ਹੱਲਿਆਂ ਤੋਂ ਬਾਅਦ ਦੂਜੇ ਦਹਾਕੇ ਵਿੱਚ ਅਸੀਂ ਦਾਖਲ ਹੋ ਗਏ ਸਾਂ. ਮੇਰੇ ਜੀਵਨ ਦਾ ਅਜੇ ਪਹਿਲਾ ਦਹਾਕਾ ਵੀ ਪੂਰਾ ਨਹੀਂ ਸੀ ਹੋਇਆ. ‘ਹਿੰਦੀ ਚੀਨੀ ਭਾਈ ਭਾਈ’ਤੋਂ ‘ਦੰਦ ਹੋਣਗੇ ਖੱਟੇ ਚੀਨੀ ਹੋਸ਼ ਕਰੀਂ’ ਦੀਆਂ ਰਾਜਨੀਤਕ ਭਿਣਕਾਂ ਸਾਡੇ ਬਾਲ ਮਨ ਤੇ ਹਮੇਸ਼ਾ ਲਈ ਇੱਕ ਕੋਨਾ ਮੱਲ ਬੈਠੀਆਂ ਸਨ. ਸਾਡੀ ਬੀਹੀ ਵਿੱਚ ਨੌਂ ਘਰ ਸਨ . ਸਾਡੇ ਘਰ ਦੇ ਦਖਣੀ ਪਾਸੇ ਟਹਿਲੇ ਕਾ ਘਰ ਸੀ ਅਤੇ ਉਸ ਤੋਂ ਅੱਗੇ ਬਚਨੀ ਤਾਈ ਕਾ. ਬਚਨੀ ਤਾਈ ਦੇ ਘਰ ਕੁੱਲ ਚਾਰ ਜੀ ਸਨ . ਭੋੜਿਆਂ ਦੇ ਤੋਤੇ ਦੀ ਉਹ ਇੱਕਲੌਤੀ ਧੀ ਸੀ ਅਤੇ ਉਹਦੇ ਪਿਉ ਨੇ ਬੜੀ ਠੁੱਕ ਨਾਲ ਉਹਦਾ ਮਾਖੇ ਨਾਲ ਵਿਆਹ ਕੀਤਾ ਸੀ. ਮਾਖੇ ਦੇ ਦੋ ਹੋਰ ਭਰਾ ਸਨ. ਦੋਨੋਂ ਉਸ ਤੋਂ ਛੋਟੇ .ਇੱਕ ਨੂੰ ਅਸੀਂ ਬੱਗੂ ਤਾਇਆ ਕਹਿੰਦੇ ਸੀ ਅਤੇ ਸਭ ਤੋਂ ਛੋਟਾ ਮੇਵੋ ਤਾਇਆ. ਨਾਥਾਂ ਦਾ ਪਰਿਵਾਰ ਸੀ. ਮਾਖੇ ਨਾਲ ਸਾਡਾ ਕਦੇ ਵਾਹ ਵਾਸਤਾ ਨਹੀਂ ਸੀ ਪੈਂਦਾ. ਸ਼ਾਇਦ ਉਸ ਨੂੰ ਬੱਚਿਆਂ ਨਾਲ ਕੋਈ ਲਗਾਅ ਨਹੀਂ . ਉਨ੍ਹਾਂ ਦੇ ਆਪਣੇ ਘਰ ਕੋਈ ਔਲਾਦ ਨਹੀਂ ਸੀ. ਕਾਰਨ ਸ਼ਾਇਦ ਤਾਈ ਬਚਨੀ ਦਾ ਗੈਰ ਮਾਮੂਲੀ ਮੋਟਾਪਾ ਸੀ. ਔਲਾਦ ਦੀ ਉਮੀਦ ਵੀ ਕੋਈ ਨਹੀਂ ਸੀ . ਬੱਗੂ ਤਾਇਆ ਅਮਲ ਤੇ ਲੱਗ ਚੁੱਕਾ ਸੀ ਤੇ ਉਹਦੇ ਵਿਆਹ ਬਾਰੇ ਕਦੇ ਕੋਈ ਚਰਚਾ ਨਹੀਂ ਸੀ ਸੁਣੀ. ਮੇਵੋ ਤਾਇਆ ਹਲਕੇ ਸਰੀਰ ਦਾ ਚੁਸਤ ਫੁਰਤ ਤੇ ਵਾਹਵਾ ਘੰਮਿਆ ਕਾਮਾ ਸੀ. ਹਰੇਕ ਲਾਣਾ ਉਸ ਨੂੰ ਸੀਰੀ ਰੱਖਣ ਲਈ ਚੱਸ ਵਿਖਾਉਂਦਾ. ਖੇਤੀ ਬਾਰੇ ਉਹਦੇ ਲੋਕ ਗਿਆਨ ਦੀ ਕਦਰ ਪੈਂਦੀ ਸੀ. ਪਰ ਉਹਦਾ ਵੀ ਵਿਆਹ ਨਹੀਂ ਹੋਇਆ. ਦੇਖਣ ਵਾਲੇ ਕਦੇ ਕਦੇ ਆਉਂਦੇ ਪਰ ਗੱਲ ਕਦੇ ਵੀ ਸਿਰੇ ਨਾ ਚੜੀ. ਬੱਚਿਆਂ ਨਾਲ ਉਹ ਬਹੁਤ ਥੋੜਾ ਘੁਲਦਾ ਮਿਲਦਾ ਪਰ ਬੱਚੇ ਉਹਦੀਆਂ ਸਿਆਣੀਆਂ ਗੱਲਾਂ ਵਿੱਚ ਖਾਸੀ ਰੁਚੀ ਲੈਂਦੇ . ਫਿਰ ਵੀ ਸਾਡੀ ਬੀਹੀ ਦੇ ਇਸ ਘਰ ਵਿੱਚ ਰੱਬ ਦਾ ਵਾਸਾ ਸੀ. ਬੀਹੀ ਦੇ ਬੱਚਿਆਂ ਲਈ ਜੋ ਖਲੂਸ ਇਥੇ ਸੀ ਹੋਰ ਕਿਸੇ ਘਰ ਨਹੀਂ ਸੀ. ਤਾਈ ਬਚਨੀ ਤੇ ਬੱਗੂ ਤਾਏ ਲਈ ਤਾਂ ਜਿਵੇਂ ਬੀਹੀ ਦੇ ਸਾਰੇ ਬੱਚੇ ਉਨ੍ਹਾਂ ਦੇ ਆਪਣੇ ਸਨ. ਬਚਨੀ ਤਾਈ ਜਦੋਂ ਬਹੁਤ ਖੁਸ਼ੀ ਦੇ ਰਾਉਂ ਵਿੱਚ ਹੁੰਦੀ ਤਾਂ ਜੁਆਨੀ ਵਿੱਚ ਦੇਖੀ ਇੱਕੋ ਇੱਕ ਫਿਲਮ ਨਾਗਣ ਦਾ ਗੀਤ ਆਪਮੁਹਾਰੇ ਗਾਉਣ ਲੱਗ ਪੈਂਦੀ, “ ਮੇਰਾ ਮਨ ਡੋਲੇ ਮੇਰਾ ਤਨ ਡੋਲੇ ....” ਨਾਲੋ ਨਾਲ ਉਹਦੇ ਪੈਰ ਵੀ ਥਿਰਕਣ ਲੱਗ ਪੈਂਦੇ ਅਤੇ ਸਾਡੇ ਲਈ ਮਨਪ੍ਰਚਾਵੇ ਦੀ ਖਾਸੀ ਰਸੀਲੀ ਪੇਸ਼ਕਾਰੀ ਰਚ ਦਿੰਦੀ. ਇਸ ਘਰ ਵਿੱਚ ਸਾਨੂੰ ਜੋ ਵਲਵਲਿਆਂ ਦੀ ਖੁਰਾਕ ਮਿਲਦੀ ਉਹ ਆਪਣੇ ਆਪਣੇ ਘਰਾਂ ਦੇ ਕਲਾ ਕਲੇਸ਼ ਵਿੱਚ ਨਦਾਰਦ ਸੀ.
