Thursday, March 17, 2011

ਕਾਮਨੀ,ਕਮਲਾ ਤੇ ਸਰ ਜੋਗਿੰਦਰ ਸਿੰਘ

ਮੈਂ ਦਸ ਗਿਆਰਾਂ ਸਾਲ ਦਾ ਸੀ ਜਦੋਂ ਪਹਿਲਾ ਨਾਵਲ ਪੜ੍ਹਿਆ. ਨਾਵਲ ਦਾ ਨਾਂ ਤੇ ਲੇਖਕ ਦਾ ਨਾਂ ਅੱਜ ਤੱਕ ਯਾਦ ਹਨ . ਕਦੇ ਨਹੀਂ ਭੁੱਲੇ. ਪੜ੍ਹਨ ਦਾ ਸ਼ੌਕ ਇਸ ਤੋਂ ਵੀ ਪਹਿਲਾਂ ਪੈ ਚੁੱਕਿਆ ਸੀ. ਕਹਾਣੀ ਰਸ ਮਾਨਣ ਦੀ ਸੁਹਜਾਤਮਕ ਰੁਚੀ ਜਬਾਨੀ ਸਭਿਆਚਾਰ ਦੇ ਸਾਗਰ ਵਿੱਚ ਟੁਭੀਆਂ ਲਾਉਂਦੇ ਰੜ੍ਹ ਚੁੱਕੀ ਸੀ. ਅਜ਼ਾਦੀ ਤੋਂ ਬਾਅਦ ਨਹਿਰੂ ਦੀਆਂ ਸਭਿਆਚਾਰ ਪ੍ਰਫੁੱਲਿਤ ਕਰਨ ਦੀਆਂ ਨੀਤੀਆਂ ਸਦਕਾ ਸਾਡੇ ਪਿੰਡ ਵੀ ਇੱਕ ਛੋਟੀ ਜਿਹੀ ਲਾਇਬ੍ਰੇਰੀ ਆ ਗਈ ਸੀ ਜਿਸ ਦਾ ਕੋਈ ਲਾਇਬ੍ਰੇਰੀਅਨ ਨਹੀਂ ਸੀ.ਇੱਕ ਲੱਕੜ ਦੀ ਅਲਮਾਰੀ ਸੀ ਜੋ ਧਰਮਸ਼ਾਲਾ ਵਿੱਚ ਪਈ ਸੀ. ਇਸ ਵਿੱਚ ਦੋ ਚਾਰ ਸੌ ਕਿਤਾਬ ਸੀ. ਕੁਝ ਸ਼ੌਕੀਨ ਇਸ ਵਿੱਚੋਂ ਕਦੇ ਕਦੇ ਅਲਮਾਰੀ ਦੇ ਪੱਲੇ ਅੱਗੇ ਪਿੱਛੇ ਕਰਕੇ ਕੋਈ ਨਾ ਕੋਈ ਕਿਤਾਬ ਕਢ ਲੈਂਦੇ ਸਨ ਤੇ ਉਹ ਪਿੰਡ ਵਿੱਚ ਹਥੋ ਹਥੀ ਗਸ਼ਤ ਕਰਨ ਲੱਗਦੀ . ਭਗਤਾਂ ਦੇ ਜੀਵਨ ਨਾਲ ਜੁੜੀ ਇੱਕ ਕਿਤਾਬ ਇਵੇਂ ਹੀ ਮੇਰੇ ਹਥ ਲੱਗੀ ਸੀ. ਇਹ ਮੇਰੇ ਜੀਵਨ ਦੀ ਸਕੂਲ ਦੀਆਂ ਕਿਤਾਬਾਂ ਤੋਂ ਬਾਹਰ ਮੇਰੀ ਪਹਿਲੀ ਕਿਤਾਬ ਸੀ . ਸ਼ਾਇਦ ਜਰਗ ਦੇ ਮੇਲੇ ਤੋਂ ਖਰੀਦ ਕੇ ਲਿਆਂਦੀਆਂ ਤੋਤਾ ਮੈਨਾ ਦੀਆਂ ਕਹਾਣੀਆਂ ਇਸ ਤੋਂ ਪਹਿਲਾਂ ਪੜ੍ਹ ਲਈਆਂ ਸਨ . ਇਸ ਤੋਂ ਵੀ ਪਹਿਲਾਂ ਸੋਹਣੀ ਸਦਾ ਰਾਮ ਤੇ ਰੂਪ ਬਸੰਤ ਤੇ ਕੁਝ ਹੋਰ ਚਿੱਠੇ ਘਰ ਵਿੱਚ ਮੌਜੂਦ ਹੋਣ ਕਾਰਨ ਵਾਰ ਵਾਰ ਪੜ੍ਹੇ ਜਾਂਦੇ ਸਨ .

ਖੈਰ , ਮੈਂ ਦੱਸ ਰਿਹਾ ਸੀ ਪਹਿਲੇ ਨਾਵਲ ਦੀ ਗੱਲ.ਮੈਂ ਪੰਜਵੀਂ ਵਿੱਚ ਸੀ ਤੇ ਮੇਰਾ ਵੱਡਾ ਭਰਾ ਗੁਆਂਢ ਦੇ ਪਿੰਡ ਧਮੋਟ ਦੇ ਸਕੂਲ ਛੇਵੀਂ ਵਿਚ. ਉਹ ਉਥੋਂ ਦੀ ਲਾਇਬ੍ਰੇਰੀ ਵਿੱਚੋਂ ਇਹ ਨਾਵਲ ਲਿਆਇਆ ਸੀ. ਸਰ ਜੋਗਿੰਦਰ ਸਿੰਘ ਦਾ ਲਿਖਿਆ ਕਾਮਨੀ . ਉਸ ਦਿਨ ਮੈਨੂੰ ਬੁਖਾਰ ਸੀ ਤੇ ਮੈਂ ਸਕੂਲ ਨਹੀਂ ਸੀ ਗਿਆ. ਕਹਾਣੀ ਨੇ ਮੇਰੇ ਬਾਲ ਮਨ ਨੂੰ ਏਨੇ ਜੋਰ ਨਾਲ ਕਾਬੂ ਕਰ ਲਿਆ ਸੀ ਕਿ ਮੈਂ ਹੋਰ ਕਾਸੇ ਬਾਰੇ ਸੋਚਣ ਤੋਂ ਅਸਮਰਥ ਸੀ. ਘਰਦਿਆਂ ਦੀਆਂ ਝਿੜਕਾਂ ਤੋਂ ਡਰਦਿਆਂ ਆਪਣੇ ਇਸ ਜਨੂੰਨ ਨੂੰ ਛੁਪਾਉਣ ਲਈ ਮੈਂ ਚਾਦਰ ਤਾਣੀਂ ਹੋਈ ਸੀ . ਕਾਮਨੀ ਇਸ ਨਾਵਲ ਦੀ ਮੁੱਖ ਪਾਤਰ ਹੈ ਜੋ ਇਸ ਜਾਲਮ ਦੁਨੀਆਂ ਵਿੱਚ ਇੱਕ ਤੋਂ ਬਾਅਦ ਇੱਕ ਮੁਸੀਬਤ ਨਾਲ ਜੂਝਦੀ ਹੈ. ਕੁਦਰਤੀ ਕਹਿਰ ਅੱਡ ਢਹਿ ਰਹੇ ਹਨ. ਅਕਾਲ ਪਿਆ ਹੋਇਆ ਹੈ. ਕਹਾਣੀ ਤੰਦਾਂ ਤਾਂ ਹੁਣ ਹੋਸ਼ ਦੇ ਅਗਿਆਤ ਮੰਡਲਾਂ ਵਿੱਚ ਵੱਸ ਚੁਕੀਆਂ ਹਨ ਪਰ ਨਾਵਲੀ ਬਿੰਬ ਹਮੇਸ਼ਾ ਲਈ ਹੋਸ਼ ਦਾ ਅੰਗ ਬਣ ਗਿਆ.

ਇਸ ਤੋਂ ਬਾਅਦ ਕਹਾਣੀਆਂ ਲਈ ਲਿਲ੍ਹਕ ਨੇ ਮੈਨੂੰ ਕਿਤਾਬਾਂ ਦੀ ਦੁਨੀਆਂ ਵਿੱਚ ਇੱਕ ਅਮੁੱਕ ਸਫਰ ਤੇ ਤੋਰ ਦਿੱਤਾ ਅਤੇ ਹਰੇਕ ਕਿਤਾਬ ਵਿੱਚ ਮੈਨੂੰ ਇੱਕ ਸਰਗਰਮ ਰੂਹ ਨਜ਼ਰ ਆਉਂਦੀ ਜੋ ਮੈਨੂੰ ਬੁਲਾ ਰਹੀ ਹੁੰਦੀ ਹੈ .

