Monday, September 27, 2010

ਹਰਨਾਮ ਸਿੰਘ ਨਰੂਲਾ ਦੀ ਅਮਰ ਪਾਤਰ ' ਪਾਲੀ ' ਬਾਰੇ

ਹਰਨਾਮ ਸਿੰਘ ਨਰੂਲਾ ਬਾਰੇ
੨੪ ਸਤੰਬਰ ਦੀ ਸਵੇਰ – ਤਾਰਾ ਸਿੰਘ ਸੰਧੂ ਦਾ ਫੋਨ ਆਇਆ.ਉਹ ਹਰਨਾਮ ਸਿੰਘ ਨਰੂਲਾ ਬਾਰੇ ਪੁੱਛ ਰਿਹਾ ਸੀ ਕਿ ਇਹ ਉਹੀ ਨਰੂਲਾ ਹੈ ਜਿਹੜਾ ਕਮਿਉਨਿਸਟ ਪਾਰਟੀ ਦੇ ਨਾਟਕ ਸੁਕੈਡ ਪਟਿਆਲਾ ਦਾ ਮੋਹਰੀ ਹੁੰਦਾ ਸੀ. ਮੇਰੇ ਹਾਂ ਵਿੱਚ ਜੁਆਬ ਦੇਣ ਤੇ ਉਹਨੇ ਦੱਸਿਆ ਕਿ ਅੱਜ ਵੈਸੇ ਹੀ ਉਹਦੀ ਕਹਾਣੀ ਪੜ੍ਹਣ ਲੱਗ ਪਿਆ –ਪਾਲੀ. ਕਹਾਣੀ ਦੀ ਲੋਹੜੇ ਦੀ ਪ੍ਰਭਾਵ ਊਰਜਾ ਨੇ ਤਾਰੇ ਨੂੰ ਪੂਰੀ ਤਰ੍ਹਾਂ ਆਪਣੇ ਕਾਬੂ ਵਿੱਚ ਲੈ ਲਿਆ ਸੀ. “ਚਰਨ, ਮੈਨੂੰ ਤਾਂ ਉਹਦਾ ਇਹ ਪੱਖ ਪਤਾ ਹੀ ਨਹੀਂ ਸੀ.ਮੈਂ ਤਾਂ ਉਹਨੂੰ ਐਵੇਂ ਸਮਝਦਾ ਸੀ.ਬੋਲੀ ਉੱਤੇ ਉਹਦੀ ਪਕੜ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ.ਅੱਜ ਦੇ ਪੰਜਾਬੀ ਦੇ ਸਥਾਪਤ ਕਹਾਣੀਕਾਰ ਵੀ ਕਿਤੇ ਊਣੇ ਨਜ਼ਰ ਆਉਂਦੇ ਹਨ.” ਤਾਰਾ ਬੇਰੋਕ ਬੋਲੀ ਜਾ ਰਿਹਾ ਸੀ.
ਮੈਂ ਤਾਰੇ ਨੂੰ ਨਰੂਲੇ ਦੇ ਜੀਵਨ ਦੀਆਂ ਕੁਝ ਝਲਕੀਆਂ ਖਾਸ ਕਰ ਆਖ਼ਰੀ ਸਾਲਾਂ ਦੀਆਂ ਦੱਸੀਆਂ ਅਤੇ ਉਹਨੂੰ ਮੁਬਾਰਕ ਵੀ ਦਿੱਤੀ ਕਿ ਉਹ ਨਰੂਲੇ ਦੀ ਸਾਹਿਤਕ ਅਹਮੀਅਤ ਨੂੰ ਪਹਿਲੀ ਪੜ੍ਹਤ ਵਿੱਚ ਹੀ ਸੰਪੂਰਨ ਗਹਿਰਾਈ ਵਿੱਚ ਫੜ ਸਕਣ ਦੇ ਕਾਬਲ ਕੁਝ ਕੁ ਸਾਹਿਤਕ ਰਸੀਆਂ ਵਿੱਚੋਂ ਸੀ.
