Sunday, May 16, 2010

ਸੁੱਕੀ ਕਿੱਕਰ ਤੇ ਕਾਂ

ਗੁਰਨਾਮ ਸਿੰਘ ਫੌਜੀ ਅੱਸੀ ਪਾਰ ਕਰ ਚੁੱਕਿਆ ਹੈ ਤੇ ਉਹਦੀ ਪਤਨੀ ਗੁਰਦੇਵ ਕੌਰ ਵੀ ਅੱਸੀ ਤੋਂ ਸਾਲ ਦੋ ਸਾਲ ਹੀ ਘੱਟ ਹੋਣੀ ਹੈ.ਦੋਨਾਂ ਦੇ ਸੁਭਾ ਬਹੁਤ ਅੱਲਗ ਅਲੱਗ ਹਨ.ਸਾਰੀ ਜਿੰਦਗੀ ਉਹਨਾਂ ਨੇ ਲੜਦੇ ਝਗੜਦੇ ਪਰ ਆਪਸੀ ਪਿਆਰ ਦੇ ਦਾਇਰੇ ਵਿੱਚ ਵਿਚਰਦਿਆਂ ਗੁਜਾਰ ਦਿੱਤੀ ਹੈ.ਹੁਣ ਆਖਰੀ ਉਮਰ ਆਪਣੇ ਪਿੰਡ ਨਿਹਾਲੇ ਵਾਲੇ ਆਪਣੇ ਘਰ ਵਿੱਚ ਗੁਜਾਰ ਰਹੇ ਹਨ.ਦੋਨੋਂ ਬੀਮਾਰ ਹਨ ਪਰ ਫਿਰ ਵੀ ਨਿਗੂਣੀ ਜਿਹੀ ਮਦਦ ਨਾਲ ਵਧੀਆ ਕੰਮ ਚਲਾ ਰਹੇ ਹਨ.ਦੋ ਮੁੰਡੇ ਤੇ ਦੋ ਕੁੜੀਆਂ ਸ਼ਹਿਰਾਂ ਵਿੱਚ ਸੈੱਟਲ ਹਨ ਅਤੇ ਆਪਣੀ ਆਪਣੀ ਕਬੀਲਦਾਰੀ ਵਿੱਚ ਉਲਝੇ ਹੋਏ ਹਨ.ਉਹਨਾਂ ਵਿੱਚੋਂ ਕਿਸੇ ਕੋਲ ਜਾ ਕੇ ਰਹਿੰਦੇ ਹਨ ਤਾਂ ਸ਼ਹਿਰ ਦੇ ਓਪਰੇ ਇਲਾਕੇ ਵਿੱਚ ਕਮਰੇ ਬੰਦ ਰਹਿਣਾ ਪੈਂਦਾ ਹੈ .ਗੁਰਨਾਮ ਸਿੰਘ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਅਤਿ ਭਾਵਕ ਸੁਭਾ ਗੁਰਦੇਵ ਕੌਰ ਦਾ ਕਿਤੇ ਉੱਕਾ ਜੀ ਨਹੀਂ ਲੱਗਦਾ ਤੇ ਉਹ ਘੁੰਮਦੇ ਰਹਿਣਾ ਚਾਹੁੰਦੀ ਹੈ.ਪਿੰਡ ਉਹਦੇ ਲਈ ਹੋਰ ਸਭ ਥਾਵਾਂ ਨਾਲੋਂ ਵਧੀਆ ਹੈ.ਕਦੀ ਸ਼ਾਮੋ ਕਦੀ ਨਸੀਬੋ ਕੋਈ ਨਾ ਕੋਈ ਗੁਆਂਢਣ ਆਈ ਰਹਿੰਦੀ ਹੈ ਜਾਂ ਫਿਰ ਉਹ ਆਪ ਕਿਸੇ ਨਾ ਕਿਸੇ ਘਰ ਚੱਕਰ ਲਾ ਆਉਂਦੀ ਹੈ.ਉਹਦਾ ਆਪਣੀਆਂ ਧੀਆਂ ਨਾਲ ਮੋਹ ਸਮੇਂ ਨਾਲ ਲਗਾਤਾਰ ਵਧਦਾ ਹੀ ਜਾਂਦਾ ਹੈ.ਪੰਮੀ ਤਾਂ ਲੰਦਨ ਬੈਠੀ ਹੈ ਸਾਲ ਦੋ ਸਾਲ ਬਾਅਦ ਗੇੜਾ ਮਾਰਦੀ ਹੈ ਪਰ ਮੇਲੋ ਹਰ ਮਹੀਨੇ ਦੋ ਤਿੰਨ ਚੱਕਰ ਆਪਣੀ ਮਾਂ ਕੋਲ ਲਾ ਆਉਂਦੀ ਹੈ.ਫੋਨ ਨੇ ਮੌਜਾਂ ਲਾ ਰਖੀਆਂ ਹਨ ਰੋਜ ਧੀਆਂ ਨਾਲ ਗੱਲਾਂ ਹੋ ਜਾਂਦੀਆਂ ਹਨ.ਆਪਣੀ ਸੀਮਤ ਜਿਹੀ ਸ਼ਬਦ ਪੂੰਜੀ ਵਿੱਚ ਗੁਰਦੇਵ ਕੌਰ ਆਪਣੇ ਹਾਵ ਭਾਵ ਪ੍ਰਗਟ ਕਰਦੀ ਹੈ ਤਾਂ ਯਕੀਨ ਨਹੀਂ ਆਉਂਦਾ ਕਿ ਉਹ ਇੱਕ ਭੋਲੀ ਭਾਲੀ ਅਨਪੜ੍ਹ ਔਰਤ ਹੈ ਜਿਸ ਨੇ ਨਾ ਕਦੇ ਬਾਤਾਂ ਪਾਈਆਂ ਹਨ ਅਤੇ ਨਾ ਹੀ ਕਦੇ ਫਿਲਮਾਂ ਦੇਖੀਆਂ ਹਨ.