ਬਾਅਦ ਵਿੱਚ ਜਦੋਂ ਮੇਰਾ ਵਾਹ ਪ੍ਰੀਤਲੜੀ, ਆਰਸੀ, ਨਾਗਮਣੀ , ਪ੍ਰੀਤਮ ਅਤੇ ਕਵਿਤਾ ਆਦਿ ਪੰਜਾਬੀ ਰਸਾਲਿਆਂ ਨਾਲ ਪਿਆ ਤਾਂ ਮੈਂ ਇਨ੍ਹਾਂ ਵਿੱਚ ਛਪਦੀਆਂ ਪੁਸਤਕ ਸੂਚੀਆਂ ਨੂੰ ਵਾਰ ਵਾਰ ਘੋਖਦਾ ਰਹਿੰਦਾ. ਇਨ੍ਹਾਂ ਵਿੱਚ ਸਰ ਜੋਗਿੰਦਰ ਸਿੰਘ ਦੇ ਇੱਕ ਹੋਰ ਨਾਵਲ ਕਮਲਾ ਦਾ ਵੀ ਨਾਂ ਹੁੰਦਾ. ਇਸ ਨੂੰ ਪੜ੍ਹਨ ਮੇਰੀ ਉਚੇਚੀ ਤਮੰਨਾ ਸੀ ਪਰ ਮੇਰੇ ਮੁੱਖ ਤੌਰ ਤੇ ਗੈਰ ਸਾਹਿਤਕ ਮਾਹੌਲ ਵਿੱਚੋਂ ਮੈਨੂੰ ਇਹ ਕਦੇ ਪ੍ਰਾਪਤ ਨਾ ਹੋਇਆ ਅਤੇ ਮੇਰੀ ਇਹ ਤਮੰਨਾ ਅਨਪੂਰੀ ਰਹਿ ਗਈ . ਕਾਮਨੀ ਨੇ ਮੇਰੇ ਤੇ ਜਾਦੂ ਕਿਵੇਂ ਕੀਤਾ ਇਹ ਸਮਝਣ ਲਈ ਦੁਆਰਾ ਇਹ ਨਾਵਲ ਪੜ੍ਹਨ ਦੀ ਤਮੰਨਾਂ ਵੀ ਅਜੇ ਕਾਇਮ ਹੈ . ਉਮਰ ਪਾਠਕ ਦੇ ਤੌਰ ਆਪਣੇ ਅਨੁਭਵਾਂ ਨੂੰ ਕਲਮਬੰਦ ਕਰਨ ਵਾਸਤੇ ਇਹ ਪੁਨਰ ਪਾਠ ਬੜਾ ਸਹਾਈਹੋ ਸਕਦਾ ਹੈ.

Wednesday, March 16, 2011

ਬੱਗੂ ਤਾਇਆ ਤੇ ਵਲਵਲਿਆਂ ਦਾ ਦੇਸ਼ਹੱਲਿਆਂ ਤੋਂ ਬਾਅਦ ਦੂਜੇ ਦਹਾਕੇ ਵਿੱਚ ਅਸੀਂ ਦਾਖਲ ਹੋ ਗਏ ਸਾਂ. ਮੇਰੇ ਜੀਵਨ ਦਾ ਅਜੇ ਪਹਿਲਾ ਦਹਾਕਾ ਵੀ ਪੂਰਾ ਨਹੀਂ ਸੀ ਹੋਇਆ. ਹਿੰਦੀ ਚੀਨੀ ਭਾਈ ਭਾਈਤੋਂ ਦੰਦ ਹੋਣਗੇ ਖੱਟੇ ਚੀਨੀ ਹੋਸ਼ ਕਰੀਂ ਦੀਆਂ ਰਾਜਨੀਤਕ ਭਿਣਕਾਂ ਸਾਡੇ ਬਾਲ ਮਨ ਤੇ ਹਮੇਸ਼ਾ ਲਈ ਇੱਕ ਕੋਨਾ ਮੱਲ ਬੈਠੀਆਂ ਸਨ. ਸਾਡੀ ਬੀਹੀ ਵਿੱਚ ਨੌਂ ਘਰ ਸਨ . ਸਾਡੇ ਘਰ ਦੇ ਦਖਣੀ ਪਾਸੇ ਟਹਿਲੇ ਕਾ ਘਰ ਸੀ ਅਤੇ ਉਸ ਤੋਂ ਅੱਗੇ ਬਚਨੀ ਤਾਈ ਕਾ. ਬਚਨੀ ਤਾਈ ਦੇ ਘਰ ਕੁੱਲ ਚਾਰ ਜੀ ਸਨ . ਭੋੜਿਆਂ ਦੇ ਤੋਤੇ ਦੀ ਉਹ ਇੱਕਲੌਤੀ ਧੀ ਸੀ ਅਤੇ ਉਹਦੇ ਪਿਉ ਨੇ ਬੜੀ ਠੁੱਕ ਨਾਲ ਉਹਦਾ ਮਾਖੇ ਨਾਲ ਵਿਆਹ ਕੀਤਾ ਸੀ. ਮਾਖੇ ਦੇ ਦੋ ਹੋਰ ਭਰਾ ਸਨ. ਦੋਨੋਂ ਉਸ ਤੋਂ ਛੋਟੇ .ਇੱਕ ਨੂੰ ਅਸੀਂ ਬੱਗੂ ਤਾਇਆ ਕਹਿੰਦੇ ਸੀ ਅਤੇ ਸਭ ਤੋਂ ਛੋਟਾ ਮੇਵੋ ਤਾਇਆ. ਨਾਥਾਂ ਦਾ ਪਰਿਵਾਰ ਸੀ. ਮਾਖੇ ਨਾਲ ਸਾਡਾ ਕਦੇ ਵਾਹ ਵਾਸਤਾ ਨਹੀਂ ਸੀ ਪੈਂਦਾ. ਸ਼ਾਇਦ ਉਸ ਨੂੰ ਬੱਚਿਆਂ ਨਾਲ ਕੋਈ ਲਗਾਅ ਨਹੀਂ . ਉਨ੍ਹਾਂ ਦੇ ਆਪਣੇ ਘਰ ਕੋਈ ਔਲਾਦ ਨਹੀਂ ਸੀ. ਕਾਰਨ ਸ਼ਾਇਦ ਤਾਈ ਬਚਨੀ ਦਾ ਗੈਰ ਮਾਮੂਲੀ ਮੋਟਾਪਾ ਸੀ. ਔਲਾਦ ਦੀ ਉਮੀਦ ਵੀ ਕੋਈ ਨਹੀਂ ਸੀ . ਬੱਗੂ ਤਾਇਆ ਅਮਲ ਤੇ ਲੱਗ ਚੁੱਕਾ ਸੀ ਤੇ ਉਹਦੇ ਵਿਆਹ ਬਾਰੇ ਕਦੇ ਕੋਈ ਚਰਚਾ ਨਹੀਂ ਸੀ ਸੁਣੀ. ਮੇਵੋ ਤਾਇਆ ਹਲਕੇ ਸਰੀਰ ਦਾ ਚੁਸਤ ਫੁਰਤ ਤੇ ਵਾਹਵਾ ਘੰਮਿਆ ਕਾਮਾ ਸੀ. ਹਰੇਕ ਲਾਣਾ ਉਸ ਨੂੰ ਸੀਰੀ ਰੱਖਣ ਲਈ ਚੱਸ ਵਿਖਾਉਂਦਾ. ਖੇਤੀ ਬਾਰੇ ਉਹਦੇ ਲੋਕ ਗਿਆਨ ਦੀ ਕਦਰ ਪੈਂਦੀ ਸੀ. ਪਰ ਉਹਦਾ ਵੀ ਵਿਆਹ ਨਹੀਂ ਹੋਇਆ. ਦੇਖਣ ਵਾਲੇ ਕਦੇ ਕਦੇ ਆਉਂਦੇ ਪਰ ਗੱਲ ਕਦੇ ਵੀ ਸਿਰੇ ਨਾ ਚੜੀ. ਬੱਚਿਆਂ ਨਾਲ ਉਹ ਬਹੁਤ ਥੋੜਾ ਘੁਲਦਾ ਮਿਲਦਾ ਪਰ ਬੱਚੇ ਉਹਦੀਆਂ ਸਿਆਣੀਆਂ ਗੱਲਾਂ ਵਿੱਚ ਖਾਸੀ ਰੁਚੀ ਲੈਂਦੇ . ਫਿਰ ਵੀ ਸਾਡੀ ਬੀਹੀ ਦੇ ਇਸ ਘਰ ਵਿੱਚ ਰੱਬ ਦਾ ਵਾਸਾ ਸੀ. ਬੀਹੀ ਦੇ ਬੱਚਿਆਂ ਲਈ ਜੋ ਖਲੂਸ ਇਥੇ ਸੀ ਹੋਰ ਕਿਸੇ ਘਰ ਨਹੀਂ ਸੀ.

