Saturday, December 25, 2010
ਡਾ. ਵਿਨਾਇਕ ਸੇਨ ਦੇ ਹੱਕ ਵਿੱਚ
ਡਾ. ਵਿਨਾਇਕ ਸੇਨ ਨੂੰ ਉਮਰਕੈਦ ਦੀ ਸਜਾ ਨੇ ਦੁਨੀਆਂ ਦੀਆਂ ਨਜ਼ਰਾਂ ਵਿੱਚ ਸਾਡੀ ਨਿਆਂ ਪ੍ਰਣਾਲੀ ਦੇ ਵਕਾਰ ਨੂੰ ਸੱਟ ਮਾਰੀ ਹੈ ।ਸਾਰਾ ਮਾਮਲਾ ਪੁਲਿਸ ਦੀ ਮਨਮਾਨੀ ਤੋਂ ਸ਼ੁਰੂ ਹੁੰਦਾ ਹੈ । ਜਿਸ ਨੂੰ ਫਸਾਉਣਾ ਹੈ ਉਹਦੇ ਖਿਲਾਫ਼ ਜਾਅਲੀ ਸਬੂਤ ਵੀ ਘੜ ਲਏ ਜਾਂਦੇ ਹਨ ਅਤੇ ਜਿਸ ਨੂੰ ਬਚਾਉਣਾ ਹੋਵੇ ਉਥੇ ਸਵੈਸਿਧ ਗੁਨਾਹਗਾਰਾਂ ਨੂੰ ਵੀ ਤੱਤੀ 'ਵਾ ਨਹੀਂ ਲੱਗਣ ਦਿੱਤੀ ਜਾਂਦੀ । ਆਪਣੇ ਅਨੁਭਵ ਤੋਂ ਅਸੀਂ ਸਾਰੇ ਇਸ ਹਕੀਕਤ ਤੋਂ ਵਾਕਫ ਹਾਂ। ਸਰਕਾਰੀ ਸਰਪ੍ਰਸਤੀ ਹੇਠ ਗੈਰਕਨੂੰਨੀ ਢੰਗਾਂ ਨਾਲ ਮੁਕਾਬਲੇ ਬਣਾਉਣ ਦੀਆਂ ਘਟਨਾਵਾਂ ਆਮ ਤੌਰ ਤੇ ਦੇਸ਼ਭਗਤੀ ਦੇ ਤੌਰ ਤੇ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਕਾਨੂੰਨ ਨਾਲ ਇਸ ਤਰ੍ਹਾਂ ਦੇ ਖਿਲਵਾੜ ਦੇ ਖਿਲਾਫ਼ ਆਵਾਜ਼ ਨੂੰ ਧੱਕ ਕੇ ਦਹਿਸ਼ਤਗਰਦਾਂ ਨਾਲ ਰਲਾ ਦਿੱਤਾ ਜਾਂਦਾ ਹੈ । ਹਿੰਦੁਸਤਾਨ ਦੀ ਹਕੂਮਤ ਦਾ ਵੀ ਖਿਆਲ ਹੈ ਕਿ ਮਾਓਵਾਦ ਕੋਈ ਇੱਕਪਾਸੜ ਵਰਤਾਰਾ ਨਹੀਂ ਸਗੋਂ ਸਾਡੀਆਂ ਰਾਜਪ੍ਰਸ਼ਾਸਕੀ ਕੁਤਾਹੀਆਂ ਅਤੇ ਨਾਕਾਮੀਆਂ ਹਨ ਜੋ ਅਜਿਹੇ ਹਿੰਸਕ ਵਰਤਾਰਿਆਂ ਨੂੰ ਜਨਮ ਦਿੰਦੀਆਂ ਹਨ । ਆਪਣੀ ਜੁਮੇਦਾਰੀ ਨਿਭਾਉਣ ਤੋਂ ਮੁਨਕਰ ਰਾਜਭਾਗ ਸਲਵਾ ਜੁਡਮ ਵਰਗੀਆਂ ਘਟੀਆ ਕਾਢਾਂ ਕਢਦਾ ਹੈ ।ਵਿਨਾਇਕ ਸੇਨ ਦਾ ਅਸਲ ਕਸੂਰ ਇਹੀ ਲੱਗਦਾ ਹੈ ਕਿ ਉਹਦੀ ਜਮੀਰ ਇਸ ਤਰ੍ਹਾਂ ਦੇ ਜੁਲਮ ਦੇ ਖਿਲਾਫ਼ ਚੁੱਪ ਨਹੀਂ ਰਹਿ ਸਕੀ ਹੋਣੀ । ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਭਾਜਪਾ ਦੀ ਹਕੂਮਤ ਹੇਠਲੇ ਰਾਜਾਂ ਵਿੱਚ ਫਾਸ਼ੀ ਢੰਗ ਤਰੀਕੇ ਵਧੇਰੇ ਆਮ ਵਰਤੇ ਜਾ ਰਹੇ ਹਨ। ਝੂਠ ਤੇ ਹੁਲੜਬਾਜੀ ਨਾਲ ਸਚ ਤੇ ਇਨਸਾਫ਼ ਲਈ ਗਾਂਧੀਵਾਦੀ ਢੰਗਾਂ ਨਾਲ ਲੜ ਰਹੇ ਲੋਕਾਂ ਨੂੰ ਵੀ ਬਦੂ ਕਰਨ ਵਿੱਚ ਇਹ ਸੰਘੀ ਕਦੇ ਪਿੱਛੇ ਨਹੀਂ ਰਹਿੰਦੇ ਅਤੇ ਆਪਣੀ ਉਕਸਾਈ ਹਿੰਸਾ ਦੇ ਖਿਲਾਫ਼ ਕੋਈ ਵੀ ਕਾਰਵਾਈ ਕਰਨ ਦੇ ਖਿਲਾਫ਼ ਧਮਕੀਆਂ ਦਿੰਦੇ ਹਨ। ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਅਸੋਕ ਸਿੰਗਲ ਜੀ ਕਹਿ ਰਹੇ ਹਨ ਕਿ ਅਗਰ ਉਨ੍ਹਾਂ ਦੇ ਰੰਗ ਦੀ ਹਿੰਸਾ ਦੇ ਖਿਲਾਫ਼ ਕੋਈ ਕਦਮ ਚੁੱਕਿਆ ਗਿਆ ਤਾਂ ਸੋਨੀਆ ਗਾਂਧੀ ਨਾਲ ਇੰਦਰਾ ਗਾਂਧੀ ਵਾਲੀ ਹੋਏਗੀ। ਮਾਉਵਾਦੀਆਂ ਨੂੰ ਵੀ ਇਹ ਗੱਲ ਸਮਝ ਲੈਣੀ ਬਣਦੀ ਹੈ ਕਿ ਹਿੰਸਾ ਨੂੰ ਇੱਕੋ ਇੱਕ ਬਾਕੀ ਰਹਿ ਗਿਆ ਰਸਤਾ ਦੱਸਣਾ ਘਾਤਕ ਰਸਤਾ ਹੈ । ਉਹ ਵਿਰੋਧੀਆਂ ਦੇ ਹਥ ਇੱਕ ਹੋਰ ਹਥਿਆਰ ਦੇ ਰਹੇ ਹਨ ਜਿਸ ਦੀ ਆੜ ਵਿੱਚ ਬਹੁਤ ਸਾਰੇ ਜਾਗਦੀ ਜਮੀਰ ਵਾਲੇ ਹੀਰੇ ਭੰਗ ਦੇ ਭਾਣੇ ਜਾ ਰਹੇ ਹਨ , ਸਿਰਜਨਾਤਮਕ ਸਮਾਜੀ ਕੰਮ ਦੇ ਰਾਹ ਬੰਦ ਹੋ ਰਹੇ ਹਨ ਜਿਨ੍ਹਾਂ ਦੀ ਸਮਾਜਿਕ ਤਬਦੀਲੀ ਲਈ ਬੁਨਿਆਦੀ ਲੋੜ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ।ਖੈਰ ਇਸ ਵਕਤ ਲੋੜ ਹੈ ਕਿ ਮਾਨਵੀ ਹੱਕਾਂ ਦੇ ਸਾਰੇ ਹਾਮੀ ਇੱਕ ਆਵਾਜ਼ ਹੋ ਕੇ ਡਾ. ਵਿਨਾਇਕ ਸੇਨ ਨੂੰ ਬਰੀ ਕਰਾਉਣ ਲਈ ਦਖਲ ਦੇਈਏ।