ਬੱਸ ਸਾਦੀ ਗਮੀ ਦੇ ਮੌਕਿਆਂ ਤੇ ਗੀਤਾਂ ਦੀ ਹੇਕ ਵਿੱਚ ਸਾਮਲ ਹੋਣਾ ਹੀ ਉਹਦੀ ਇੱਕੋ ਇੱਕ ਕਲਾ ਸਰਗਰਮੀ ਹੈ. ਬਾਕੀ ਤਾਂ ਬੱਸ ਕੰਮ ਹੀ ਕੰਮ ਹੈ ਚੁਲ੍ਹਾ ਚੌਂਕਾ ...ਪਰ ਜਦੋਂ ਉਹ ਮੋਹ ਦਾ ਪ੍ਰਗਟਾਵਾ ਕਰਦੀ ਹੈ ਤਾਂ ਉਹਦੀ ਸੀਮਤ ਸ਼ਬਦ ਬਹੁਤ ਸਾਹਿਤਕ ਵਾਕੰਸ਼ਾਂ ਦਾ ਰੂਪ ਧਾਰਨ ਕਰਨ ਲੱਗਦੇ ਹਨ.."ਨੀ ਮੈਨੂ ਤਾਂ ਤੇਰਾ ਬਾਹਲਾ ਈ ਬਾਹਲਾ ਈ ...ਪਿਆਰ ਆਉਂਦੈ ਧੀਏ !ਉਹਦਾ ਇੱਕੋ ਵਿਸ਼ੇਸ਼ਣ ਚਮਤਕਾਰੀ ਭੂਮਿਕਾ ਨਿਭਾਉਣ ਲਗਦਾ ਹੈ ਤੇ ਸਾਰਾ ਸਰੀਰ ਤਰਲ ਹੋ ਵੱਗਣ ਲੱਗ ਪੈਂਦਾ ਹੈ ਮੋਹ ਦਾ ਦਰਿਆ ਬਣ ਕੇ. ਉਹਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਕਾਰਗੁਜਾਰੀ ਸਿਖਰਾਂ ਤੇ ਪਹੁੰਚ ਜਾਂਦੀ ਹੈ ਤੇ ...ਉਹ ਤੇਜ ਤੇਜ ਅੱਖਾਂ ਝਪਕਦੀ ਹੈ ਤੇ ਚਿਹਰੇ ਤੇ ਇੱਕ ਚਮਕ ਦੀ ਹਕੂਮਤ ਹੋ ਜਾਂਦੀ ਹੈ ..ਉਹਦੀ ਸਾਰੀ ਹੋਂਦ ਇੱਕ ਤਰਲਾ ਬਣ ਜਾਂਦੀ ਹੈ.ਉਹਦਾ ਜੀਅ ਕਰਦਾ ਹੈ ਕਿ ਉਹਦੀ ਧੀ ਹੁਣ ਉਹਦੇ ਕੋਲ ਹੀ ਰਵੇ ..ਕਦੇ ਨਾ ਜਾਵੇ .
" ਪਾਪਾ, ਬੀਬੀ ਦਾ ਜੀਅ ਨਹੀਂ ਲੱਗਦਾ."ਮੇਲੋ ਕਹਿੰਦੀ ਹੈ.
"ਹਾਂ ਭਾਈ, ਇਹਦਾ ਸ਼ੁਰੂ ਤੋਂ ਈ ਇਉਂ ਦਾ ਮਤਾ ਐ. "
"ਪਾਪਾ, ਤੈਨੂੰ ਤਾਂ ਕੋਈ ਚੱਕਰ ਨਹੀਂ ਜੀਅ ਦਾ ."
"ਹਾਂ ਭਾਈ,ਮੈਂ ਤਾਂ ਇੱਕੋ ਥਾਂ ਬੈਠਾ ਰਹਾਂ ਸਾਰਾ ਦਿਨ 'ਕੱਲਾ ਈ ਸੁੱਕੀ ਕਿੱਕਰ ਤੇ ਕਾਂ ਵਾਂਗੂੰ ." ਗੁਰਨਾਮ ਸਿੰਘ ਨੇ ਆਪਣੇ ਵਜੂਦ ਦੇ ਸੱਚ ਨੂੰ ਪੰਜ ਅੱਖਰਾਂ ਵਿੱਚ ਬੰਨ੍ਹ ਦਿੱਤਾ ਤੇ ਮੈਂ ਸਭਿਆਚਾਰ ਵਿੱਚ ਪਏ ਅਸੀਮ ਪ੍ਰਗਟਾ ਭੰਡਾਰ ਬਾਰੇ ਕਈ ਦਿਨ ਤੱਕ ਸੋਚਦਾ ਰਿਹਾ.

1 comment:

  1. ਤੁਹਾਡੀ ਸਚੀ ਕਹਾਣੀ ਪੜੀ।ਬਹੁਤ ਹੀ ਮਨ ਨੂ ਅਛੀ ਲਾਗੀ।ਏਸ ਨੂ ਪੜ ਕੀ ਇਸ ਤਰਾ ਲਗਿਆ ਕੀ ਅਸੀਂ ਹੁਣੇ ਨਿਹਾਲ ਸਿੰਘ ਵਾਲਾ ਪੌਹੁੰਚ ਜਾਇਏ ।ਅੱਜ ਪਹਿਲੀ ਵਾਰੀ ਪੰਜਾਬੀ ਲਿਖਣੀ ਸ਼ੁਰੂ ਕੀਤੀ ਹੈ ।

    ReplyDelete