ਤਾਈ ਬਚਨੀ ਤੇ ਬੱਗੂ ਤਾਏ ਲਈ ਤਾਂ ਜਿਵੇਂ ਬੀਹੀ ਦੇ ਸਾਰੇ ਬੱਚੇ ਉਨ੍ਹਾਂ ਦੇ ਆਪਣੇ ਸਨ. ਬਚਨੀ ਤਾਈ ਜਦੋਂ ਬਹੁਤ ਖੁਸ਼ੀ ਦੇ ਰਾਉਂ ਵਿੱਚ ਹੁੰਦੀ ਤਾਂ ਜੁਆਨੀ ਵਿੱਚ ਦੇਖੀ ਇੱਕੋ ਇੱਕ ਫਿਲਮ ਨਾਗਣ ਦਾ ਗੀਤ ਆਪਮੁਹਾਰੇ ਗਾਉਣ ਲੱਗ ਪੈਂਦੀ, ਮੇਰਾ ਮਨ ਡੋਲੇ ਮੇਰਾ ਤਨ ਡੋਲੇ .... ਨਾਲੋ ਨਾਲ ਉਹਦੇ ਪੈਰ ਵੀ ਥਿਰਕਣ ਲੱਗ ਪੈਂਦੇ ਅਤੇ ਸਾਡੇ ਲਈ ਮਨਪ੍ਰਚਾਵੇ ਦੀ ਖਾਸੀ ਰਸੀਲੀ ਪੇਸ਼ਕਾਰੀ ਰਚ ਦਿੰਦੀ. ਇਸ ਘਰ ਵਿੱਚ ਸਾਨੂੰ ਜੋ ਵਲਵਲਿਆਂ ਦੀ ਖੁਰਾਕ ਮਿਲਦੀ ਉਹ ਆਪਣੇ ਆਪਣੇ ਘਰਾਂ ਦੇ ਕਲਾ ਕਲੇਸ਼ ਵਿੱਚ ਨਦਾਰਦ ਸੀ.

ਬੱਗੋ ਤਾਇਆ ਤਾਂ ਜਿਵੇਂ ਬਾਲ ਮਨੋਵਿਗਿਆਨ ਦਾ ਗੂੜ ਗਿਆਨੀ ਹੋਵੇ ਤੇ ਇਸ ਗਿਆਨ ਦਾ ਸੋਮਾ ਕੋਈ ਸਕੂਲ ਕੋਈ ਕਿਤਾਬਾਂ ਨਹੀਂ ਸਨ . ਨਿਰੋਲ ਮੁਹੱਬਤ ਦੀ ਸਹਿਜ ਭਾਵਨਾ ਵਿੱਚੋਂ ਉਪਜਿਆ ਸਹਿਜ ਗਿਆਨ ਸੀ. ਵੈਸੇ ਪਿੰਡ ਦੇ ਪ੍ਰਵਾਹਸ਼ੀਲ ਮੁਲੰਕਣ ਅਮਲ ਵਿੱਚ ਉਸ ਦਾ ਦਰਜਾ ਅਣਹੋਇਆਂ ਵਿੱਚ ਸੀ. ਉਹ ਹਰ ਰੋਜ਼ ਆਪਣੇ ਪਿਤਾ ਪੁਰਖੀ ਧੰਦੇ ਦੇ ਤੌਰ ਤੇ ਬਗਲੀ ਪਾ ਖੈਰ ਮੰਗਣ ਲਈ ਨਿਕਲ ਜਾਂਦਾ ਤੇ ਸ਼ਾਮ ਨੂੰ ਇੱਕਤਰ ਆਟਾ ਵੇਚ ਕੇ ਆਪਣੇ ਖਰਚ ਜੋਗੇ ਪੈਸੇ ਕਮਾ ਲੈਂਦਾ. ਹੋਰ ਕੋਈ ਖਾਸ ਖਰਚ ਨਹੀਂ ਸੀ ਬੱਸ ਮਾਵੇ ਲਈ ਨਕਦੀ ਦੀ ਲੋੜ ਪੈਂਦੀ ਸੀ.

ਬੀਹੀ ਵਿੱਚ ਚੀਕ ਚਿਹਾੜਾ ਤਾਂ ਸਵੇਰੇ ਹੀ ਪੈਣਾ ਸ਼ੁਰੂ ਹੋ ਜਾਂਦਾ ਸੀ. ਸਾਂਝੇ ਪਰਿਵਾਰ ਸਨ ਅਤੇ ਖਾਣ ਪੀਣ ਸੰਬੰਧੀ ਵੰਡ ਵੰਡਈਏ ਵਿੱਚੋਂ ਉਪਜੀਆਂ ਭੜਕੀਲੀਆਂ ਰੰਜਸਾਂ ਦਾ ਪ੍ਰਗਟਾਵਾ ਅਕਸਰ ਆਪਣੇ ਬੱਚਿਆਂ ਦੀ ਬੇਰਹਿਮ ਕੁੱਟ ਰਾਹੀਂ ਕੀਤਾ ਜਾਂਦਾ. ਜਾਂ ਫਿਰ ਮਾਪੇ ਆਪਣੀਆਂ ਬਾਲਗ ਪਰਿਭਾਸ਼ਾਵਾਂ ਅਨੁਸਾਰ ਬੱਚਿਆਂ ਦੀਆਂ ਬਾਲ ਖੇਡਾਂ ਨੂੰ ਵੱਡਾ ਅਪਰਾਧ ਸਮਝ ਕੇ ਕੋਮਲ ਮਨਾਂ ਤੇ ਵਦਾਣੀ ਸੱਟਾਂ ਮਾਰ ਦਿੰਦੇ. ਸਾਡੇ ਵਿੱਚੋਂ ਕਿਸੇ ਨੂੰ ਜਦੋਂ ਕੁੱਟ ਪੈ ਰਹੀ ਹੁੰਦੀ ਤਾਂ ਬੱਗੂ ਤਾਇਆ ਵਾਹਦ ਸ਼ਖਸ ਹੁੰਦਾ ਜੋ ਮੌਕੇ ਤੇ ਸਰਗਰਮ ਦਖਲ ਦਿੰਦਾ ਬੱਚੇ ਨੂੰ ਮਾਂ ਕੋਲੋਂ ਖੋਹ ਕੇ ਆਪਣੀ ਬੁੱਕਲ ਵਿੱਚ ਲੈ ਲੈਂਦਾ ਅਤੇ ਉਹਦੀ ਵਿਲੱਖਣ ਤਾੜਵੀਂ ਆਵਾਜ਼ ਬੀਹੀ ਵਿੱਚ ਗੂੰਜ ਰਹੀ ਹੁੰਦੀ, ਇਹਨੂੰ ਕਿਉਂ ਕੁੱਟਦੀ ਐਂ ..ਇਹਨੇ ਕੀ ਵਿਗਾੜਿਐ ਤੇਰਾ.. ਉਹਦਾ ਅਡੋਲ ਵਿਸ਼ਵਾਸ਼ ਸੀ ਕਿ ਬੱਚੇ ਹਮੇਸ਼ਾ ਬੇਕਸੂਰ ਹੁੰਦੇ ਹਨ . ਉਹਦੀ ਝਿੜਕ ਵਿੱਚ ਮਾਸੂਮ ਬੱਚੇ ਦੇ ਕੋਮਲ ਮਨ ਦੀ ਟੀਸ ਰਚੀ ਹੁੰਦੀ. ਬੀਹੀ ਦੇ ਬੱਚਿਆਂ ਦੀ ਇੱਕੋ ਇੱਕ ਅਦਾਲਤ ਸੀ ਉਹ ਜੋ ਉਨ੍ਹਾਂ ਦੀਆਂ ਲੇਰਾਂ ਵਿਚਲੀ ਫਰਿਯਾਦ ਦੀ ਤੁਰਤ ਸੁਣਵਾਈ ਕਰਦਾ ਅਤੇ ਝਿੜਕਾਂ ਦੇ ਰੂਪ ਵਿੱਚ ਤੁਰਤ ਸਜ਼ਾ ਫਰਮਾ ਦਿੰਦਾ. ਕਿਸੇ ਮੂਕ ਸਹਿਮਤੀ ਨਾਲ ਸਾਰੀ ਬੀਹੀ ਨੇ ਇਹ ਸ਼ਕਤੀਆਂ ਉਹਨੂੰ ਦੇ ਰਖੀਆਂ ਸਨ. ਕਦੇ ਕਿਸੇ ਨੇ ਉਹਦੇ ਦਖਲ ਦੇਣ ਦੇ ਇਸ ਹੱਕ ਤੇ ਉਜਰ ਨਹੀਂ ਕੀਤਾ ਸੀ.

