ਬਹੁਤ ਚੰਗੀ ਕਿਸਮਤ ਸੀ ਕਿ ਹਰਪਾਲ ਘੱਗਾ ਨੇ ਜਵਾਨ ਉਮਰੇ ਹੀ ਆਪਣੇ ਆਪ ਨੂੰ ਸਮਾਜਕ ਪਰਿਵਰਤਨ ਦੀ ਲਹਿਰ ਨੂੰ ਅਰਪਿਤ ਕਰ ਦਿੱਤਾ ਸੀ ਅਤੇ ਸਾਰੀ ਉਮਰ ਉਹਨਾਂ ਨੇ ਆਪਣੇ ਇਲਾਕੇ ਨੂੰ ਹੀ ਕੇਂਦਰ ਬਿੰਦੂ ਬਣਾ ਕੇ ਸਰਗਰਮੀ ਕੀਤੀ ਅਤੇ ਉਹਨਾਂ ਨੂੰ ਲੰਮੀ ਸਿਹਤਯਾਬ ਉਮਰ ਨਸੀਬ ਹੋਈ.ਪਿਛਲੇ ਢਾਈ ਤਿੰਨ ਦਹਾਕਿਆਂ ਤੋਂ ਜਦੋਂ ਉਹਨਾਂ ਨੇ ਵੇਖ ਲਿਆ ਕਿ ਕਮਿਊਨਿਸਟ ਲਹਿਰ ਇੱਛਤ ਨਤੀਜੇ ਨਹੀਂ ਕੱਢ ਸਕੇਗੀ,ਕਿ ਇਹ ਆਪਣੇ ਤੰਗਨਜਰ ਰੁਝਾਨਾਂ ਵਿੱਚ ਉਲਝ ਕੇ ਰਹਿ ਗਈ ਹੈ ਤਾਂ ਉਹਨਾਂ ਨੇ ਆਪਣੇ ਪਛੜੇ ਇਲਾਕੇ ਵਿੱਚ ਕੁੜੀਆਂ ਦੀ ਪੜ੍ਹਾਈ ਨੂੰ ਉਤਸਾਹਿਤ ਕਰਨ ਲਈ ਵਧੇਰੇ ਹੀ ਵਧੇਰੇ ਇਕਾਗਰ ਚਿੱਤ ਹੋਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ.ਇਲਾਕੇ ਦੇ ਪਤਵੰਤਿਆਂ ਦੇ ਸਹਿਯੋਗ ਨਾਲ ਉਹਨਾਂ ਨੇ ਅੱਜ ਦੇ ਮੁਸ਼ਕਿਲ ਦੌਰ ਵਿੱਚ ਇੱਕ ਵੱਡੀ ਸੰਸਥਾ ਨੂੰ ਪੱਕੇ ਪੈਰੀਂ ਕਰ ਕੇ ਦਿਖਾ ਦਿੱਤਾ.ਸ਼ਾਇਦ ਉਹਨਾਂ ਦੀ ਲਗਨ ਦੀ ਕਮਾਲ ਸੀ ਕਿ ਅੱਸੀ ਤੋਂ ਕਦੋਂ ਦੇ ਟੱਪ ਜਾਣ ਦੇ ਬਾਵਜੂਦ ਵੀ ਆਖਰੀ ਦਮ ਤੱਕ ਉਹ ਜਵਾਨੀ ਵਾਲੇ ਜੋਸ਼ ਨਾਲ ਕੰਮ ਵਿੱਚ ਜੁਟੇ ਰਹੇ.ਵੀਹ ਬਾਈ ਸਾਲ ਪਹਿਲਾਂ ਉਹਨਾਂ ਦੀ ਜੀਵਨ ਸਾਥਣ ਉਹਨਾਂ ਨੂੰ ਛੱਡ ਕੇ ਚਲੀ ਗਈ ਸੀ ਜਿਸ ਕਰਨ ਕੁਝ ਸਾਲ ਉਹ ਖਾਲੀਪਣ ਮਹਿਸੂਸ ਕਰਦੇ ਰਹੇ ਪਰ ਉਹਨਾਂ ਦੇ ਸਮਾਜੀ ਮਕਸਦ ਨੇ ਉਹਨਾਂ ਨੂੰ ਨਿਰਾਸਾ ਵਿੱਚ ਜਾਣ ਤੋਂ ਬਚਾਈ ਰਖਿਆ.
ਹਰਪਾਲ ਘੱਗਾ ਨਾਲ ਮੇਰੀ ਪਹਿਲੀ ਮੁਲਾਕਾਤ ੧੯੭੫ ਵਿੱਚ ਹੋਈ ਸੀ ਜਦੋਂ ਮੈਂ ਪਟਿਆਲੇ ਜਿਲੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਕੁਲ ਵਕਤੀ ਬਣਿਆ ਤੇ ਮੈਨੂੰ ਪਾਰਟੀ ਦੀ ਨਾਭਾ ਤਹਿਸੀਲ ਇਕਾਈ ਦਾ ਉਪ ਸਕੱਤਰ ਚੁਣਿਆ ਗਿਆ.ਜਿਲੇ ਵਲੋਂ ਚੋਣ ਕਰਾਉਣ ਲਈ ਕਾ.ਘੱਗਾ ਹੁਰੀਂ ਗਏ ਸਨ.ਉਸ ਵਕਤ ਜਦੋਂ ਪਾਰਟੀ ਅੰਦਰ ਗੁੱਟਬੰਦੀ ਕਈ ਵਾਰ ਨਿਰਾਸ਼ਾ ਵੱਲ ਧਕਦੀ ਸੀ ਜਿਲੇ ਦੇ ਇੱਕ ਸੀਨੀਅਰ ਆਗੂ ਵਲੋਂ ਦਿੱਤੀ ਹੱਲਾਸ਼ੇਰੀ ਨੂੰ ਮੈਂ ਕਦੇ ਨਹੀਂ ਭੁਲਾ ਸਕਿਆ.ਰਾਜਪੁਰੇ ਪਾਰਟੀ ਦਫਤਰ ਦੇ ਝਗੜੇ ਸਮੇਂ ਵੀ ਚਲਦੀਆਂ ਗੋਲੀਆਂ ਵਿੱਚ ਸਾਹਮਣੇ ਆਈ ਉਹਨਾਂ ਦੀ ਦਲੇਰੀ ਵੇਖਣਯੋਗ ਸੀ ਤੇ ਅਕਸਰ ਅਸੀਂ ਉਸ ਘਟਨਾ ਨੂੰ ਯਾਦ ਕਰਦੇ ਹੁੰਦੇ ਸੀ.ਪਿਛਲੇ ਸਮਿਆਂ ਵਿੱਚ ਨਿਰਾਸ਼ਾ ਵਿੱਚ ਧੱਕਣਵਾਲਾ ਬਹੁਤ ਕੁਝ ਵਾਪਰਿਆ ਤੇ ਬਹੁਤ ਸਾਰੇ ਬੇਗਰਜ਼ ਕਾਰਕੁਨ ਰੁੜਦੇ ਵੇਖੇ ਗਏ ਪਰ ਹਰਪਾਲ ਘੱਗੇ ਨੇ ਕਮਾਲ ਨਿਰਲੇਪਤਾ ਨਾਲ ਆਪਣੀ ਪ੍ਰਤਿਬਧਤਾ ਨੂੰ ਬਰਕਰਾਰ ਰੱਖ ਵਿਖਾਇਆ.ਅਜੇ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਦੇ ਬੇਟੇ ਦੀ ਮੌਤ ਦੇ ਸਦਮੇ ਨਾਲ ਵੀ ਉਹਨਾਂ ਨੇ ਦਿਲ ਨਹੀਂ ਛੱਡਿਆ ਅਤੇ ਆਪਣੇ ਮਿਸ਼ਨ ਵਿੱਚ ਜੁਟੇ ਰਹੇ.ਤਸੱਲੀ ਦੀ ਗੱਲ ਹੈ ਕਿ ਉਹਨਾਂ ਦੀ ਘਾਲਣਾ ਨੇ ਰੰਗ ਲਿਆਂਦਾ ਹੈ ਅਤੇ ਉਹਨਾਂ ਦੀ ਬਣਾਈ ਸੰਸਥਾ ਉਹਨਾਂ ਦੇ ਕੰਮਾਂ ਦੀ ਯਾਦ ਕਰਾਉਂਦੀ ਰਹੇਗੀ ਅਤੇ ਇੱਕ ਸੱਚੇ ਸਮਾਜਸੇਵੀ ਦੇ ਨਮੂਨੇ ਵਜੋਂ ਆਉਣ ਵਾਲੇ ਸਮਿਆਂ ਵਿੱਚ ਪ੍ਰੇਰਨਾ ਦਾ ਸਰੋਤ ਬਣੇ ਰਹਿਣਗੇ.

