Sunday, May 23, 2010
ਹਰਪਾਲ ਘੱਗਾ ਦੀ ਅਹਿਮੀਅਤ ਦੇ ਕੁਝ ਪੱਖ
ਹਰਪਾਲ ਘੱਗਾ ਦੇ ਸਰਧਾਂਜਲੀ ਸਮਾਗਮ ਤੇ ਕੁਝ ਗੱਲਾਂ ਜੋ ਉਭਰ ਕੇ ਸਾਹਮਣੇ ਆਈਆਂ :
ਹਰਪਾਲ ਘੱਗਾ ਨੇ ਆਪਣਾ ਜੀਵਨ ਭਰ ਜਵਾਨੀ ਵਿੱਚ ਹੀ ਸਮਾਜੀ ਤਬਦੀਲੀ ਦੀ ਲਹਿਰ ਲਈ ਸਮਰਪਿਤ ਕਰ ਦਿੱਤਾ ਸੀ ਤੇ ਤਾ ਉਮਰ ਆਪਣੇ ਸੰਕਲਪ ਤੇ ਕਾਇਮ ਰਹੇ ਤੇ ਆਪਣੇ ਆਦਰਸ਼ਾਂ ਦੀ ਚੋਣ ਤੇ ਕਦੇ ਝੋਰਾ ਨਹੀਂ ਕੀਤਾ.
ਦੋ ਦਹਾਕੇ ਪਹਿਲਾਂ ਸਮਾਜਵਾਦੀ ਨਜ਼ਾਮ ਦੇ ਗਿਰਨ ਤੋਂ ਬਾਅਦ ਦੀ ਨਿਰਾਸਾ ਭਰੀ ਸਥਿਤੀ ਵਿੱਚ ਵੀ ਉਸ ਨੇ ਢਾਹੂ ਗੱਲਾਂ ਕਰਨ ਦੀ ਬਜਾਏ ਸਗੋਂ ਹੋਰ ਵੀ ਦ੍ਰਿੜ੍ਹਤਾ ਨਾਲ ਸਮਾਜ ਸੇਵਾ ਕਰਨ ਦਾ ਤਹਈਆ ਕਰ ਲਿਆ ਅਤੇ ਇਸ ਤਰ੍ਹਾਂ ਸਮਾਜਵਾਦ ਦੇ ਆਪਣੇ ਆਦਰਸ
ਦਾ ਵਕਾਰ ਆਪਣੇ ਪ੍ਰਭਾਵ ਖੇਤਰ ਵਿੱਚ ਬਣਾਈ ਰਖਿਆ ਅਤੇ ਪਖੰਡੀ ਸਮਾਜ ਸੇਵਾ ਦੀ ਥਾਂ ਸੱਚੀ ਸਮਾਜ ਸੇਵਾ ਦੀ ਸੰਭਾਵਨਾ ਅਤੇ ਸਮਰਥਾ ਸਾਹਮਣੇ ਲਿਆਂਦੀ.
ਜਦੋਂ ਚੂਹੇ ਦੌੜ ਸਭ ਹੱਦਾਂ ਬੰਨੇ ਟੱਪਦੀ ਜਾਂਦੀ ਸੀ ਸਮਾਜ ਦੇ ਰਹਿਬਰਾਂ ਦਾ ੯੭-੯੮ ਫੀ ਸਦੀ ਹਿਸਾ ਅਨੈਤਿਕ ਅਮਲਾਂ ਵਿੱਚ ਗਰਕ ਗਿਆ ਸਭ ਪਾਸੇ ਉਜਾੜ ਹੀ ਉਜਾੜ ਨਜਰ ਆ ਰਿਹਾ ਸੀ ,ਕੋਈ ਕੋਈ ਹਰਿਆ ਬੂਟ ਬਾਕੀ ਰਹੀ ਗਿਆ ਸੀ ਤਾਂ ਹਰਪਾਲ ਘੱਗਾ ਇੱਕ ਸੂਰਬੀਰ ਦੀ ਤਰ੍ਹਾਂ ਨਿਤਰਿਆ ਅਤੇ ਥੱਕੇ ਮਾਂਦੇ ਹਾਰ ਮੰਨਦੇ ਜਾਂਦੇ ਹਮਸਫਰਾਂ ਨੂੰ ਚਲਦੇ ਰਹਿਣ ਲਈ ਰਹਿਨੁਮਾ ਬਣ ਅੱਗੇ ਲੱਗ ਤੁਰੇ.
ਹਰਪਾਲ ਘੱਗਾ ਨੇ ਸਮਾਜ ਸੇਵਾ ਦੀ ਪੂੰਜੀ ਜਮ੍ਹਾ ਕੀਤੀ ਅਤੇ ਪਾਤੜਾਂ ਦੇ ਇਲਾਕੇ ਵਿੱਚ ਪੰਜਾਬ ਦੀਆਂ ਨਰੋਈਆਂ ਕਦਰਾਂ ਕੀਮਤਾਂ ਦੇ ਸਾਕਾਰ ਪ੍ਰਤੀਕ ਬਣ ਗਏ ਅਤੇ ਇਸ ਅਮਰਤਾ ਦੀ ਪਦਵੀ ਹਾਸਲ ਕਰ ਗਏ.
ਉਹਨਾਂ ਬਾਰੇ ਅਨੇਕ ਕਹਾਣੀਆਂ ਦੰਦ ਕਥਾਵਾਂ ਬਣ ਕੇ ਲੋਕ ਯਾਨ ਦਾ ਹਿੱਸਾ ਬਣ ਗਈਆਂ ਹਨ.ਦੇਹਾਂਤ ਤੋਂ ਬਾਅਦ ਇੱਕ ਨਵਾਂ ਘੱਗਾ ਵਿਗਸ ਰਿਹਾ ਹੈ ਜੋ ਅਸਲ ਘੱਗੇ ਨਾਲੋਂ ਵੀ ਕਿਤੇ ਬੁਲੰਦ ਹੈ ਤੇ ਜਿਸਨੇ ਹੋਰ ਵੀ ਵੱਡਾ ਊਰਜਾ ਪੁੰਜ ਬਣ ਕੇ ਆਪਣਾ ਕਾਰਜ ਜਾਰੀ ਰਖਣਾ ਹੈ.ਉਹ ਉਸ ਵਿਰਸੇ ਵਿੱਚ ਸ਼ਾਮਲ ਹੋ ਗਿਆ ਜਿਸ ਦੀਆਂ ਮੂਹਰਲੀਆਂ ਕਤਾਰਾਂ ਵਿੱਚ ਤੇਜਾ ਸਿੰਘ ਸੁਤੰਤਰ, ਧਰਮ ਸਿੰਘ ਫੱਕਰ , ਜਗੀਰ ਸਿੰਘ ਜੋਗਾ, ਵਧਾਵਾ ਰਾਮ , ਛਜੂ ਮੱਲ ਵੈਦ, ਅਰਜਨ ਸਿੰਘ ਮਸਤਾਨਾ,ਨਗਿੰਦਰ ਸਿੰਘ ਹਰੀਨੌਂ , ਗੁਰਨਾਮ ਸਿੰਘ ਹਰੀਨੌਂ ਵਰਗੇ ਹਜ਼ਾਰਾਂ ਯੋਧੇ ਆਪਣਾ ਯੋਗਦਾਨ ਪਾ ਚੁੱਕੇ ਹਨ.
ਉਹਨਾਂ ਦੀ ਅਕਾਦਮਿਕ ਪੜ੍ਹਾਈ ਜਿਆਦਾ ਨਹੀਂ ਸੀ ਪਰ ਇੱਕ ਆਰਗੈਨਿਕ ਬੁਧੀਜੀਵੀ ਤੇ ਤੌਰ ਤੇ ਉਹਦੀ ਕਾਮਯਾਬੀ ਬਹੁਤ ਰਾਹ ਵਿਖਾਊ ਅਤੇ ਸਿਖਿਆ ਭਰਪੂਰ ਹੈ.ਇਲਾਕੇ ਦੀਆਂ ਸਾਰੀਆਂ ਪਾਰਟੀਆਂ ਦੇ ਕਾਰਕੁਨ ਉਹਦੀ ਅਗਵਾਈ ਪ੍ਰਵਾਨ ਕਰਦੀਆਂ ਸਨ.ਉਹ ਕਿਸੇ ਫਜੂਲ ਬਹਿਸ ਵਿੱਚ ਨਹੀਂ ਉਲਝਦੇ ਸਨ ਸਗੋਂ ਆਪਣੇ ਪ੍ਰਮੁਖ ਨਿਸ਼ਾਨੇ ਦੀ ਸੇਧ ਵਿੱਚ ਤੁਰੇ ਰਹਿੰਦੇ ਸਨ ਹਰੇਕ ਸਮਰਥ ਵਿਅਕਤੀ ਨੂੰ ਨਾਲ ਤੋਰਨ ਦੇ ਇੱਛਕ ਸਨ ਚਾਹੇ ਉਹਦੀ ਪਾਰਟੀ ਕੋਈ ਵੀ ਹੋਵੇ.
Subscribe to:
Post Comments (Atom)
No comments:
Post a Comment