ਮੁਠੀ ਮੁਠੀ ਆਟੇ ਨਾਲ ਪੰਜ ਚਾਰ ਕਿਲੋ ਆਟਾ ਉਹਦੀ ਦਿਨ ਭਰ ਦੀ ਕਮਾਈ ਹੁੰਦੀ.ਇਸ ਵਿੱਚੋਂ ਕੁਝ ਹਿਸਾ ਘਰ ਦੇ ਖਾਤੇ ਵੀ ਚਲਿਆ ਜਾਂਦਾ. ਗੱਲ ਮੁਕਾਈਏ ਉਹਦਾ ਅਫੀਮ ਦਾ ਗੁਜਾਰਾ ਹੁੰ ਮੁਸ਼ਕਿਲ ਹੋਣ ਲੱਗ ਪਿਆ ਸੀ. ਕਿਸੇ ਨੇ ਉਸਨੂੰ ਸਲਾਹ ਦਿੱਤੀ ਕਿ ਉਹ ਯੂ ਪੀ ਚਲਿਆ ਜਾਵੇ ; ਕਿ ਉਥੇ ਅਫੀਮ ਬਹੁਤ ਸਸਤੀ ਹੈ. ਤੇ ਸਾਡਾ ਭੋਲਾ ਬੱਗੂ ਤਾਇਆ ਯੂ ਪੀ ਲਈ ਰਵਾਨਾ ਹੋ ਗਿਆ. ਸਾਡੇ ਲਈ ਉਹਦੀ ਜਗਾਹ ਲੈਣ ਵਾਲਾ ਹੋਰ ਕੋਈ ਨਹੀਂ ਸੀ.

ਵਧੇਰੇ ਜੁਲਮ ਹੁਣ ਸਾਡੀ ਹੋਣੀ ਸੀ. ਪਰ ਇਹ ਅਰਸਾ ਬਹੁਤਾ ਲੰਮਾ ਨਹੀਂ ਸੀ. ਦੋ ਢਾਈ ਮਹੀਨੇ ਲੰਘੇ ਹੋਣੇ ਨੇ. ਇੱਕ ਦਿਨ ਅਸੀਂ ਸਾਡੇ ਘਰ ਦੀ ਛਤ ਉਤੇ ਖੇਡ ਰਹੇ ਸੀ . ਤਾਂ ਤੇਜ਼ ਤੇਜ਼ ਚਾਲ ਬੱਗੂ ਤਾਇਆ ਵਗਿਆ ਆ ਰਿਹਾ ਸੀ. ਅਸੀਂ ਬੱਗੂ ਤਾਇਆ ! ਬੱਗੂ ਤਾਇਆ !!.... ਕੂਕਦੇ ਕੋਠਿਉਂ ਉੱਤਰ ਉਹਦੇ ਵੱਲ ਦੌੜ ਪਏ. ਉਹ ਵੀ ਹੁਣ ਦੌੜ ਹੀ ਪਿਆ ਸਾਡੇ ਵੱਲ ਨੂੰ . ਕੁਝ ਹੀ ਪਲਾਂ ਬਾਅਦ ਅਸੀਂ ਉਸਨੂੰ ਇਉਂ ਘੁੱਟ ਕੇ ਚਿੰਬੜ ਗਏ ਜਿਵੇ ਡਰੇ ਹੋਈਏ ਕਿ ਇਹ ਦੁਰਲਭ ਹੀਰਾ ਕਿਤੇ ਮੁੜ ਨਾ ਗਵਾਚ ਜਾਏ.

ਫੀਮ ਤਾਂ ਬਥੇਰੀ ਸੀ ਪਰ .. ਇੱਕ ਦਿਨ ਮੈਂ ਖੇਤਾਂ ਵਿੱਚ ਛੋਲੇ ਵਢ ਰਿਹਾ ਤੀ. ਥੋਡੀ ਯਾਦ ਆ ਗਈ. ਉਹਦੀਆਂ ਚੁੰਨ੍ਹੀਆਂ ਅੱਖਾਂ ਵਿੱਚ ਹੜ੍ਹ ਵੱਗ ਤੁਰਿਆ ਸੀ ਅਤੇ ਕੁਝ ਸਮਾਨ ਚੁੱਪ ਰਾਹੀਂ ਦੇ ਬਾਅਦ ਉਹ ਕਹਿਣ ਲੱਗਾ, ਥੋਡੀ ਯਾਦ ਆ ਗਈ...ਖਿਆਲ ਉਖੜ ਗਿਆ ,ਦਾਤੀ ਨੇ ਮੇਰੀ ਉਂਗਲ ਲਾਹ ਮਾਰੀ. ਆਪਣੇ ਖੱਬੇ ਹੱਥ ਦੀ ਚੀਚੀ ਦੀ ਥਾਂ ਡੁੰਡ ਦਿਖਾਉਂਦਿਆਂ ਉਹਦਾ ਗਚ ਭਰ ਆਇਆ ਸੀ ਅਤੇ ਅਥਰੂਆਂ ਨਾਲ ਉਹਦਾ ਸਾਰਾ ਮੂੰਹ ਭਿੱਜ ਗਿਆ ਸੀ. ਉਹ ਹੋਰ ਕੁਝ ਨਹੀਂ ਬੋਲ ਸਕਿਆ. ਮੈਂ ਉਹਦੇ ਘਨੇੜੇ ਚੜ੍ਹ ਗਿਆ ਸੀ ਪਰ ਕਦੋਂ ਉਤਰਿਆ ਤੇ ਅੱਗੇ ਕੀ ਹੋਇਆ ਮੈਨੂੰ ਕੋਈ ਯਾਦ ਨਹੀਂ.

ਇਹ ਗੱਲ ਉਨ੍ਹਾ ਦਿਨਾਂ ਦੀ ਹੈ ਜਦੋਂ ਜਵਾਹਰ ਲਾਲ ਨਹਿਰੂ ਦੀ ਮੌਤ ਹੋਈ ਸੀ ਅਤੇ ਸਕੂਲਾਂ ਨੂੰ ਤਿੰਨ ਦਿਨਾ ਸੋਗ ਦੇ ਤਹਿਤ ਬੰਦ ਕਰ ਦਿੱਤਾ ਗਿਆ ਸੀ . ਰੇਡਿਉ ਤੇ ਸ਼ਿਵ ਦੇ ਗੀਤ ਦੀਆਂ ਸਤਰਾਂ ਗੂੰਜ ਰਹੀਆਂ ਸਨ ,ਅੱਜ ਅਮਨਾਂ ਦਾ ਬਾਬਲ ਮੋਇਆ.

ਤੇ ੧੯੬੬ ਦੀ ਬਸੰਤ ਰੁੱਤੇ ਮੇਰੇ ਪੰਜਵੀਂ ਦੇ ਪਰਚੇ ਢਾਈ ਕੁ ਮੀਲ ਧਮੋਟ ਦੇ ਹਾਈ ਸਕੂਲ ਵਿੱਚ ਹੋ ਰਹੇ ਸਨ . ਪਹਿਲੇ ਪਰਚੇ ਵਾਲੇ ਦਿਨ ਮੈਂ ਘਰੋਂ ਅਠਿਆਨੀ ਦੀ ਮੰਗ ਕੀਤੀ ਪਰ ਸਯੁੰਕਤ ਪਰਿਵਾਰ ਦੇ ਉਲਝੇਵਿਆਂ ਵਿੱਚ ਇਹ ਨਿੱਕੀ ਜਿਹੀ ਮੰਗ ਵੀ ਪੂਰੀ ਨਾ ਹੋ ਚੁੱਕੀ ਅਤੇ ਡੰਗਰ ਚਾਰਨ , ਪਠੇ ਵੱਢਣ , ਟੋਕਾ ਕਰਨ ਤੋਂ ਲੈ ਕੇ ਖੇਤ ਚਾਹ ਰੋਟੀ ਫੜਾਉਣ ਦੇ ਘਰ ਦੇ ਸਾਰੇ ਕੰਮ ਕਰਾਉਣ ਦੇ ਬਾਵਜੂਦ ਪੜ੍ਹਾਈ ਵਿੱਚ ਹਮੇਸ਼ਾ ਅਵੱਲ ਰਹਿਣ ਦੀ ਚੇਤਨਾ ਪ੍ਰਚੰਡ ਹੋਣ ਦੀ ਸੂਰਤ ਵਿੱਚ ਮੇਰੇ ਮਨ ਨੇ ਇਸ ਅਨਿਆਂ ਨੂੰ ਕੁਝ ਜਿਆਦਾ ਹੀ ਗੰਭੀਰਤਾ ਨਾਲ ਲੈ ਲਿਆ ਤੇ ਮੈਂ ਕਿਸੇ ਕਿਸਮ ਦੀ ਬਗਾਵਤ ਦੇ ਖਿਆਲਾਂ ਵਿੱਚ ਮਗਨ ਉਦਾਸ ਉਦਾਸ ਪਰਚਾ ਦੇਣ ਲਈ ਤੁਰ ਪਿਆ. ਪੜ੍ਹਾਈ ਨਾਲ ਮੇਰਾ ਲਗਾਉ ਉਦੋਂ ਤੱਕ ਇਸ ਕਦਰ ਤੀਖਣ ਹੋ ਚੁਕਾ ਸੀ ਕਿ ਪਰਚੇ ਨਾ ਦੇਣ ਦਾ ਕਦਮ ਕਦਾਚਿਤ ਨਹੀਂ ਸੀ ਉਠਾ ਸਕਦਾ. ਜਦੋਂ ਅਜੇ ਮੈਂ ਧਮੋਟ ਸਕੂਲ ਦੇ ਬਾਹਰ ਸੜਕ ਤੇ ਪੁੱਜਿਆ ਹੀ ਸੀ ਤਾਂ ਮੈਨੂੰ ਭਗਵੇਂ ਲਿਬਾਸ ਵਿੱਚ ਚਿਮਟਾ ਧਾਰੀ ਬੱਗੂ ਤਾਇਆ ਆਪਣੀ ਨਿਰਾਲੀ ਚਾਲ ਵਗਿਆ ਆਉਂਦਾ ਨਜ਼ਰ ਪਿਆ . ਉਹ ਸਿਧਾ ਮੇਰੇ ਕੋਲ ਆਇਆ ਤੇ ਮੈਨੂੰ ਅਠਿਆਨੀ ਫੜਾ ਕੇ ਚਲਾ ਗਿਆ. ਮੈਂ ਕਲਪਨਾ ਕਰ ਲਈ ਸੀ ਕਿ ਮੇਰੇ ਆਉਣ ਤੋਂ ਬਾਅਦ ਉਹਨੂੰ ਮੇਰੇ ਰੁੱਸ ਕੇ ਆਉਣ ਦਾ ਪਤਾ ਚੱਲਿਆ ਹੋਵੇਗਾ ਤੇ ਉਹ ਕਿਵੇਂ ਸਹਿਣ ਕਰ ਸਕਦਾ ਸੀ ਮੈਂ ਸਾਰਾ ਦਿਨ ਦੁਖੀ ਮਨ ਕਲਪਦਾ ਰਹਾਂ.