ਪੂਰਾ ਇੱਕ ਦਹਾਕਾ ਬੀਤ ਚੁੱਕਾ ਹੈ ਜਦੋਂ ਨਰੂਲੇ ਦੀਆਂ ਕਹਾਣੀਆਂ ਦੀਆਂ ਦੋ ਕਿਤਾਬਾਂ –‘ਪੱਕੀ ਵੰਡ’ਤੇ ‘ਕੁਝ ਪੀੜਾਂ ਕੁਝ ਯਾਦਾਂ’-ਛਪ ਕੇ ਆਈਆਂ ਸਨ. ਮੈਂ ਖੁਦ ਪੰਜਾਬੀ ਦੇ ਕਹਾਣੀ ਕਲਾ ਨਾਲ ਜੁੜੇ ਵਿਦਵਾਨਾਂ ਅਤੇ ਕਹਾਣੀਕਾਰਾਂ ਨੂੰ ਕਿਤਾਬ ਪਹੁੰਚਦੀ ਕੀਤੀ ਅਤੇ ਪੜ੍ਹਨ ਦੀ ਜੋਰਦਾਰ ਸਿਫਾਰਸ ਵੀ ਕੀਤੀ. ਸਿਵਾਏ ਡਾ. ਰਜਨੀਸ਼ ਬਹਾਦੁਰ ਦੇ ਕਿਸੇ ਨੇ ਜਾਂ ਤਾਂ ਕਿਤਾਬ ਨੂੰ ਸਥਾਪਨਾ ਦੇ ਖੇਤਰ ਤੋਂ ਬਾਹਰੀ ਚੀਜ਼ ਸਮਝ ਕੇ ਪੜ੍ਹਿਆ ਹੀ ਨਹੀਂ ਜਾਂ ਫਿਰ ਇਸ ਨੂੰ ਰੱਦੀ ਸਮਝ ਸੁੱਟ ਦਿੱਤਾ ਤੇ ਇਸ ਬਾਰੇ ਗੱਲ ਕਰਨਾ ਆਪਣੀ ਸ਼ਾਨ ਦੇ ਮੇਚ ਨਹੀਂ ਸਮਝਿਆ. ਰਜਨੀਸ਼ ਬਹਾਦੁਰ ਦੀ ਕਦਰ ਪਛਾਣ ਨੇ ਤਾਂ ਹੱਦ ਕਰ ਵਿਖਾਈ. ਆਪਣੇ ਪਾਕਿਸਤਾਨੀ ਦੌਰੇ ਸਮੇਂ ਉਸ ਨੇ ਵੰਡ ਤੋਂ ਪਹਿਲਾਂ ਦੇ ਪੰਜਾਬੀ ਸਮਾਜ ਦੇ ਦੁਰਲਭ ਚਿਤਰਕਾਰ ਵਜੋਂ ਨਰੂਲੇ ਦੀਆਂ ਕਹਾਣੀਆਂ ਦੇ ਚਿਰਜੀਵੀ ਮਹੱਤਵ ਦੀ ਗੱਲ ਥਾਂ ਥਾਂ ਕੀਤੀ ਭਾਵੇਂ ਹਾਲੇ ਉਸ ਨੇ ਸਿਰਫ ਇੱਕੋ ਕਿਤਾਬ ‘ਪੱਕੀ ਵੰਡ ‘ ਹੀ ਪੜ੍ਹੀ ਸੀ.
ਮੈਂ ਤਾਰੇ ਨੂੰ ਇਹਨਾਂ ਦੁਰਲਭ ਕਿਸਮ ਦੀਆਂ ਸਾਹਿਤਕ ਕ੍ਰਿਤੀਆਂ ਦੀ ਰਚਨਾ ਪ੍ਰਕਿਰਿਆ ਅਤੇ ਛਪਣ ਦੇ ਇਤਿਹਾਸ ਬਾਰੇ ਦੱਸਿਆ ਅਤੇ ਨਾਲ ਹੀ ਹਰਨਾਮ ਸਿੰਘ ਨਰੂਲੇ ਦੇ ਅਸਧਾਰਨ ਪੀੜਾਂ ਵਿੰਨੇ ਜੀਵਨ ਦੇ ਅੰਤ ਸਮੇਂ ਦੀਆਂ ਕੁਝ ਝਲਕੀਆਂ ਵੀ ਉਸ ਦੇ ਹਵਾਲੇ ਕੀਤੀਆਂ.( ਪਿੱਛਲੇ ਸਾਲ ੧੦ ਅਪ੍ਰੈਲ ੨੦੦੯ ਨੂੰ ਡਾ. ਸੁਦੀਪ ਦੇ ਕਲੀਨਿਕ ਵਿੱਚ ਰਾਤ ਦੇ ਵਕਤ ਉਹਨਾਂ ਦੀ ਮੌਤ ਹੋ ਗਈ ਸੀ. ਉਹਨਾਂ ਨੇ ਆਪਣੇ ਜੀਵਨ ਦੇ ਲਗਪਗ ਅੱਸੀ ਸਾਲ ਪੂਰੇ ਕਰ ਲਏ ਸਨ . ਉਹਨਾਂ ਦੀ ਲਿਖਣ ਦੀ ਲਿੱਲ੍ਹ ਆਖ਼ਰੀ ਦਿਨਾਂ ਤੱਕ ਬਰਕਰਾਰ ਸੀ ਅਤੇ ਅਨੇਕਾਂ ਕਹਾਣੀਆਂ ਉਹਨਾਂ ਨੇ ਆਪਣੇ ਜ਼ਹਨ ਵਿੱਚ ਲਿਖ ਰਖੀਆਂ ਸਨ ਪਰ ਕੰਬਦੇ ਹੱਥਾਂ ਦੀ ਵਜਹ ਕਾਗਜ਼ ਤੇ ਨਹੀਂ ਆ ਸਕੀਆਂ. ਆਪਣੀ ਮਾਂ ਦੀ ਮੌਤ ਬਾਰੇ ਇੱਕ ਹੱਡਬੀਤੀ ਉਹਨੇ ਮੈਨੂੰ ਬੋਲ ਕੇ ਲਿਖਾ ਦਿੱਤੀ ਸੀ. ਜਿਸ ਰਜਿਸਟਰ ਤੇ ਉਹ ਲਿਖੀ ਸੀ ਉਹ ਅਜੇ ਮੈਂ ਪ੍ਰਾਪਤ ਕਰਨਾ ਹੈ.