ਬੱਗੋ ਤਾਇਆ ਤਾਂ ਜਿਵੇਂ ਬਾਲ ਮਨੋਵਿਗਿਆਨ ਦਾ ਗੂੜ ਗਿਆਨੀ ਹੋਵੇ ਤੇ ਇਸ ਗਿਆਨ ਦਾ ਸੋਮਾ ਕੋਈ ਸਕੂਲ ਕੋਈ ਕਿਤਾਬਾਂ ਨਹੀਂ ਸਨ . ਨਿਰੋਲ ਮੁਹੱਬਤ ਦੀ ਸਹਿਜ ਭਾਵਨਾ ਵਿੱਚੋਂ ਉਪਜਿਆ ਸਹਿਜ ਗਿਆਨ ਸੀ. ਵੈਸੇ ਪਿੰਡ ਦੇ ਪ੍ਰਵਾਹਸ਼ੀਲ ਮੁਲੰਕਣ ਅਮਲ ਵਿੱਚ ਉਸ ਦਾ ਦਰਜਾ ਅਣਹੋਇਆਂ ਵਿੱਚ ਸੀ. ਉਹ ਹਰ ਰੋਜ਼ ਆਪਣੇ ਪਿਤਾ ਪੁਰਖੀ ਧੰਦੇ ਦੇ ਤੌਰ ਤੇ ਬਗਲੀ ਪਾ ਖੈਰ ਮੰਗਣ ਲਈ ਨਿਕਲ ਜਾਂਦਾ ਤੇ ਸ਼ਾਮ ਨੂੰ ਇੱਕਤਰ ਆਟਾ ਵੇਚ ਕੇ ਆਪਣੇ ਖਰਚ ਜੋਗੇ ਪੈਸੇ ਕਮਾ ਲੈਂਦਾ. ਹੋਰ ਕੋਈ ਖਾਸ ਖਰਚ ਨਹੀਂ ਸੀ ਬੱਸ ਮਾਵੇ ਲਈ ਨਕਦੀ ਦੀ ਲੋੜ ਪੈਂਦੀ ਸੀ.
ਬੀਹੀ ਵਿੱਚ ਚੀਕ ਚਿਹਾੜਾ ਤਾਂ ਸਵੇਰੇ ਹੀ ਪੈਣਾ ਸ਼ੁਰੂ ਹੋ ਜਾਂਦਾ ਸੀ. ਸਾਂਝੇ ਪਰਿਵਾਰ ਸਨ ਅਤੇ ਖਾਣ ਪੀਣ ਸੰਬੰਧੀ ਵੰਡ ਵੰਡਈਏ ਵਿੱਚੋਂ ਉਪਜੀਆਂ ਭੜਕੀਲੀਆਂ ਰੰਜਸਾਂ ਦਾ ਪ੍ਰਗਟਾਵਾ ਅਕਸਰ ਆਪਣੇ ਬੱਚਿਆਂ ਦੀ ਬੇਰਹਿਮ ਕੁੱਟ ਰਾਹੀਂ ਕੀਤਾ ਜਾਂਦਾ. ਜਾਂ ਫਿਰ ਮਾਪੇ ਆਪਣੀਆਂ ਬਾਲਗ ਪਰਿਭਾਸ਼ਾਵਾਂ ਅਨੁਸਾਰ ਬੱਚਿਆਂ ਦੀਆਂ ਬਾਲ ਖੇਡਾਂ ਨੂੰ ਵੱਡਾ ਅਪਰਾਧ ਸਮਝ ਕੇ ਕੋਮਲ ਮਨਾਂ ਤੇ ਵਦਾਣੀ ਸੱਟਾਂ ਮਾਰ ਦਿੰਦੇ. ਸਾਡੇ ਵਿੱਚੋਂ ਕਿਸੇ ਨੂੰ ਜਦੋਂ ਕੁੱਟ ਪੈ ਰਹੀ ਹੁੰਦੀ ਤਾਂ ਬੱਗੂ ਤਾਇਆ ਵਾਹਦ ਸ਼ਖਸ ਹੁੰਦਾ ਜੋ ਮੌਕੇ ਤੇ ਸਰਗਰਮ ਦਖਲ ਦਿੰਦਾ ਬੱਚੇ ਨੂੰ ਮਾਂ ਕੋਲੋਂ ਖੋਹ ਕੇ ਆਪਣੀ ਬੁੱਕਲ ਵਿੱਚ ਲੈ ਲੈਂਦਾ ਅਤੇ ਉਹਦੀ ਵਿਲੱਖਣ ਤਾੜਵੀਂ ਆਵਾਜ਼ ਬੀਹੀ ਵਿੱਚ ਗੂੰਜ ਰਹੀ ਹੁੰਦੀ, “ ਇਹਨੂੰ ਕਿਉਂ ਕੁੱਟਦੀ ਐਂ ..