ਤੇ ਫਿਰ ਮੈਂ ਜਮਾਤਾਂ ਪਾਸ ਕਰਦਾ ਗਿਆ.ਦੱਸਵੀਂ ਤੇ ਫਿਰ ਇਲਾਕੇ ਵਿੱਚ ਬਣੇ ਖਾਲਸਾ ਕਾਲਜ ਸਿਧਸਰ ਤੋਂ ਬੀ ਏ ਕਰ ਲਈ. ਬਗਾਵਤ ਦਾ ਬੀਜ ਦੂਰ ਬਚਪਨ ਵਿੱਚ ਬੀਜਿਆ ਜਾ ਚੁੱਕਾ ਸੀ . ਇਹ ਖਤਮ ਨਹੀਂ ਹੋਇਆ ਸਗੋਂ ਸਮੇਂ ਨਾਲ ਤਰ੍ਹਾਂ ਤਰ੍ਹਾਂ ਦੀਆਂ ਵਧੀਕੀਆਂ ਦੇ ਅਨੁਭਵਾਂ ਦੇ ਜਰਖੇਜ਼ ਮਾਹੌਲ ਵਿੱਚ ਸਾਹਿਤਕ ਸ੍ਰੋਤਾਂ ਵਿੱਚੋਂ ਊਰਜਾ ਗ੍ਰਹਿਣ ਕਰਦਾ ਰੂਪ ਵਟਾਉਂਦਾ ਸਿਰਜਨਾਤਮਕ ਕ੍ਰਾਂਤੀ ਦੇ ਸੁਪਨੇ ਦੇ ਲੜ ਲੱਗ ਗਿਆ.

੧੯੭੫ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਡਾ. ਰਵੀ ਦੇ ਸੰਪਰਕ ਵਿੱਚੋਂ ਪ੍ਰਪੱਕ ਹੋਈ ਸਿਧਾਂਤਕ ਪੁਠ ਨੇ ਮੈਂ ਮੈਨੂੰ ਫੌਰਨ ਇੱਕ ਜਨੂੰਨੀ ਵਿਦਰੋਹੀ ਬਣਾ ਦਿੱਤਾ.

ਗੱਲ ਮੁਕਾ, ਮੈਂ ਦਿਨ ਰਾਤ ਇਨਕਲਾਬ ਦੀਆਂ ਗੱਲਾਂ ਕਰਦਾ ,ਇਨਕਲਾਬ ਪੜ੍ਹਦਾ , ਇਨਕਲਾਬ ਪੜ੍ਹਾਉਂਦਾ

...ਰੈਲੀਆਂ ,ਮੁਜਾਹਰੇ , ਪਾਰਟੀ ਸਕੂਲ ਤੇ ਸੁਰਖਿਆ ਸਿਖਲਾਈਆਂ .. ਤੇ ਇਸ ਸਾਰੇ ਚੱਕਰ ਵਿੱਚ ਬੱਗੂ ਤਾਇਆ ਨਜਰੋਂ ਉਹਲੇ ਹੋ ਗਿਆ. ਲੱਗਦਾ ਹੈ ਉਹਨੇ ਵੀ ਹੁਣ ਮੈਨੂੰ ਵਿਸਾਰ ਦਿੱਤਾ ਸੀ. ਵੱਡਿਆਂ ਨਾਲ ਤਾਂ ਉਹਨੂੰ ਕੋਈ ਮਤਲਬ ਨਹੀਂ ਸੀ. ਹੁਣ ਮੈ ਕੋਈ ਬੱਚਾ ਥੋੜੋ ਸਾਂ ਕਿ ਉਹ ਮੇਰਾ ਖਿਆਲ ਰਖਦਾ. ਕਦੋਂ ਉਹਦੀ ਮੌਤ ਹੋ ਗਈ ਮੈਨੂੰ ਕੋਈ ਖਬਰ ਨਹੀਂ. ਜਦੋਂ ਮੈਨੂੰ ਸੁਰਤ ਆਈ ਤਾਂ ਉਹ ਇਸ ਦੁਨੀਆਂ ਵਿੱਚ ਨਹੀਂ ਸੀ. ਮੈਂ ਉਹਦੇ ਲਈ ਕੁਝ ਨਹੀਂ ਕਰ ਸਕਦਾ. ਪਰ ਹੌਲੀ ਹੌਲੀ ਉਹਦੇ ਕਰਜ ਦਾ ਬੇਖਬਰ ਵਾਕਿਆ ਮੇਰੀ ਹੋਂਦ ਦੀ ਸੁਚੇਤ ਹਕੀਕ਼ਤ ਬਣ ਗਿਆ. ਇਸ ਤੋਂ ਬਾਅਦ ਜਦੋਂ ਬੱਚਿਆਂ ਨਾਲ ਵਿਚਰਦਾ ਹਾਂ ਤਾਂ ਬੱਗੂ ਤਾਇਆ ਮੇਰਾ ਰਹਨੁਮਾ ਬਣ ਜਾਂਦਾ ਹੈ. ਜੇ ਕਦੇ ਕਿਸੇ ਕੋਮਲ ਮਨ ਨੂੰ ਠੇਸ ਪਹੁੰਚਾ ਬੈਠਾਂ ਤਾਂ ਬੱਗੂ ਤਾਏ ਦੀਆਂ ਝਿੜਕਾਂ ਸੁਣਾਈ ਦੇਣ ਲੱਗਦੀਆਂ ਹਨ. ਉਸ ਕੋਲੋਂ ਮੈਂ ਦੂਜਿਆਂ ਦੇ ਅੰਦਰ ਵੱਸਦੀ ਬਹੁਤ ਕੋਮਲ ਤੇ ਬਹੁਤ ਕੀਮਤੀ ਰੂਹ ਨੂੰ ਮਹਿਸੂਸ ਕਰਨਾ ਤਾਂ ਸਿੱਖ ਲਿਆ ਪਰ ਅਸਲੀ ਪਾਠ ਜਿਹੜਾ ਉਹਦੇ ਜੀਵਨ ਦਾ ਸਾਰ ਹੈ ਉਹ ਅਜੇ ਪੜ੍ਹਨਾ ਹੈ: ਇਸ ਗੱਲ ਨੂੰ ਭੁੱਲ ਜਾਣ ਦਾ ਪਾਠ ਕਿ ਮੈਂ ਕਿਸੇ ਦੇ ਜੀਵਨ ਵਿੱਚ ਕੋਈ ਕੀਮਤੀ ਯੋਗਦਾਨ ਪਾਇਆ ਹੈ.