ਅਣਛਪਿਆ ਮੈਟੀਰੀਅਲ ਵੀ ਲਗਪਗ ਦੋ ਕਿਤਾਬਾਂ ਜੋਗਾ ਪਿਆ ਹੈ. ਪਰ ਅਜੇ ਕੋਈ ਸੰਸਥਾ ਇਸ ਖਜਾਨੇ ਦੀ ਸੰਭਾਲ ਲਈ ਤਿਆਰ ਨਹੀਂ.ਸੰਸਥਾਵਾਂ ਦੇ ਸੰਚਾਲਕ ਆਪਣੇ ਉੱਤਰ ਆਧੁਨਿਕ ਰੁਝੇਵਿਆਂ ਵਿੱਚ ਬਹੁਤ ਜਿਆਦਾ ਮਗਨ ਹਨ ਅਤੇ ਉੱਤਰ ਸੰਰਚਨਾਵਾਂ ਦੀ ਚੀੜ ਫਾੜ ਵਿੱਚ ਉਹਨਾਂ ਦੇ ਕੁਰਬਾਨ ਹੋਣ ਦੀ ਰੀਝ ਨੂੰ ਵੇਖ ਕੇ ਲੱਗਦਾ ਹੈ ਕਿ ਉਹਨਾਂ ਕੋਲੋਂ ਪੁਰਾਣੀਆਂ ਕਹਾਣੀਆਂ ਦੇ ਲੁਤਫ਼ ਦੀ ਬਾਤ ਸ਼ਾਇਦ ਹੁਣ ਸੰਭਾਵਨਾ ਦੇ ਦਾਇਰੇ ਵਿੱਚੋਂ ਬੁੜ੍ਹਕ ਕੇ ਕਿਤੇ ਦੂਰ ਜਾ ਪਈ ਹੈ. ਸ਼ਾਇਦ ਉਹਨਾਂ ਨੂੰ ਇਉਂ ਲੱਗਣ ਲੱਗ ਪਿਆ ਹੈ ਕਿ ਬੇਤਰਤੀਬੇ ਚਿਹਨਾਂ ਤੇ ਪ੍ਰਤੀਕਾਂ ਦੀ ਜਟਿਲਤਾ ਦੀ ਸੰਘਣਤਾ ਹੀ ਕਹਾਣੀ ਦੇ ਲਾਜਵਾਬ ਹੋਣ ਦੀ ਮੁਢਲੀ ਸ਼ਰਤ ਹੁੰਦੀ ਹੈ.
