Friday, May 14, 2010

ਕਾ. ਹਰਪਾਲ ਘੱਗਾ ਨਹੀਂ ਰਹੇ !

ਹੁਣੇ ਖਬਰ ਮਿਲੀ ਹੈ ਕਿ ਉਘੇ ਸਮਾਜ ਸੇਵਕ ਕਾ. ਹਰਪਾਲ ਘੱਗਾ ਨਹੀਂ ਰਹੇ.ਪਾਤੜਾਂ ਇਲਾਕੇ ਦੀ ਬਹੁਤ ਚੰਗੀ ਕਿਸਮਤ ਸੀ ਕਿ ਹਰਪਾਲ ਘੱਗਾ ਨੇ ਜਵਾਨ ਉਮਰੇ ਹੀ ਆਪਣੇ ਆਪ ਨੂੰ ਸਮਾਜਕ ਪਰਿਵਰਤਨ ਦੀ ਲਹਿਰ ਨੂੰ ਅਰਪਿਤ ਕਰ ਦਿੱਤਾ ਸੀ ਅਤੇ ਸਾਰੀ ਉਮਰ ਉਹਨਾਂ ਨੇ ਆਪਣੇ ਇਲਾਕੇ ਨੂੰ ਹੀ ਕੇਂਦਰ ਬਿੰਦੂ ਬਣਾ ਕੇ ਸਰਗਰਮੀ ਕੀਤੀ ਅਤੇ ਉਹਨਾਂ ਨੂੰ ਲੰਮੀ ਸਿਹਤਯਾਬ ਉਮਰ ਨਸੀਬ ਹੋਈ.ਪਿਛਲੇ ਢਾਈ ਤਿੰਨ ਦਹਾਕਿਆਂ ਤੋਂ ਜਦੋਂ ਉਹਨਾਂ ਨੇ ਵੇਖ ਲਿਆ ਕਿ ਕਮਿਊਨਿਸਟ ਲਹਿਰ ਇੱਛਤ ਨਤੀਜੇ ਨਹੀਂ ਕੱਢ ਸਕੇਗੀ,ਕਿ ਇਹ ਆਪਣੇ ਤੰਗਨਜਰ ਰੁਝਾਨਾਂ ਵਿੱਚ ਉਲਝ ਕੇ ਰਹਿ ਗਈ ਹੈ ਤਾਂ ਉਹਨਾਂ ਨੇ ਆਪਣੇ ਪਛੜੇ ਇਲਾਕੇ ਵਿੱਚ ਕੁੜੀਆਂ ਦੀ ਪੜ੍ਹਾਈ ਨੂੰ ਉਤਸਾਹਿਤ ਕਰਨ ਲਈ ਵਧੇਰੇ ਹੀ ਵਧੇਰੇ ਇਕਾਗਰ ਚਿੱਤ ਹੋਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ.ਇਲਾਕੇ ਦੇ ਪਤਵੰਤਿਆਂ ਦੇ ਸਹਿਯੋਗ ਨਾਲ ਉਹਨਾਂ ਨੇ ਅੱਜ ਦੇ ਮੁਸ਼ਕਿਲ ਦੌਰ ਵਿੱਚ ਇੱਕ ਵੱਡੀ ਸੰਸਥਾ ਨੂੰ ਪੱਕੇ ਪੈਰੀਂ ਕਰ ਕੇ ਦਿਖਾ ਦਿੱਤਾ.ਸ਼ਾਇਦ ਉਹਨਾਂ ਦੀ ਲਗਨ ਦੀ ਕਮਾਲ ਸੀ ਕਿ ਅੱਸੀ ਤੋਂ ਕਦੋਂ ਦੇ ਟੱਪ ਜਾਣ ਦੇ ਬਾਵਜੂਦ ਵੀ ਆਖਰੀ ਦਮ ਤੱਕ ਉਹ ਜਵਾਨੀ ਵਾਲੇ ਜੋਸ਼ ਨਾਲ ਕੰਮ ਵਿੱਚ ਜੁਟੇ ਰਹੇ.ਵੀਹ ਬਾਈ ਸਾਲ ਪਹਿਲਾਂ ਉਹਨਾਂ ਦੀ ਜੀਵਨ ਸਾਥਣ ਉਹਨਾਂ ਨੂੰ ਛੱਡ ਕੇ ਚਲੀ ਗਈ ਸੀ ਜਿਸ ਕਰਨ ਕੁਝ ਸਾਲ ਉਹ ਖਾਲੀਪਣ ਮਹਿਸੂਸ ਕਰਦੇ ਰਹੇ ਪਰ ਉਹਨਾਂ ਦੇ ਸਮਾਜੀ ਮਕਸਦ ਨੇ ਉਹਨਾਂ ਨੂੰ ਨਿਰਾਸਾ ਵਿੱਚ ਜਾਣ ਤੋਂ ਬਚਾਈ ਰਖਿਆ.