Thursday, March 10, 2011

ਪੰਜਾਬੀ ਯੂਨੀਵਰਸਿਟੀ -ਕਿਤਾਬਾਂ ਦੀ ਨੁਮਾਇਸ਼ - ਤੇ ਫਿਲਮਾਂ ਬਾਰੇ ਜਤਿੰਦਰ ਮਹੌਰ

ਅੱਜ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਖਾਸ ਕਰ ਪੰਜਾਬੀ ਵਿਭਾਗ ਦੇ ਵਿਦੀਆਰਥੀਆਂ ਨੇ ਉੱਦਮ ਕਰਕੇ ਕਿਤਾਬਾਂ ਦੀ ਨੁਮਾਇਸ਼ ਅਤੇ ਦਸਤਾਵੇਜੀ ਫਿਲਮਾਂ ਦਿਖਾਉਣ ਦਾ ਪ੍ਰਬੰਧ ਕੀਤਾ ਸੀ. ਕਿਤਾਬਾਂ ਦੀ ਬਹੁਤ ਵਧੀਆ ਵਿੱਕਰੀ ਹੋ ਰਹੀ ਸੀ. ਗਹਿਮਾ ਗਹਿਮੀ ਸੀ. ਮੇਲੇ ਵਰਗਾ ਮਾਹੌਲ ਬਣਿਆ ਹੋਇਆ ਸੀ. ਮੈਂ ਸੱਤਦੀਪ ਨੂੰ ਨਾਲ ਲੈ ਗਿਆ ਸੀ. ਉਰਦੂ ਤੇ ਇਸਲਾਮ ਨਾਲ ਜੁੜੇ ਸਟਾਲ ਉਹਨੂੰ ਖਾਸ ਕਰ ਖਿਚ ਪਾ ਰਹੇ ਸਨ.
ਚੇਤਨਾ ਪ੍ਰਕਾਸ਼ਨ ਦੇ ਸਟਾਲ ਤੇ ਝਾਤ ਗਈ ਹੀ ਸੀ ਕਿ 'ਮਾਤਲੋਕ' ਤੇ ਨਿਗਾਹ ਟਿੱਕ ਗਈ . ਇੱਕ ਦਮ ਬਲਰਾਮ ਦਾ ਖਿਆਲ ਆਇਆ. ਬੜੇ ਸਾਲ ਪਹਿਲਾਂ ਉਹਨੇ ਇਹ ਨਾਟਕ ਕਿਸਾਨਾਂ ਦੀਆਂ ਖੁਦਕਸ਼ੀਆਂ ਬਾਰੇ ਲਿਖਿਆ ਸੀ.ਪਰ ਇਹ ਬਲਰਾਮ ਦਾ ਨਾਟਕ ਨਹੀਂ ਹੋ ਸਕਦਾ. ਉਸ ਕੋਲ ਪੈਸਿਆਂ ਖੁਣੋਂ ਅਣਛਪੇ ਖਰੜਿਆਂ ਦੀ ਭੀੜ ਹੋਈ ਸੀ. ਵਾਚਣ ਤੇ ਪਤਾ ਲੱਗਿਆ ਕਿ ਬਲਰਾਮ ਨਹੀਂ ਜਸਵਿੰਦਰ ਦਾ ਨਵਾਂ ਨਾਵਲ ਹੈ. ਅੱਜ ਹੀ ਪਹਿਲੀ ਵਾਰ ਡਿਸਪਲੇ ਹੋਇਆ ਹੈ.
ਮੈਂ ਆਮ ਤੌਰ ਤੇ ਜਸਵਿੰਦਰ ਦੀਆਂ ਲਿਖਤਾਂ ਪੜ੍ਹਨ ਤੋਂ ਗੁਰੇਜ਼ ਕਰਦਾ ਹਾਂ. ਵਜਾਹ ਸ਼ਾਇਦ ਇਹ ਹੈ ਕਿ ਉਹ ਕਹਾਣੀ ਦੇ ਕਹਾਣੀਤਵ ਨੂੰ ਜਲਾਬਿਰਤਾਂਤ ਕਰ ਦਿੰਦਾ ਹੈ. ਫਿਰ ਵੀ ਪਤਾ ਨਹੀਂ ਬਲਰਾਮ ਨਾਲ ਜੁੜਨ ਕਰਕੇ ਮੇਰੇ ਅੰਦਰ ਫੌਰਨ ਤੌਰ ਤੇ ਇਹ ਨਾਵਲ ਪੜ੍ਹਨ ਦੀ ਤਮੰਨਾ ਪੈਦਾ ਹੋ ਜ ਗਈ ਤੇ ਜਸਵਿੰਦਰ ਨਾਲ ਜੁੜੀਆਂ ਕੁਝ ਪੁਰਾਣੀਆਂ ਯਾਦਾਂ ਉਭਰ ਆਈਆਂ. ਯੂਨਿਵਰਸਿਟੀ ਵਿੱਚ ਪਹਿਲੀ ਰਾਤ ਮੈਂ ਜਸਵਿੰਦਰ ਦੇ ਕਮਰੇ ਵਿੱਚ ਕੱਟੀ ਸੀ . ਨਹੀਂ ਇਹ ਗਲਤ ਜੁਦ ਗਿਆ ਹੈ. ਜਸਵਿੰਦਰ ਨਹੀਂ ਜਸਵਿੰਦਰ ਦਾ ਇੱਕ ਜਮਾਤੀ ਸੀ ਤਰਲੋਚਨ.
ਮੇਰੇ ਪਿੰਡ ਵਿੱਚ ਜਦੋਂ ੧੯੭੫ ਵਿੱਚ ਸਰਬ ਭਾਰਤ ਨੌਜਵਾਨ ਸਭਾ ਬਣਾਉਣ ਲਈ ਜਸਵਿੰਦਰ ਮੇਰੇ ਨਾਲ ਗਿਆ ਸੀ. ਉਦੋਂ ਇਹ ਬੜਾ ਪਿਆਰਾ ਜਿਹਾ ਸਾਹਿਤਕ ਕਮਿਊਨਿਸਟ ਸੀ ਤੇ ਡਾ. ਰਵੀ ਦਾ ਮਨਪਸੰਦ ਵਿਦਿਆਰਥੀ ਸੀ. ਅਸੀਂ ਜਰਗ ਤੋਂ ਸਾਈਕਲ ਲੈ ਕੇ ਜੰਡਾਲੀ ਨੂੰ ਗਏ ਸੀ. ਜਸਵਿੰਦਰ ਦੀ ਜ਼ਿੰਦਗੀ ਨੂੰ ਮਾਨਣ ਦੀ ਠਾਠਾਂ ਮਾਰਦੀ ਤੜਪ ਬੋਲੀਆਂ ਦੇ ਰੂਪ ਵਿੱਚ ਨਿਕਲ ਰਹੀ ਸੀ ਤੇ ਜਸਵਿੰਦਰ ਗਾ ਰਿਹਾ ਸੀ ਉਨ੍ਹਾਂ ਦਿਨਾਂ ਦੀ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਟੂਰਾਂ ਸਮੇਂ ਦੀ ਪਹਿਲੀ ਤੇ ਸਭ ਤੋਂ ਵਧ ਦੁਹਰਾਈ ਜਾਣ ਵਾਲੀ ਬੋਲੀ ,"ਲਿਆ ਮੈਂ ਤੇਰੇ ਕੇਸ ਬੰਨ ਦਿਆਂ , ਮੇਰੇ ਨਿੱਤ ਦਿਆ ਸਰਾਬੀ ਯਾਰਾ.'
ਜਸਵਿੰਦਰ ਨੂੰ ਮਿਲਣ ਨੂੰ ਜੀ ਕਰ ਆਇਆ .ਨੁਮਾਇਸ਼ ਵਾਲੀ ਜਗਾਹ ਦੇ ਨਾਲ ਹੀ ਪੰਜਾਬੀ ਵਿਭਾਗ ਹੈ . ਤੇ ਉਹ ਆਪਣੇ ਕਮਰੇ ਵਿੱਚ ਹੀ ਮਿਲ ਗਿਆ. ਮੈਂ ਨਾਵਲ ਦੀਆਂ ਮੁਬਾਰਕਾਂ ਦਿੱਤੀਆਂ ਤੇ ਮੰਗ ਕੀਤੀ ਮੈਨੂੰ ਇੱਕ ਕਾਪੀ ਭੇਟ ਕੀਤੀ ਜਾਵੇ. ਪਰ ਉਸ ਕੋਲ ਕੋਈ ਕਾਪੀ ਨਹੀਂ ਸੀ. ਤੇ ਅਸੀਂ ਵਾਪਸ ਜਾ ਕੇ ਸਟਾਲ ਤੋਂ ਇੱਕ ਕਾਪੀ ਖਰੀਦ ਲਈ .ਭਾਵੇ ਪੈਸੇ ਖਰਚਣੇ ਬੜੇ ਚੁਭ ਰਹੇ ਸੀ ਤੇ ਉਹ ਵੀ ਜਸਵਿੰਦਰ ਦੀ ਕਿਤਾਬ ਤੇ ਪਰ ਜਦੋਂ ਸਟਾਲ ਦੇ ਇੱਕ ਖੂੰਜੇ ਤੋਂ ਨਿਕਲਣ ਲੱਗੇ ਤਾਂ ਕਿਸਾਨ ਆਗੂ ਕਾ.ਜਗਮੋਹਨ ਦੇ ਲੜਕੇ ਨੇ ਆਪਣੇ ਨਿੱਕੇ ਜਿਹੇ ਸਟਾਲ ਤੇ ਰੋਕ ਲਿਆ ਤੇ ਮੈਂ ਬਿਨਾ ਕਿਸੇ ਕਮਿਸਨ ਦੀ ਮੰਗ ਕੀਤੇ ਉਨ੍ਹਾਂ ਕੋਲੋਂ ਸਤਨਾਮ ਦੀ ਬਹੁਤ ਚਰਚਿਤ ਕਿਤਾਬ ' ਜੰਗਲਨਾਮਾ' ਖਰੀਦ ਲਈ .
ਨਾਲ ਹੀ ਆਰਟਸ ਆਡੋਟੋਰੀਅਮ ਵਿੱਚ ਕੁਝ ਚੋਣਵੀਆਂ ਦਸਤਾਵੇਜੀ ਫਿਲਮਾਂ ਵਿਖਾਉਣ ਦਾ ਸਮਾਨ ਹੋ ਗਿਆ ਸੀ. ਉਥੇ ਜਤਿੰਦਰ ਮਹੌਰ ਨੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਨੇ ਸਨ . ਪੰਜਾਬੀ ਫਿਲਮ ‘ਮਿੱਟੀ’ ਦੇ ਨਿਰਦੇਸ਼ਕ ਜਤਿੰਦਰ ਨੂੰ ਪਹਿਲੀ ਵਾਰ ਪਬਲਿਕ ਤੌਰ ਆਪਣੀ ਗੱਲ ਕਹਿੰਦੇ ਸੁਣਿਆ. ਉਹਨੇ ਪੰਜਾਬੀ ਸਭਿਆਚਾਰ ਦੇ ਪ੍ਰਸੰਗ ਵਿੱਚ ਕਈ ਬਹੁਤ ਸੁੰਦਰ ਨੁਕਤੇ ਬਣਾਏ. ਸਿੱਖਣ ਵਾਲੀਆਂ ਗੱਲਾਂ ਕਾਫੀ ਸਨ. ਇੱਕ ਗੱਲ ਉਹਨੇ ਇਹ ਕਹੀ ਕਿ ਬਹੁਤ ਸਾਰੇ ਲੇਖਕ ,ਖਾਸ ਕਰ ਗੀਤ ਲੇਖਕ ਹਨ ਜੋ ਬੇਖਬਰੀ ਵਿੱਚ (ਇਹ ਹੋਰ ਵੀ ਮਾੜੀ ਗੱਲ ਹੈ) 'ਮੌਤ ਦੇ ਵਪਾਰੀਆਂ ' ਨੂੰ ਜਾਂ ਗੁੰਡਿਆਂ ਨੂੰ ਨਾਇਕ ਬਣਾ ਕੇ ਪੇਸ਼ ਕਰ ਦਿੰਦੇ ਹਨ.ਪਰ ਹੋਰ ਵੀ ਦੁੱਖ ਵਾਲੀ ਗੱਲ ਇਹ ਹੈ ਕਿ ਸੁਣਨ ਵਾਲੇ ਵੀ ਬੇਖਬਰੀ ਵਿੱਚ ਹੀ ਸੁਣਦੇ ਰਹਿੰਦੇ ਹਨ . ਗਾਂਧੀ ਬਾਰੇ ਵੀ ਉਹਨੇ ਇੱਕ ਟਿੱਪਣੀ ਕੀਤੀ ਜੋ ਕਿਸੇ ਤੁਅਸਬ ਤੋਂ ਮੁਕਤ ਸੀ. ਗਾਂਧੀ ਨੇ ਇੱਕ ਵਾਰ ਸਿਨੇਮਾ ਬਾਰੇ ਕਹਿ ਦਿੱਤਾ ਸੀ ਕਿ ਇਹ ਤਾਂ ਵੇਸ਼ਵਾਗਮਨੀ ਫੈਲਾਉਣ ਦਾ ਸਾਧਨ ਹੈ ; ਕਿ ਇਹ ਗੱਲ ਤਾਂ ਪੱਕੀ ਹੈ ਅਤੇ ‘ਇਹਦਾ ਕੋਈ ਫਾਇਦਾ ਹੋਵੇਗਾ ’ ਇਹ ਗੱਲ ਅਜੇ ਸਿਧ ਕਰਨੀ ਬਾਕੀ ਹੈ.
ਇਸ ਬਾਰੇ ਖਵਾਜਾ ਅਹਿਮਦ ਅੱਬਾਸ ਨੇ ਗਾਂਧੀ ਜੀ ਨੂੰ ਇੱਕ ਚਿਠੀ ਲਿਖੀ ਸੀ :
‘ਤੁਹਾਡੇ ਹਾਲ ਦੇ ਦੋ ਬਿਆਨਾਂ ਨੇ ਮੈਂਨੂੰ ਹੈਰਾਨ ਅਤੇ ਦੁਖੀ ਕੀਤਾ ਹੈ ਕਿ ਤੁਸੀਂ ਸਿਨੇਮਾ ਬਾਰੇ ਤ੍ਰਿਸਕਾਰ ਭਰੇ ਤਰੀਕੇ ਨਾਲ ਗੱਲ ਕੀਤੀ ਹੈ .’ ਅੱਬਾਸ ਅੱਗੇ ਲਿਖਦੇ ਹਨ , ‘ ਹਾਲ ਹੀ ਵਿੱਚ ਇੱਕ ਬਿਆਨ ਵਿੱਚ , ਤੁਸੀਂ ਸਿਨੇਮਾ ਨੂੰ ਜੂਏ , ਸੱਤੇ , ਘੁੜਦੌੜ ਦੀ ਤਰ੍ਹਾਂ ਬੁਰਾਈਆਂ ਦੇ ਵਿੱਚ ਰੱਖਿਆ ਹੈ , ਜਿਨ੍ਹਾਂ ਨੂੰ ਤੁਸੀਂ ਜਾਤੀ ਗੁਆਚਣ ਦੇ ਡਰੋਂ ਤਿਆਗ ਦਿੱਤਾ ਹੋਇਆ ਹੈ .
‘ਜੇਕਰ ਇਹ ਬਿਆਨ ਕਿਸੇ ਹੋਰ ਵਿਅਕਤੀ ਤੋਂ ਆਏ ਹੁੰਦੇ , ਤਾਂ ਇਨ੍ਹਾਂ ਬਾਰੇ ਚਿੰਤਾ ਕਰਨੀ ਜ਼ਰੂਰੀ ਨਹੀਂ ਸੀ . ਮੇਰੇ ਪਿਤਾ ਜੀ ਕਦੇ ਫਿਲਮਾਂ ਨਹੀਂ ਵੇਖਦੇ ਅਤੇ ਉਨ੍ਹਾਂ ਨੂੰ ਪੱਛਮ ਤੋਂ ਆਯਾਤ ਕੀਤੀ ਗਈ ਭੈੜ ਸਮਝਦੇ ਸਨ.’
ਅੱਗੇ ਲਿਖਦੇ ਹਨ , ‘ਤੁਹਾਡੇ ਮਾਮਲੇ ਵਿੱਚ ਗੱਲ ਵੱਖਰੀ ਹੈ ਅਤੇ ਤੁਹਾਡੀ ਥੋੜ੍ਹੀ ਜਿਹੀ ਰਾਏ ਵੀ ਲੱਖਾਂ ਲੋਕਾਂ ਦੇ ਲਈ ਬਹੁਤ ਜਿਆਦਾ ਮਹੱਤਵ ਰੱਖਦੀ ਹੈ . ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਦੇਸ਼ ਵਿੱਚ ਰੂੜ੍ਹੀਵਾਦੀਆਂ ਦੀ ਇੱਕ ਵੱਡੀ ਗਿਣਤੀ ਤੁਹਾਡਾ ਬਿਆਨ ਪੜ੍ਹਨ ਦੇ ਬਾਅਦ ਸਿਨੇਮੇ ਦੇ ਪ੍ਰਤੀ ਆਪਣਾ ਦੁਸ਼ਮਣੀ ਵਾਲਾ ਰਵੱਈਆ ਪੁਸ਼ਟ ਕਰ ਲਵੇਗੀ .’
ਤੇ ਇਹ ਪੱਤਰ ਇੱਕ ਭਾਵਪੂਰਣ ਦਲੀਲ ਦੇ ਨਾਲ ਖ਼ਤਮ ਹੁੰਦਾ ਹੈ : ‘ਸਾਨੂੰ ਸਾਡਾ ਇਹ ਛੋਟਾ ਜਿਹਾ ਖਿਡੌਣਾ ਸਿਨੇਮਾ ਦੇ ਦਿਉ , ਜੋ ਏਨਾ ਬੇਕਾਰ ਨਹੀਂ ਜਿੰਨਾ ਇਹ ਲੱਗ ਰਿਹਾ ਹੈ , ਤੁਹਾਡਾ ਥੋੜਾ ਜਿਹਾ ਧਿਆਨ ਅਤੇ ਸਹਿਣਸ਼ੀਲਤਾ ਦੀ ਇੱਕ ਮੁਸਕਾਨ ਦੇ ਨਾਲ ਅਸ਼ੀਰਵਾਦ .’