Thursday, May 13, 2010

Com. Gurmel Hoonjan was among the gems

There is always something you can not forget. You have to carry the burden throughout your life. When I joined the communist movement in the early seventies it was a bliss to work for the social revolution in the leadership of S A Dange and his comrades. There were many who joined the movement for political clarity and it was the luckiest moment in my life to have some very beautiful persons co travelers .But the unluckiest thing was to loose those very comrades in the battle against terrorism in Punjab during the eighties and early nineties in the period of about a decade. Among them were Arjun Singh Mastana, Darshan Singh Canadian , Sumit Preetladi, Deepak Dhavan ,Gurmel Hoonjan, Dr.Ravinder Ravi and Harpal Khokhar.The last three were the intimate one. It was a big loss, an irreparable one. Twenty years have gone since then. There is not a single day in my life after that without remembering them. They were inseparable part of my life and with there leaving I felt myself as a handicap struggling to integrate my sorry state. Somehow I managed to survive the blow and it is my mode of life since then to pay tribute everyday to my dear comrades who gave their life without giving an inch to the prevailing threat.Com. Gurmel Hoonjan was assassinated exactly twenty one years ago. All those who know him can never forget him raising the slogan “Na Hindu Raj Na Khalistan, Jug Jug Jive Hindustan”, defending the Dange line of unity and struggle unflinchingly. I too vividly remember the day when we visited his village ,Pandher Khedi after his assassination along with com. Mohit Sen . It has been narrated in Mohit's autobiography.Really he was among the gems produced by our liberation movement.The memory of such comrades needs to be carried on for the future generation.