ਇਹਨੇ ਕੀ ਵਿਗਾੜਿਐ ਤੇਰਾ..” ਉਹਦਾ ਅਡੋਲ ਵਿਸ਼ਵਾਸ਼ ਸੀ ਕਿ ਬੱਚੇ ਹਮੇਸ਼ਾ ਬੇਕਸੂਰ ਹੁੰਦੇ ਹਨ . ਉਹਦੀ ਝਿੜਕ ਵਿੱਚ ਮਾਸੂਮ ਬੱਚੇ ਦੇ ਕੋਮਲ ਮਨ ਦੀ ਟੀਸ ਰਚੀ ਹੁੰਦੀ. ਬੀਹੀ ਦੇ ਬੱਚਿਆਂ ਦੀ ਇੱਕੋ ਇੱਕ ਅਦਾਲਤ ਸੀ ਉਹ ਜੋ ਉਨ੍ਹਾਂ ਦੀਆਂ ਲੇਰਾਂ ਵਿਚਲੀ ਫਰਿਯਾਦ ਦੀ ਤੁਰਤ ਸੁਣਵਾਈ ਕਰਦਾ ਅਤੇ ਝਿੜਕਾਂ ਦੇ ਰੂਪ ਵਿੱਚ ਤੁਰਤ ਸਜ਼ਾ ਫਰਮਾ ਦਿੰਦਾ. ਕਿਸੇ ਮੂਕ ਸਹਿਮਤੀ ਨਾਲ ਸਾਰੀ ਬੀਹੀ ਨੇ ਇਹ ਸ਼ਕਤੀਆਂ ਉਹਨੂੰ ਦੇ ਰਖੀਆਂ ਸਨ. ਕਦੇ ਕਿਸੇ ਨੇ ਉਹਦੇ ਦਖਲ ਦੇਣ ਦੇ ਇਸ ਹੱਕ ਤੇ ਉਜਰ ਨਹੀਂ ਕੀਤਾ ਸੀ.
ਮੁਠੀ ਮੁਠੀ ਆਟੇ ਨਾਲ ਪੰਜ ਚਾਰ ਕਿਲੋ ਆਟਾ ਉਹਦੀ ਦਿਨ ਭਰ ਦੀ ਕਮਾਈ ਹੁੰਦੀ.ਇਸ ਵਿੱਚੋਂ ਕੁਝ ਹਿਸਾ ਘਰ ਦੇ ਖਾਤੇ ਵੀ ਚਲਿਆ ਜਾਂਦਾ. ਗੱਲ ਮੁਕਾਈਏ ਉਹਦਾ ਅਫੀਮ ਦਾ ਗੁਜਾਰਾ ਹੁੰ ਮੁਸ਼ਕਿਲ ਹੋਣ ਲੱਗ ਪਿਆ ਸੀ. ਕਿਸੇ ਨੇ ਉਸਨੂੰ ਸਲਾਹ ਦਿੱਤੀ ਕਿ ਉਹ ਯੂ ਪੀ ਚਲਿਆ ਜਾਵੇ ; ਕਿ ਉਥੇ ਅਫੀਮ ਬਹੁਤ ਸਸਤੀ ਹੈ. ਤੇ ਸਾਡਾ ਭੋਲਾ ਬੱਗੂ ਤਾਇਆ ਯੂ ਪੀ ਲਈ ਰਵਾਨਾ ਹੋ ਗਿਆ. ਸਾਡੇ ਲਈ ਉਹਦੀ ਜਗਾਹ ਲੈਣ ਵਾਲਾ ਹੋਰ ਕੋਈ ਨਹੀਂ ਸੀ.