ਹਰਨਾਮ ਸਿੰਘ ਨਰੂਲਾ ਨਵਾਂ ਕਹਾਣੀਕਾਰ ਬਿਲਕੁਲ ਨਹੀਂ. ਉਹਨਾਂ ਦੀ ਸਭ ਤੋਂ ਨਵੀਂ ਕਹਾਣੀ ‘ਆਖ਼ਰੀ ਪੁਲਾਂਘ’ ਹੈ. ਇਹ ਵੀ ਦਹਾਕਿਆਂ ਬੱਧੀ ਉਹਦੇ ਮਨ ਦੇ ਵਭਿੰਨ ਪਰ ਅਨਿਖੜ ਧਰਾਤਲਾਂ ਤੇ ਤਾਰੀਆਂ ਲਾਉਂਦੀ ਕਦੇ ਮਰਦੀ ਕਦੇ ਜਿਉਂਦੀ ਰਹੀ ਹੋਵੇਗੀ. ਉਹਨੇ ਬਹੁਤਾ ਲਿਖਣ ਦੇ ਅਤੇ ਛਪਣ ਦੇ ਆਮ ਵਿਖਾਈ ਪੈਂਦੇ ਲਾਲਚਾਂ ਤੋਂ ਆਪਣੇ ਆਪ ਨੂੰ ਬਚਾਈ ਰੱਖਿਆ ਅਤੇ ਜਿਹੜਾ ਲਿਖਿਆ ਉਹਨੂੰ ਦਿਹਾਤੀ ਸਰੋਤਿਆਂ ਦੇ ਇੱਕ ਵਰਗ ਨਾਲ ਸਾਂਝਾ ਬਣਾ ਲਿਆ. ਛਪਣ ਤੋਂ ਪਹਿਲਾਂ ਹੀ ‘ਪਾਲੀ’ ਇੱਕ ਕਹਾਣੀ ਵਜੋਂ ਸਗੋਂ ਹੋਰ ਵੀ ਵਧੇਰੇ ਇੱਕ ਹੱਡਬੀਤੀ ਵਜੋਂ ਸਾਦੀਪੁਰ ਦੀ ਚੱਕੀ ਤੇ ਜੁੜਦੀ ਮਹਿਫ਼ਲ ਦੇ ਜੋਟੀਦਾਰਾਂ ਲਈ ਲਗਪਗ ਇੱਕ ਚੁਥਾਈ ਸਦੀ ਨਿੱਤ ਚਰਚਾ ਦੀ ਬੇਮਿਸਾਲ ਬੁਲੰਦੀ ਤੇ ਵਿਚਰਦੀ ਰਹੀ ਹੈ. ਨਿਰਜਿੰਦ ਸ਼ਬਦਾਂ ਵਿੱਚ ਜਾਂ ਐਵੇਂ ਨਹੀਂ ਪੈ ਜਾਂਦੀ. ਆਪਣਾ ਆਪਾ ਨਿਛਾਵਰ ਕਰਨਾ ਪੈਂਦਾ ਹੈ.
ਸੰਤਾਲੀ ਦੇ ਹੱਲਿਆਂ ਦਾ ਸ਼ਿਕਾਰ ਹੋ ਗਈ ਮਲੂਕ ਜਿਹੀ ਕੁੜੀ ਪੱਛਮੀ ਪੰਜਾਬ ਵਿੱਚ ਹੀ ਜੰਮੀ ਪਲੀ ਸੀ ਪਰ ਸਮੇਂ ਤੇ ਸਥਾਨ ਦੀਆਂ ਹੱਦਾਂ ਪਾਰ ਕਰ ਉਹ ਇੱਕ ਚੁਥਾਈ ਸਦੀ ਬਾਅਦ ਪਟਿਆਲੇ ਤੋਂ ੨੦ ਮੀਲ ਦਿੱਲੀ ਵੱਲ ਵੱਸਦੇ ਇੱਕ ਨਹੀਂ ਦੋ ਪਿੰਡਾਂ ਦੀ ਵਸਨੀਕ ਬਣ ਗਈ. ਇਹ ਪਿੰਡ ਹਨ : ਇੱਕ ਸਾਦੀਪੁਰ ਤੇ ਦੂਜਾ ਪ੍ਰੌੜ.ਇਹਨਾਂ ਪਿੰਡਾਂ ਦੇ ਲੋਕਾਂ ਲਈ ਹੀ ਨਹੀਂ ਸਗੋਂ ਪੂਰੇ ਭੁਨਰਹੇੜੀ ਇਲਾਕੇ ਲਈ ਪਾਲੀ ਇੱਕ ਅਭੁੱਲ ਪ੍ਰਾਣੀ ਹੈ ਜੋ ਇੰਨੀ ਪ੍ਰਬਲਤਾ ਨਾਲ ਆਪਣੀ ਬਾਤ ਪਾਉਂਦੀ ਹੈ ਕਿ ਵਤਨ ਦੀ ਵੰਡ ਬਾਰੇ ਪੰਜਾਬੀ ਵਿੱਚ ਅਜਿਹੀ ਸਾਹਿਤਕ ਹਸਤੀ ਭਾਲਣੀ ਸੌਖੀ ਨਹੀਂ. ਇੱਕ ਔਰਤ ਪਾਤਰ ਦੀ , ਇੱਕ ਪੰਜਾਬੀ ਕੁੜੀ ਦੀ ਐਸੀ ਸਜੀਵ ਤਸਵੀਰ ਮੈਂਨੂੰ ਹੋਰ ਕਿਧਰੇ ਯਾਦ ਨਹੀਂ. ਗੁਰਬਖਸ਼ ਸਿੰਘ ਪ੍ਰੀਤਲੜੀ ਦੀ ‘ਭਾਬੀ ਮੈਨਾ’ ਵਾਂਗ ਅਭੁੱਲ ਤੁਹਾਡੇ ਆਪਣੇ ਵਜੂਦ ਵਿੱਚ ਸਮਾ ਸਕਣ ਦੇ ਸਮਰਥ.

No comments:

Post a Comment