ਵਿਨਾਇਕ ਸੇਨ ਖੁਸ਼ਵੰਤ ਸਿੰਘ ਦੀਆਂ ਨਜ਼ਰਾਂ ਵਿੱਚ
"ਜੇਕਰ ਤੁਸੀਂ ਇਹ ਯਾਦ ਨਹੀਂ ਕਰ ਸਕੇ ਕਿ ਉਹ ਕੌਣ ਹੈ ਤਾਂ ਮੈਂ ਤੁਹਾਡੀ ਯਾਦਦਾਸ਼ਤ ਅਤੇ ਤੁਹਾਡੀ ਆਤਮਾ ਨੂੰ ਥੋੜ੍ਹਾ ਜਿਹਾ ਝੰਜੋੜ ਦੇਵਾਂ। ਇਨ੍ਹਾਂ ਨੇ ਕ੍ਰਿਸਚੀਅਨ ਮੈਡੀਕਲ ਕਾਲਜ ਵੈਲੂਰ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ, ਜਿਥੇ ਉਨ੍ਹਾਂ ਨੂੰ ਸਰਬੋਤਮ ਵਿਦਿਆਰਥੀ ਲਈ ਸੰਨ 2004 ਵਿਚ ਪਾਲ ਹੈਰੀਸਨ ਐਵਾਰਡ ਦਿੱਤਾ ਗਿਆ ਸੀ। ਉਹ ਕਿਸੇ ਵੀ ਸ਼ਹਿਰ ਵਿਚ ਬਹੁਤ ਵਧੀਆ ਪ੍ਰੈਕਟਿਸ ਕਰ ਸਕਦੇ ਸਨ। ਫਿਰ ਵੀ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲ੍ਹੇ ਦੇ ਪੇਂਡੂ ਕੇਂਦਰਾਂ ਵਿਚ ਪਿੰਡ ਵਾਸੀਆਂ ਨੂੰ ਸਿਖਲਾਈ ਦੇਣਾ ਪਸੰਦ ਕੀਤਾ, ਜੋ ਕਿ ਜ਼ਿਆਦਾਤਰ ਆਦਿਵਾਸੀ ਖੇਤਰ ਸਨ ਅਤੇ ਜਿਥੋਂ ਦੇ ਨਿਵਾਸੀ ਮਾੜੀ ਖੁਰਾਕ, ਮਲੇਰੀਆ ਅਤੇ ਟੀ. ਬੀ. ਦੇ ਸ਼ਿਕਾਰ ਸਨ। ਉਹ ਅਤੇ ਉਨ੍ਹਾਂ ਦੀ ਪਤਨੀ ਏਲੀਨਾ ਪਿਛਲੇ 30 ਸਾਲਾਂ ਤੋਂ ਰਸੂਲੀਆ ਪਿੰਡ ਵਿਚ ਇਹ ਕੰਮ ਕਰ ਰਹੇ ਹਨ। ਉਹ ਪਹਿਲੇ ਏਸ਼ੀਆਈ ਹਨ, ਜਿਨ੍ਹਾਂ ਨੂੰ ਸੰਨ 2008 ਵਿਚ ਜੋਨਾਥਨ ਮਾਨ ਪੁਰਸਕਾਰ ਦਿੱਤਾ ਗਿਆ ਜੋ ਕਿ ਸਿਹਤ ਅਤੇ ਮਨੁੱਖੀ ਅਧਿਕਾਰ ਦੇ ਖੇਤਰ ਵਿਚ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਬਦਲੇ ਦਿੱਤਾ ਗਿਆ ਸੀ। ਉਹ ਬਿਮਾਰ ਪੇਂਡੂ ਲੋਕਾਂ ਵਿਚ ਉਨ੍ਹਾਂ ਦੇ ਰਾਜਨੀਤਕ ਵਿਚਾਰਾਂ ਜਿਵੇਂ ਕਿ ਨਕਸਲਵਾਦੀ ਜਾਂ ਸਲਵਾਯੁਧਮ ਦੇ ਆਧਾਰ ’ਤੇ ਕੋਈ ਫ਼ਰਕ ਨਹੀਂ ਸਨ ਕਰਦੇ। ਜੇਕਰ ਉਹ ਬਿਮਾਰ ਹਨ ਤਾਂ ਉਨ੍ਹਾਂ ਦਾ ਇਲਾਜ ਹੋਣਾ ਹੀ ਚਾਹੀਦਾ ਹੈ। ਉਨ੍ਹਾਂ ਦਾ ਕਲੀਨਿਕ ਇੰਦਰਾ ਗਾਂਧੀ ਦੇ ਨਾਂਅ ’ਤੇ ਹੈ। ਉਨ੍ਹਾਂ ਨੂੰ ਨਕਸਲੀਆਂ ਦਾ ਪੱਖ ਲੈਣ ਲਈ ਰਾਸ਼ਟਰ-ਧ੍ਰੋਹ ਦਾ ਦੋਸ਼ ਲਗਾ ਕੇ ਗ੍ਰਿਫ਼ਤਾਰ ਕੀਤਾ ਗਿਆ। ਉਹ 18 ਮਹੀਨਿਆਂ ਤੋਂ ਜੇਲ੍ਹ ਵਿਚ ਹਨ। ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। 20 ਤੋਂ ਜ਼ਿਆਦਾ ਨੋਬਲ ਐਵਾਰਡ ਜੇਤੂਆਂ ਨੇ ਸਾਡੇ ਰਾਸ਼ਟਰਪਤੀ ਕੋਲ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਡਾ: ਵਿਨਾਇਕ ਹਾਲੇ ਵੀ ਜੇਲ੍ਹ ਵਿਚ ਹਨ। ਇਹ ਗੱਲ ਭਾਰਤ ਮਾਤਾ ਦੇ ਚਿਹਰੇ ’ਤੇ ਕਲੰਕ ਹੈ। ਇਸ ਅਨਿਆਂ ਖਿਲਾਫ਼ ਆਪਣੀ ਆਵਾਜ਼ ਚੁੱਕੋ : ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਐਲ. ਕੇ. ਅਡਵਾਨੀ, ਰਾਜਨਾਥ ਸਿੰਘ (ਛੱਤੀਸਗੜ੍ਹ ਵਿਚ ਭਾਜਪਾ ਦਾ ਸ਼ਾਸਨ ਹੈ) ਨੂੰ ਲਿਖੋ ਕਿ ਉਨ੍ਹਾਂ ਨੂੰ ਜੇਲ੍ਹ ਤੋਂ ਮੁਕਤ ਕੀਤਾ ਜਾਵੇ ਤਾਂ ਜੋ ਆਪਣੇ ਜੀਵਨ ਦਾ ਇਹ ਉਚ ਕੰਮ ਕਰ ਸਕਣ।"
ਕੁਝ ਮਹੀਨੇ ਪਹਿਲਾਂ ਕੌਮਾਂਤਰੀ ਪਧਰ ਤੱਕ ਵਿਗਸ ਚੁਕੀ ਲੋਕ ਰਾਇ ਸਦਕਾ ਡਾ. ਵਿਨਾਇਕ ਸੇਨ ਨੂੰ ਰਿਹਾ ਕਰਨਾ ਪਿਆ ਸੀ। ਪੂਰੀ ਉਮੀਦ ਹੈ ਕਿ ਲੋਕਾਂ ਦੀ ਆਵਾਜ਼ ਨੂੰ ਕਾਮਯਾਬੀ ਮਿਲੇਗੀ।
Subscribe to:
Post Comments (Atom)
No comments:
Post a Comment