ਹਰਪਾਲ ਘੱਗਾ ਨਾਲ ਮੇਰੀ ਪਹਿਲੀ ਮੁਲਾਕਾਤ ੧੯੭੫ ਵਿੱਚ ਹੋਈ ਸੀ ਜਦੋਂ ਮੈਂ ਪਟਿਆਲੇ ਜਿਲੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਕੁਲ ਵਕਤੀ ਬਣਿਆ ਤੇ ਮੈਨੂੰ ਪਾਰਟੀ ਦੀ ਨਾਭਾ ਤਹਿਸੀਲ ਇਕਾਈ ਦਾ ਉਪ ਸਕੱਤਰ ਚੁਣਿਆ ਗਿਆ.ਜਿਲੇ ਵਲੋਂ ਚੋਣ ਕਰਾਉਣ ਲਈ ਕਾ.ਘੱਗਾ ਹੁਰੀਂ ਗਏ ਸਨ.ਉਸ ਵਕਤ ਜਦੋਂ ਪਾਰਟੀ ਅੰਦਰ ਗੁੱਟਬੰਦੀ ਕਈ ਵਾਰ ਨਿਰਾਸ਼ਾ ਵੱਲ ਧਕਦੀ ਸੀ ਜਿਲੇ ਦੇ ਇੱਕ ਸੀਨੀਅਰ ਆਗੂ ਵਲੋਂ ਦਿੱਤੀ ਹੱਲਾਸ਼ੇਰੀ ਨੂੰ ਮੈਂ ਕਦੇ ਨਹੀਂ ਭੁਲਾ ਸਕਿਆ.ਰਾਜਪੁਰੇ ਪਾਰਟੀ ਦਫਤਰ ਦੇ ਝਗੜੇ ਸਮੇਂ ਵੀ ਚਲਦੀਆਂ ਗੋਲੀਆਂ ਵਿੱਚ ਸਾਹਮਣੇ ਆਈ ਉਹਨਾਂ ਦੀ ਦਲੇਰੀ ਵੇਖਣਯੋਗ ਸੀ ਤੇ ਅਕਸਰ ਅਸੀਂ ਉਸ ਘਟਨਾ ਨੂੰ ਯਾਦ ਕਰਦੇ ਹੁੰਦੇ ਸੀ.ਪਿਛਲੇ ਸਮਿਆਂ ਵਿੱਚ ਨਿਰਾਸ਼ਾ ਵਿੱਚ ਧੱਕਣਵਾਲਾ ਬਹੁਤ ਕੁਝ ਵਾਪਰਿਆ ਤੇ ਬਹੁਤ ਸਾਰੇ ਬੇਗਰਜ਼ ਕਾਰਕੁਨ ਰੁੜਦੇ ਵੇਖੇ ਗਏ ਪਰ ਹਰਪਾਲ ਘੱਗੇ ਨੇ ਕਮਾਲ ਨਿਰਲੇਪਤਾ ਨਾਲ ਆਪਣੀ ਪ੍ਰਤਿਬਧਤਾ ਨੂੰ ਬਰਕਰਾਰ ਰੱਖ ਵਿਖਾਇਆ.ਅਜੇ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਦੇ ਬੇਟੇ ਦੀ ਮੌਤ ਦੇ ਸਦਮੇ ਨਾਲ ਵੀ ਉਹਨਾਂ ਨੇ ਦਿਲ ਨਹੀਂ ਛੱਡਿਆ ਅਤੇ ਆਪਣੇ ਮਿਸ਼ਨ ਵਿੱਚ ਜੁਟੇ ਰਹੇ.ਤਸੱਲੀ ਦੀ ਗੱਲ ਹੈ ਕਿ ਉਹਨਾਂ ਦੀ ਘਾਲਣਾ ਨੇ ਰੰਗ ਲਿਆਂਦਾ ਹੈ ਅਤੇ ਉਹਨਾਂ ਦੀ ਬਣਾਈ ਸੰਸਥਾ ਉਹਨਾਂ ਦੇ ਕੰਮਾਂ ਦੀ ਯਾਦ ਕਰਾਉਂਦੀ ਰਹੇਗੀ ਅਤੇ ਇੱਕ ਸੱਚੇ ਸਮਾਜਸੇਵੀ ਦੇ ਨਮੂਨੇ ਵਜੋਂ ਆਉਣ ਵਾਲੇ ਸਮਿਆਂ ਵਿੱਚ ਪ੍ਰੇਰਨਾ ਦਾ ਸਰੋਤ ਬਣੇ ਰਹਿਣਗੇ.

No comments:

Post a Comment