Monday, March 7, 2011

ਔਰਤ ਦਿਹਾੜਾ ਤੇ ਕਲਾਰਾ ਦਾ ਜਨਮ


ਚੰਡੀਗੜ .ਬਾਰ੍ਹਾਂ ਸੌ ਪਚਾਨਵੇਂ ਸੈਕਟਰ ਬਾਈ... ਤੇਈ ਸਾਲ ਪਹਿਲਾਂ ਅਠ ਮਾਰਚ ਉਨੀ ਸੌ ਅਠਾਸੀ.ਮੈਂ ਤੇ ਮੇਰੀ ਪਤਨੀ ਦੋਵੇਂ ਹਾਂ .ਤੀਸਰਾ ਹੈ ਜਸਪਾਲ ਸ਼ੇਤਰਾ(ਉਹ ਅੱਜ ਕੱਲ ਕਨੇਡਾ ਵਿੱਚ 'ਸਾਊਥ ਏਸ਼ੀਅਨ ਅਬਜਰਬਰ' ਅਖਬਾਰ ਨਾਲ ਸੰਬੰਧਿਤ ਹੈ . ਚੌਥਾ ਇੱਕ ਬਾਲ ਹੈ ਜਿਸ ਨੇ ਇਸ ਦੁਨੀਆਂ ਵਿੱਚ ਅੱਜ ਕੱਲ ਆਉਣਾ ਹੈ. ਇਸ ਸਮੇਂ ਜਣੇਪੇ ਦੀ ਮੱਦਦ ਲਈ ਮੇਰੀ ਮਾਂ ਕੁਝ ਦਿਨ ਪਹਿਲਾਂ ਆਈ ਸੀ ਪਰ ਮੇਰੇ ਟਾਂਗੇ ਵਾਲੇ ਕੈਲੂ ਮਾਮੇ ਦੀ ਮੌਤ ਦੀ ਖਬਰ ਵੀ ਉਹਦੇ ਮਗਰ ਹੀ ਆ ਗਈ ਸੀ ਤੇ ਮਾਂ ਨੂੰ ਵਾਪਸ ਜਾਣਾ ਪੈ ਗਿਆ ਸੀ . ਜਿਸੇ ਵਕਤ ਵੀ ਪੀ ਜੀ ਆਈ ਜਾਣਾ ਪੈ ਸਕਦਾ ਹੈ ਤੇ ਮੈਂ ਜਸਪਾਲ ਨੂੰ ਬੁਲਾ ਲਿਆ ਹੈ .

ਮੇਰੇ ਜ਼ਹਨ ਵਿੱਚ ਅਠ ਮਾਰਚ ਘੁੰਮ ਰਿਹਾ ਹੈ-ਔਰਤਾਂ ਦਾ ਕੌਮਾਤਰੀ ਦਿਨ ਤੇ ਕਲਾਰਾ ਜੈਟਕਿਨ ਦੀਆਂ ਲੈਨਿਨ ਨਾਲ ਔਰਤਾਂ ਦੇ ਹੱਕਾਂ ਪ੍ਰਤੀ ਉਹਦੀ ਚਰਚਾ.

ਪਤਾ ਨਹੀਂ ਕਿਉਂ ਮੈਨੂੰ ਲਗਦਾ ਹੈ ਕਿ ਸਾਡੇ ਘਰ ਇੱਕ ਬਾਲੜੀ ਆਉਣ ਵਾਲੀ ਹੈ ਤੇ ਉਹ ਅੱਜ ਦੇ ਕਿਰਤੀ ਔਰਤਾਂ ਦੇ ਦਿਵਸ ਤੇ ਬਾਹਰੀ ਦੁਨੀਆਂ ਵਿੱਚ ਪ੍ਰਵੇਸ਼ ਕਰਨ ਲਈ ਉਤਾਵਲੀ ਹੈ. ਮੇਰੀ ਪਤਨੀ ਗੁਰਮੇਲ ਡਾਹਢੀ ਔਖ ਵਿੱਚੀਂ ਗੁਜਰ ਰਹੀ ਹੈ . ਵਾਰ ਵਾਰ ਪੀੜਾਂ ਸ਼ੁਰੂ ਹੋ ਜਾਂਦੀਆਂ ਹਨ ..ਉਹ ਕਮਰੇ ਦੇ ਅੰਦਰ ਹੈ ਤੇ ਮੈਂ ਤੇ ਪਾਲੀ ਬਾਹਰ ਬੈਠੇ ਹਾਂ. ਮੈਂ ਵਾਰ ਵਾਰ ਅੰਦਰ ਜਾਂਦਾ ਹਾਂ ਤੇ ਫਿਰ ਪਾਲੀ ਨਾਲ ਸਲਾਹ ਕਰਨ ਲਈ ਬਾਹਰ ਆਉਂਦਾ ਹਾਂ. ਦੁਪਹਿਰ ਢਲ ਚੁੱਕੀ ਹੈ.ਅੱਗੇ ਰਾਤ ਆ ਜਾਣੀ ਹੈ. ਸਾਡੇ ਹੇਠ ਵਾਲੇ ਯਾਨੀ ਵਿਚਕਾਰਲੇ ਪੋਰਸ਼ਨ ਵਿੱਚ ਬੰਤ ਬਰਾੜ ਦਾ ਪਰਿਵਾਰ ਰਹਿੰਦਾ ਸੀ .ਪਰ ਬੰਦਨਾ ਕਿਥੇ ਹੈ , ਤਾਨਿਆ ਕਿਥੇ ਹੈ ..

ਤੇ ਅਸੀਂ ਮੈਂ ਤੇ ਪਾਲੀ ਗੁਰਮੇਲ ਨੂੰ ਪੀ ਜੀ ਆਈ ਲਿਜਾ ਰਹੇ ਹਾਂ. ਮੈਂ ਹੋਣ ਵਾਲੀ ਬਾਲੜੀ ਦਾ ਨਾਂ ਸੋਚ ਰਿਹਾ . ਨਾਂ ਰੱਖ ਦਿੱਤਾ ਹੈ ਕਲਾਰਾ.

ਪਰ ਪੀ ਜੀ ਆਈ ਵਾਲਿਆਂ ਨੇ ਚੈਕਿੰਗ ਤੋਂ ਬਾਅਦ ਸਵੇਰੇ ਆਉਣ ਦੀ ਤਾਕੀਦ ਕਰ ਸਾਨੂੰ ਘਰ ਭੇਜ ਦਿੱਤਾ ਤੇ

ਰਾਤ ਭਰ ਅਸੀਂ ਜਾਗ ਕੇ ਕੱਟਦੇ ਹਾਂ. ਬਾਹਰ ਵਿਹੜੇ ਵਿੱਚ ਪਾਲੀ ਪਿਆ ਹੈ. ਮੈਨੂੰ ਉਸ ਰਾਤ ਮਹਿਸੂਸ ਹੁੰਦਾ ਹੈ

ਦਾਈ ਦਾ ਕੀ ਮਹੱਤਵ ਹੁੰਦਾ ਹੈ ...ਕਿ ਪੈਦਾਵਾਰ ਦੇ ਇਸ ਅਮਲ ਵਿੱਚ ਕੁਦਰਤੀ ਕਿਰਤ ਵੰਡ ਨੇ ਸਾਰੀ ਪੀੜ ਮਾਂ ਨੂੰ ਬਖਸ਼ ਦਿੱਤੀ ਹੈ.

ਤੇ ਨੌਂ ਮਾਰਚ ਦੀ ਸਵੇਰ ਨੂੰ ਆਪਣੇ ਨਾਮ ਸਮੇਤ ਕਲਾਰਾ ਨੇ ਪਹਿਲੀ ਵਾਰ ਆਪਣੀਆਂ ਨਿੱਕੀਆਂ ਨਿੱਕੀਆਂ ਅੱਖਾਂ ਖੋਹਲੀਆਂ .

ਅਠ ਮਾਰਚ ਦੀ ਆਥਣ ਅਤੇ ਨੌਂ ਮਾਰਚ ਦੀ ਸਵੇਰ ਸਾਡੇ ਤੇ ਸਾਡੇ ਕਰੀਬੀ ਦੋਸਤਾਂ ਦੇ ਜੀਵਨ ਵਿੱਚ ਆਪਣੀ ਸਾਰੀ ਵਚਿਤ੍ਰਤਾ ਸਮੇਤ ਅਮਿੱਟ ਯਾਦ ਬਣ ਕੇ ਸਮਾ ਗਈ.

ਹੁਣ ਜਦੋਂ ਵੀ ਕਿਤੇ ਕਿਸੇ ਨਾਲ ਕਲਾਰਾ ਦਾ ਜ਼ਿਕਰ ਆਉਂਦਾ ਹੈ ਤਾਂ ਅਠ ਮਾਰਚ ਤੇ ਉਸ ਮਹਾਨ ਜਰਮਨ ਕਮਿਊਨਿਸਟ ਆਗੂ ਦੀ ਯਾਦ ਨਾਲ ਲੈ ਕੇ ਆਉਂਦਾ ਹੈ.