ਵਧੇਰੇ ਜੁਲਮ ਹੁਣ ਸਾਡੀ ਹੋਣੀ ਸੀ. ਪਰ ਇਹ ਅਰਸਾ ਬਹੁਤਾ ਲੰਮਾ ਨਹੀਂ ਸੀ. ਦੋ ਢਾਈ ਮਹੀਨੇ ਲੰਘੇ ਹੋਣੇ ਨੇ. ਇੱਕ ਦਿਨ ਅਸੀਂ ਸਾਡੇ ਘਰ ਦੀ ਛਤ ਉਤੇ ਖੇਡ ਰਹੇ ਸੀ . ਤਾਂ ਤੇਜ਼ ਤੇਜ਼ ਚਾਲ ਬੱਗੂ ਤਾਇਆ ਵਗਿਆ ਆ ਰਿਹਾ ਸੀ. ਅਸੀਂ “ਬੱਗੂ ਤਾਇਆ ! ਬੱਗੂ ਤਾਇਆ !!....” ਕੂਕਦੇ ਕੋਠਿਉਂ ਉੱਤਰ ਉਹਦੇ ਵੱਲ ਦੌੜ ਪਏ. ਉਹ ਵੀ ਹੁਣ ਦੌੜ ਹੀ ਪਿਆ ਸਾਡੇ ਵੱਲ ਨੂੰ . ਕੁਝ ਹੀ ਪਲਾਂ ਬਾਅਦ ਅਸੀਂ ਉਸਨੂੰ ਇਉਂ ਘੁੱਟ ਕੇ ਚਿੰਬੜ ਗਏ ਜਿਵੇ ਡਰੇ ਹੋਈਏ ਕਿ ਇਹ ਦੁਰਲਭ ਹੀਰਾ ਕਿਤੇ ਮੁੜ ਨਾ ਗਵਾਚ ਜਾਏ.
“ ਫੀਮ ਤਾਂ ਬਥੇਰੀ ਸੀ ਪਰ .. ਇੱਕ ਦਿਨ ਮੈਂ ਖੇਤਾਂ ਵਿੱਚ ਛੋਲੇ ਵਢ ਰਿਹਾ ਤੀ. ਥੋਡੀ ਯਾਦ ਆ ਗਈ.” ਉਹਦੀਆਂ ਚੁੰਨ੍ਹੀਆਂ ਅੱਖਾਂ ਵਿੱਚ ਹੜ੍ਹ ਵੱਗ ਤੁਰਿਆ ਸੀ ਅਤੇ ਕੁਝ ਸਮਾਨ ਚੁੱਪ ਰਾਹੀਂ ਦੇ ਬਾਅਦ ਉਹ ਕਹਿਣ ਲੱਗਾ, “ ਥੋਡੀ ਯਾਦ ਆ ਗਈ...ਖਿਆਲ ਉਖੜ ਗਿਆ ,ਦਾਤੀ ਨੇ ਮੇਰੀ ਉਂਗਲ ਲਾਹ ਮਾਰੀ.” ਆਪਣੇ ਖੱਬੇ ਹੱਥ ਦੀ ਚੀਚੀ ਦੀ ਥਾਂ ਡੁੰਡ ਦਿਖਾਉਂਦਿਆਂ ਉਹਦਾ ਗਚ ਭਰ ਆਇਆ ਸੀ ਅਤੇ ਅਥਰੂਆਂ ਨਾਲ ਉਹਦਾ ਸਾਰਾ ਮੂੰਹ ਭਿੱਜ ਗਿਆ ਸੀ. ਉਹ ਹੋਰ ਕੁਝ ਨਹੀਂ ਬੋਲ ਸਕਿਆ. ਮੈਂ ਉਹਦੇ ਘਨੇੜੇ ਚੜ੍ਹ ਗਿਆ ਸੀ ਪਰ ਕਦੋਂ ਉਤਰਿਆ ਤੇ ਅੱਗੇ ਕੀ ਹੋਇਆ ਮੈਨੂੰ ਕੋਈ ਯਾਦ ਨਹੀਂ.
ਇਹ ਗੱਲ ਉਨ੍ਹਾ ਦਿਨਾਂ ਦੀ ਹੈ ਜਦੋਂ ਜਵਾਹਰ ਲਾਲ ਨਹਿਰੂ ਦੀ ਮੌਤ ਹੋਈ ਸੀ ਅਤੇ ਸਕੂਲਾਂ ਨੂੰ ਤਿੰਨ ਦਿਨਾ ਸੋਗ ਦੇ ਤਹਿਤ ਬੰਦ ਕਰ ਦਿੱਤਾ ਗਿਆ ਸੀ . ਰੇਡਿਉ ਤੇ ਸ਼ਿਵ ਦੇ ਗੀਤ ਦੀਆਂ ਸਤਰਾਂ ਗੂੰਜ ਰਹੀਆਂ ਸਨ ,”ਅੱਜ ਅਮਨਾਂ ਦਾ ਬਾਬਲ ਮੋਇਆ.”
ਤੇ ੧੯੬੬ ਦੀ ਬਸੰਤ ਰੁੱਤੇ ਮੇਰੇ ਪੰਜਵੀਂ ਦੇ ਪਰਚੇ ਢਾਈ ਕੁ ਮੀਲ ਧਮੋਟ ਦੇ ਹਾਈ ਸਕੂਲ ਵਿੱਚ ਹੋ ਰਹੇ ਸਨ . ਪਹਿਲੇ ਪਰਚੇ ਵਾਲੇ ਦਿਨ ਮੈਂ ਘਰੋਂ ਅਠਿਆਨੀ ਦੀ ਮੰਗ ਕੀਤੀ ਪਰ ਸਯੁੰਕਤ ਪਰਿਵਾਰ ਦੇ ਉਲਝੇਵਿਆਂ ਵਿੱਚ ਇਹ ਨਿੱਕੀ ਜਿਹੀ ਮੰਗ ਵੀ ਪੂਰੀ ਨਾ ਹੋ ਚੁੱਕੀ ਅਤੇ ਡੰਗਰ ਚਾਰਨ , ਪਠੇ ਵੱਢਣ , ਟੋਕਾ ਕਰਨ ਤੋਂ ਲੈ ਕੇ ਖੇਤ ਚਾਹ ਰੋਟੀ ਫੜਾਉਣ ਦੇ ਘਰ ਦੇ ਸਾਰੇ ਕੰਮ ਕਰਾਉਣ ਦੇ ਬਾਵਜੂਦ ਪੜ੍ਹਾਈ ਵਿੱਚ ਹਮੇਸ਼ਾ ਅਵੱਲ ਰਹਿਣ ਦੀ ਚੇਤਨਾ ਪ੍ਰਚੰਡ ਹੋਣ ਦੀ ਸੂਰਤ ਵਿੱਚ ਮੇਰੇ ਮਨ ਨੇ ਇਸ ਅਨਿਆਂ ਨੂੰ ਕੁਝ ਜਿਆਦਾ ਹੀ ਗੰਭੀਰਤਾ ਨਾਲ ਲੈ ਲਿਆ ਤੇ ਮੈਂ ਕਿਸੇ ਕਿਸਮ ਦੀ ਬਗਾਵਤ ਦੇ ਖਿਆਲਾਂ ਵਿੱਚ ਮਗਨ ਉਦਾਸ ਉਦਾਸ ਪਰਚਾ ਦੇਣ ਲਈ ਤੁਰ ਪਿਆ. ਪੜ੍ਹਾਈ ਨਾਲ ਮੇਰਾ ਲਗਾਉ ਉਦੋਂ ਤੱਕ ਇਸ ਕਦਰ ਤੀਖਣ ਹੋ ਚੁਕਾ ਸੀ ਕਿ ਪਰਚੇ ਨਾ ਦੇਣ ਦਾ ਕਦਮ ਕਦਾਚਿਤ ਨਹੀਂ ਸੀ ਉਠਾ ਸਕਦਾ. ਜਦੋਂ ਅਜੇ ਮੈਂ ਧਮੋਟ ਸਕੂਲ ਦੇ ਬਾਹਰ ਸੜਕ ਤੇ ਪੁੱਜਿਆ ਹੀ ਸੀ ਤਾਂ ਮੈਨੂੰ ਭਗਵੇਂ ਲਿਬਾਸ ਵਿੱਚ ਚਿਮਟਾ ਧਾਰੀ ਬੱਗੂ ਤਾਇਆ ਆਪਣੀ ਨਿਰਾਲੀ ਚਾਲ ਵਗਿਆ ਆਉਂਦਾ ਨਜ਼ਰ ਪਿਆ . ਉਹ ਸਿਧਾ ਮੇਰੇ ਕੋਲ ਆਇਆ ਤੇ ਮੈਨੂੰ ਅਠਿਆਨੀ ਫੜਾ ਕੇ ਚਲਾ ਗਿਆ. ਮੈਂ ਕਲਪਨਾ ਕਰ ਲਈ ਸੀ ਕਿ ਮੇਰੇ ਆਉਣ ਤੋਂ ਬਾਅਦ ਉਹਨੂੰ ਮੇਰੇ ਰੁੱਸ ਕੇ ਆਉਣ ਦਾ ਪਤਾ ਚੱਲਿਆ ਹੋਵੇਗਾ ਤੇ ਉਹ ਕਿਵੇਂ ਸਹਿਣ ਕਰ ਸਕਦਾ ਸੀ ਮੈਂ ਸਾਰਾ ਦਿਨ ਦੁਖੀ ਮਨ ਕਲਪਦਾ ਰਹਾਂ.
ਤੇ ਫਿਰ ਮੈਂ ਜਮਾਤਾਂ ਪਾਸ ਕਰਦਾ ਗਿਆ.ਦੱਸਵੀਂ ਤੇ ਫਿਰ ਇਲਾਕੇ ਵਿੱਚ ਬਣੇ ਖਾਲਸਾ ਕਾਲਜ ਸਿਧਸਰ ਤੋਂ ਬੀ ਏ ਕਰ ਲਈ. ਬਗਾਵਤ ਦਾ ਬੀਜ ਦੂਰ ਬਚਪਨ ਵਿੱਚ ਬੀਜਿਆ ਜਾ ਚੁੱਕਾ ਸੀ . ਇਹ ਖਤਮ ਨਹੀਂ ਹੋਇਆ ਸਗੋਂ ਸਮੇਂ ਨਾਲ ਤਰ੍ਹਾਂ ਤਰ੍ਹਾਂ ਦੀਆਂ ਵਧੀਕੀਆਂ ਦੇ ਅਨੁਭਵਾਂ ਦੇ ਜਰਖੇਜ਼ ਮਾਹੌਲ ਵਿੱਚ ਸਾਹਿਤਕ ਸ੍ਰੋਤਾਂ ਵਿੱਚੋਂ ਊਰਜਾ ਗ੍ਰਹਿਣ ਕਰਦਾ ਰੂਪ ਵਟਾਉਂਦਾ ਸਿਰਜਨਾਤਮਕ ਕ੍ਰਾਂਤੀ ਦੇ ਸੁਪਨੇ ਦੇ ਲੜ ਲੱਗ ਗਿਆ.
੧੯੭੫ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਡਾ. ਰਵੀ ਦੇ ਸੰਪਰਕ ਵਿੱਚੋਂ ਪ੍ਰਪੱਕ ਹੋਈ ਸਿਧਾਂਤਕ ਪੁਠ ਨੇ ਮੈਂ ਮੈਨੂੰ ਫੌਰਨ ਇੱਕ ਜਨੂੰਨੀ ਵਿਦਰੋਹੀ ਬਣਾ ਦਿੱਤਾ.
ਗੱਲ ਮੁਕਾ, ਮੈਂ ਦਿਨ ਰਾਤ ਇਨਕਲਾਬ ਦੀਆਂ ਗੱਲਾਂ ਕਰਦਾ ,ਇਨਕਲਾਬ ਪੜ੍ਹਦਾ , ਇਨਕਲਾਬ ਪੜ੍ਹਾਉਂਦਾ
...ਰੈਲੀਆਂ ,ਮੁਜਾਹਰੇ , ਪਾਰਟੀ ਸਕੂਲ ਤੇ ਸੁਰਖਿਆ ਸਿਖਲਾਈਆਂ .. ਤੇ ਇਸ ਸਾਰੇ ਚੱਕਰ ਵਿੱਚ ਬੱਗੂ ਤਾਇਆ ਨਜਰੋਂ ਉਹਲੇ ਹੋ ਗਿਆ. ਲੱਗਦਾ ਹੈ ਉਹਨੇ ਵੀ ਹੁਣ ਮੈਨੂੰ ਵਿਸਾਰ ਦਿੱਤਾ ਸੀ. ਵੱਡਿਆਂ ਨਾਲ ਤਾਂ ਉਹਨੂੰ ਕੋਈ ਮਤਲਬ ਨਹੀਂ ਸੀ. ਹੁਣ ਮੈ ਕੋਈ ਬੱਚਾ ਥੋੜੋ ਸਾਂ ਕਿ ਉਹ ਮੇਰਾ ਖਿਆਲ ਰਖਦਾ. ਕਦੋਂ ਉਹਦੀ ਮੌਤ ਹੋ ਗਈ ਮੈਨੂੰ ਕੋਈ ਖਬਰ ਨਹੀਂ. ਜਦੋਂ ਮੈਨੂੰ ਸੁਰਤ ਆਈ ਤਾਂ ਉਹ ਇਸ ਦੁਨੀਆਂ ਵਿੱਚ ਨਹੀਂ ਸੀ. ਮੈਂ ਉਹਦੇ ਲਈ ਕੁਝ ਨਹੀਂ ਕਰ ਸਕਦਾ. ਪਰ ਹੌਲੀ ਹੌਲੀ ਉਹਦੇ ਕਰਜ ਦਾ ਬੇਖਬਰ ਵਾਕਿਆ ਮੇਰੀ ਹੋਂਦ ਦੀ ਸੁਚੇਤ ਹਕੀਕ਼ਤ ਬਣ ਗਿਆ. ਇਸ ਤੋਂ ਬਾਅਦ ਜਦੋਂ ਬੱਚਿਆਂ ਨਾਲ ਵਿਚਰਦਾ ਹਾਂ ਤਾਂ ਬੱਗੂ ਤਾਇਆ ਮੇਰਾ ਰਹਨੁਮਾ ਬਣ ਜਾਂਦਾ ਹੈ. ਜੇ ਕਦੇ ਕਿਸੇ ਕੋਮਲ ਮਨ ਨੂੰ ਠੇਸ ਪਹੁੰਚਾ ਬੈਠਾਂ ਤਾਂ ਬੱਗੂ ਤਾਏ ਦੀਆਂ ਝਿੜਕਾਂ ਸੁਣਾਈ ਦੇਣ ਲੱਗਦੀਆਂ ਹਨ. ਉਸ ਕੋਲੋਂ ਮੈਂ ਦੂਜਿਆਂ ਦੇ ਅੰਦਰ ਵੱਸਦੀ ਬਹੁਤ ਕੋਮਲ ਤੇ ਬਹੁਤ ਕੀਮਤੀ ਰੂਹ ਨੂੰ ਮਹਿਸੂਸ ਕਰਨਾ ਤਾਂ ਸਿੱਖ ਲਿਆ ਪਰ ਅਸਲੀ ਪਾਠ ਜਿਹੜਾ ਉਹਦੇ ਜੀਵਨ ਦਾ ਸਾਰ ਹੈ ਉਹ ਅਜੇ ਪੜ੍ਹਨਾ ਹੈ: ਇਸ ਗੱਲ ਨੂੰ ਭੁੱਲ ਜਾਣ ਦਾ ