Tuesday, May 18, 2010

ਸੱਚ , ਸੁਕਰਾਤ ਅਤੇ ਡਾ. ਰਵਿੰਦਰ ਰਵੀ


ਸੁਕਰਾਤ ਨੇ ਸੱਚ ਲਈ ਜਹਿਰ ਦਾ ਪਿਆਲਾ ਪੀ ਲਿਆ ਤੇ ਡਾ.ਰਵੀ ਨੇ ਬਾਰੂਦੀ ਗੋਲੀਆਂ ਅੱਗੇ ਆਪਣੀ ਹਿੱਕ ਡਾਹ ਦਿੱਤੀ.ਗੱਲ ਬਹੁਤ ਵੱਡੀ ਹੈ ਭਾਵੇਂ ਅਸੀਂ ਇਸ ਨੂੰ ਨਿੱਕੀ ਜਾਣ ਭੁਲਾ ਦਿੱਤਾ ਜਾਂ ਰਸਮੀ ਜਿਹੇ ਸਮਾਗਮਾਂ ਤੱਕ ਸੀਮਤ ਕਰ ਦਿੱਤਾ.ਉਹਦੇ ਲਿਖੇ ਹਰਫਾਂ ਨੂੰ ਪੜ੍ਹਨਾ ਅਜੇ ਬਾਕੀ ਹੈ.ਬੰਦੇ ਦੇ ਕੱਦ ਦਾ ਪਤਾ ਲਗਦਾ ਹੈ ਜਿਸ ਧੱਜ ਨਾਲ ਕੋਈ ਮਕਤਲ ਵਿੱਚ ਜਾਂਦਾ ਹੈ.ਡਾ.ਰਵੀ ਦੇ ਦੁਸ਼ਮਨਾਂ ਨੂੰ ਉਹਦੇ ਹੋਣ ਦੀ ਅਹਿਮੀਅਤ ਦਾ ਇਲਮ ਮੁਕੰਮਲ ਸੀ.ਉਹਨਾਂ ਨੂੰ ਪਤਾ ਸੀ ਕਿ ਕਿਸੇ ਤਰੀਕੇ ਉਹ ਉਹਦੇ ਪ੍ਰੋਮੀਥੀਅਨ ਸਾਰ ਨੂੰ ਜਰਕਾ ਨਹੀਂ ਸਕਦੇ...ਤੇ ਸਾਡੇ ਸਭਨਾਂ ਦੇ ਪਿਆਰੇ ਡਾਕਟਰ ਸਾਹਿਬ ਨੇ ਆਪਣੀ ਕਹਿਣੀ ਤੇ ਕਰਨੀ ਨੂੰ ਸ਼ਹਾਦਤ ਦੀ ਭਾਸ਼ਾ ਨਾਲ ਕਰਮ ਖੇਤਰ ਦੇ ਹੋਰ ਉਚੇਰੇ ਪਧਰ ਤੇ ਸਥਾਪਤ ਕਰ ਦਿੱਤਾ.

ਚਿੰਤਨ ਦੇ ਖੇਤਰ ਵਿੱਚ ਪੰਜਾਬੀ ਬੌਧਿਕ ਹਲਕਿਆਂ ਵਿੱਚ ਉਹਦਾ ਕੱਦ ਬਹੁਤ ਬੁਲੰਦ ਹੈ.ਉਸ ਬੁਲੰਦੀ ਤੋਂ ਹੀ ਉਹ ਸਾਡੀ ਵਰਤਮਾਨ ਬੌਧਿਕ ਕੰਗਾਲੀ ਬਾਰੇ ਟਿੱਪਣੀਆਂ ਕਰਨ ਦਾ ਹੱਕਦਾਰ ਸੀ.ਉਹਨਾਂ ਨੇ ਕਈ ਵਾਰ ਸਾਡੀ ਅਨਿਖਰਵੀਂ ਚਿੰਤਨ ਪਰੰਪਰਾ ਤੇ ਟਿੱਪਣੀ ਕੀਤੀ.ਪੰਜਾਬ ,ਪੰਜਾਬੀਅਤ ਅਤੇ ਇੱਥੋਂ ਦੀਆਂ ਬੇਇਨਸਾਫੀ ਦੇ ਖਿਲਾਫ਼ ਧੜਲੇਦਾਰ ਸੰਘਰਸ਼ ਦੀਆਂ ਰਵਾਇਤਾਂ ਬਾਰੇ ਨਿਰੰਤਰ ਸਰੋਕਾਰ ਉਹਦੀ ਸਖਸ਼ੀਅਤ ਦਾ ਅਨਿਖੜ ਅੰਗ ਸੀ.
ਉਹ ਸਮਾਜਿਕ ਤਬਦੀਲੀ ਲਈ ਇੱਕ ਲੈਨਿਨੀ ਸੰਗਠਨ ਦੇ ਕਾਇਲ ਸਨ .ਸਮਾਜੀ ਪੁਨਰਗਠਨ ਦੇ ਮਾਮਲਿਆਂ ਬਾਰੇ ਸਾਡੀਆਂ ਅਕਸਰ ਗੱਲਾਂ ਹੁੰਦੀਆਂ.ਉਹ ਸੰਗਠਨਾਂ ਦੀ ਸਮਕਾਲੀ ਸਥਿਤੀ ਤੋਂ ਬਹੁਤ ਅਸੰਤੁਸ਼ਟ ਸਨ.ਇੱਥੋਂ ਤੱਕ ਕਿ ਕਈ ਵਾਰ ਤਾਂ ਅਧਿਆਪਨ ਤੋਂ ਤਿਆਗ ਪੱਤਰ ਦੇ ਕੇ ਕੁਲਵਕਤੀ ਬਣ ਸੰਗਠਨ ਦੀ ਉਸਾਰੀ ਵਿੱਚ ਜੁੱਟ ਜਾਣ ਦੇ ਉਹਨਾਂ ਦੇ ਪ੍ਰਵਾਨ ਚੜ੍ਹ ਰਹੇ ਇਰਾਦੇ ਆਪਮੁਹਾਰੇ ਜਾਹਰ ਹੋ ਜਾਂਦੇ ਸਨ.
ਅੱਜ ਪੂਰੇ ਇੱਕੀ ਸਾਲ ਹੋ ਗਏ ਹਨ ਉਹਨਾਂ ਦੀ ਬੇਵਕਤ ਮੌਤ ਨੂੰ.ਸ਼ਾਇਦ ਅਸੀਂ ਇਸ ਅਮਿਣਵੇਂ ਘਾਟੇ ਨੂੰ ਮਹਿਸੂਸ ਕਰਨ ਦੀ ਸਮਰਥਾ ਗੁਆ ਲਈ ਹੈ ਪਰ ਉਹ ਸਾਰੇ ਜਿਹਨਾਂ ਨੂੰ ਉਹ ਲਲਕਾਰਦੇ ਸਨ ਉਹਨਾਂ ਦੀ ਚਰਚਾ ਦੀ ਮਾਮੂਲੀਅਤ ਉਤੇ ਅੱਜ ਵੀ ਗਦਗਦ ਹੁੰਦੇ ਮਹਿਸੂਸ ਕੀਤੇ ਜਾ ਸਕਦੇ ਸਨ.
ਕੁਝ ਦਿਨ ਪਹਿਲਾਂ ਮੈਂ ਪਰਮਜੀਤ ਪੜਬਗਾ ਨਾਲ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਚਲਿਆ ਗਿਆ. ਸੋਚਿਆ, ਚਲੋ ਕੁਝ ਪੁਰਾਣੀਆਂ ਯਾਦਾਂ ਹੀ ਤਾਜਾ ਹੋ ਜਾਣਗੀਆਂ.ਡਾ.ਜਸਵਿੰਦਰ ਦੇ ਕਮਰੇ ਵਿੱਚ ਬੈਠੇ ਸਾਂ.ਮੇਰੇ ਦਿਮਾਗ ਵਿੱਚ ਡਾ. ਰਵੀ ਘੁੰਮ ਰਹੇ ਸੀ ਤੇ ਉਹ ਦਿਨ(੧੯੭੫) ਜਦੋਂ ਜਸਵਿੰਦਰ ਡਾ.ਰਵੀ ਦਾ ਵਿਦਿਆਰਥੀ ਸੀ ਤੇ ਉਹਨਾਂ ਦੀ ਨਿਰਵਿਵਾਦ ਪ੍ਰਤਿਭਾ ਦਾ ਆਪਣੇ ਕੈਰੀਅਰ ਲਈ ਲਾਭ ਉਠਾ ਰਿਹਾ ਸੀ.ਡਾ. ਰਵੀ ਨਾਲੋਂ ਵੀ ਕਿਤੇ ਵੱਡੀਆਂ ਪ੍ਰਾਪਤੀਆਂ ਦੇ ਅਚੇਤ ਜਾਂ ਸੁਚੇਤ ਅਹਿਸਾਸ ਨਾਲ ਨਸਿਆਇਆ ਜਸਵਿੰਦਰ ਡਾ. ਰਵੀ ਦੇ ਅੰਦਾਜ਼ ਵਿੱਚ ਗੱਲਾਂ ਸੁਣਾ ਰਿਹਾ ਸੀ ਪਰ ਡਾ.ਰਵੀ ਉਹਦੀਆਂ ਗੱਲਾਂ ਵਿੱਚ ਉੱਕਾ ਗੈਰ ਹਾਜਰ ਸੀ.ਸਾਹਮਣੇ ਕਮਰੇ ਵਿੱਚ ਬੈਠੀ ਉਹਦੀ ਕੰਪਿਊਟਰ ਸਹਾਇਕ ਨਜਰ ਆ ਰਹੀ ਸੀ ਤੇ ਮੈਂ ਉਠ ਕੇ ਉਹਦੇ ਕੋਲ ਚਲਾ ਗਿਆ ਤੇ ਉਹਨੂੰ ਪੁੱਛਿਆ ਕੀ ਕੀ ਉਹਦੇ ਕੰਪਿਊਟਰ ਵਿੱਚ ਡਾ. ਰਵੀ ਦੀ ਕੋਈ ਤਸਵੀਰ ਹੈ.ਉਹਨੇ ਹਾਂ ਵਿੱਚ ਸਿਰ ਹਿਲਾਇਆ ਤੇ ਦੱਸਿਆ ਕਿ ਬਹੁਤ ਸਾਰੀਆਂ ਹਨ .ਮੈਂ ਉਸ ਨੂੰ ਇਹ ਕਹਿ ਕੇ ਵਾਪਸ ਆ ਗਿਆ ਕਿ ਉਹ ਤਸਵੀਰਾਂ ਮੈਨੂੰ ਈਮੇਲ ਕਰ ਦੇਣੀਆਂ.ਉਹ ਕਹਿਣ ਲੱਗੀ,"ਮੈਂ ਸਾਰੀਆਂ ਹੀ ਭੇਜ ਦਿਆਂਗੀ ਸਰ." ਘਰ ਆ ਕੇ ਜਦੋਂ ਮੈਂ ਜਸਵਿੰਦਰ ਵਲੋਂ ਆਈ ਈਮੇਲ ਦੇਖੀ ਤਾਂ ਸਾਡੇ ਪਿਆਰੇ ਡਾ.ਰਵੀ ਦੀ ਥਾਂ ਕਿਸੇ ਅਘਰਵਾਸੀ ਰਵਿੰਦਰ ਰਵੀ ਦੀਆਂ ਤਸਵੀਰਾਂ ਦੇਖ ਕੇ ਮੈਂ ਡੂੰਘੀ ਉਦਾਸੀ ਵਿੱਚ ਡੁੱਬ ਗਿਆ.ਉਸ ਪੰਜਾਬੀ ਵਿਭਾਗ ਵਿੱਚ ਜਿਸ ਨੂੰ ਕਿਸੇ ਤਰੀਕੇ ਨਾਲ ਵੀ ਡਾ.ਰਵੀ ਨਾਲੋਂ ਅਲੱਗ ਨਹੀਂ ਕੀਤਾ ਜਾ ਸਕਦਾ ਉੱਥੇ ਉਹਨਾਂ ਦੀ ਅਮਰਤਾ ਦਾ ਇਹ ਹਸਰ ਦੇਖ ਕੇ ਮੈਨੂੰ ....ਉਹਨਾਂ ਪਲਾਂ ਦੀ ਮੇਰੀ ਹਾਲਤ ਮੈਂ ਲਫਜਾਂ ਵਿੱਚ ਬਿਆਨ ਨਹੀਂ ਕਰ ਸਕਦਾ.ਪਰ ਜਲਦ ਹੀ ਮੈਂ ਸੰਭਲ ਗਿਆ ਜਦੋਂ ਮੈਂਨੂੰ ਸੁਕਰਾਤ ਨਾਲ ਡਾ. ਰਵੀ ਦੀ ਪੱਕੀ ਆੜੀ ਦਾ ਖਿਆਲ ਆਇਆ.

2 comments:

  1. charan gill ji, meri maa kehndii hei ke madan lal didi da inha te ik asar si. ki tusi chaananaa paa sakdey ho?

    ReplyDelete
  2. ਪੂਨਮ ਜੀ, ਤੁਹਾਡੀ ਮਾਂ ਬਿਲਕੁਲ ਠੀਕ ਕਹਿੰਦੀ ਹੈ. ਡਾ. ਰਵੀ ਹੁਰੀਂ ਅਕਸਰ ਆਪਣੇ ਬੌਧਿਕ ਵਿਕਾਸ ਵਿੱਚ ਕਾ.ਮਦਨ ਲਾਲ ਦੀਦੀ ਦੀ ਭੂਮਿਕਾ ਡਾ ਜ਼ਿਕਰ ਕਰਦੇ ਹੁੰਦੇ ਸਨ ਅਤੇ ਇਹ ਗੱਲ ਡਾ.ਰਵੀ ਨੂੰ ਜਾਣਨ ਵਾਲੇ ਸਾਰਿਆਂ ਦੀ ਜਾਣਕਾਰੀ ਦਾ ਹਿੱਸਾ ਹੈ.ਦਰਅਸਲ,ਮਾਰਕਸਵਾਦ ਨੂੰ ਰਚਨਾਤਮਕ ਅਤੇ ਗਤੀਸ਼ੀਲ ਤੌਰ ਸਮਝਣ ਤੇ ਆਤਮਸਾਤ ਕਰਨ ਦੀਆਂ ਨੀਹਾਂ ਰੱਖਣ ਵਾਲੇ ਕਾ.ਦੀਦੀ ਹੁਰੀਂ ਹੀ ਸਨ. ਅਸੀਂ ਹੋਰ ਵੀ ਸੁਭਾਗੇ ਸਾਂ ਕਿ ਅਸੀਂ ਕਾ. ਦੀਦੀ ਤੋਂ ਵੀ ਪੜ੍ਹੇ ਅਤੇ ਡਾ. ਰਵੀ ਤੋਂ ਵੀ.ਦੋਨਾਂ ਦਾ ਸਾਂਝਾਂ ਗੁਣ ਸੀ ਕਿ ਪੜ੍ਹਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਸੁਹਣਾ ਸੱਜਰਾ ਮਾਹੌਲ ਬੰਨ੍ਹ ਲੈਂਦੇ ਸਨ ਅਤੇ ਫਿਰ ਝੰਜੋੜ ਦੇਣ ਵਾਲੀ ਹਲਚਲ ਪੈਦਾ ਕਰ ਦਿੰਦੇ ਸਨ.
    ਇਕੱਲੇ ਰਵੀ ਨਹੀਂ ਸਗੋਂ ਹੋਰ ਵੀ ਵਿਦਵਾਨ ਹਨ ਜਿਨ੍ਹਾਂ ਦੀਆਂ ਚਿੰਤਨ ਦੀਆਂ ਰਵਾਇਤਾਂ ਨੂੰ ਸਾਡੇ ਮਹਿਬੂਬ ਆਗੂ ਨੇ ਪ੍ਰਭਾਵਿਤ ਕੀਤਾ ਸੀ.ਡਾ.ਜਸਵੀਰ ਸਿੰਘ ਆਹਲੂਵਾਲੀਆ ਨੇ ਵੀ ਇੱਕ ਥਾਂ ਇਸ ਪ੍ਰਭਾਵ ਦਾ ਜ਼ਿਕਰ ਕੀਤਾ ਹੈ.

    ReplyDelete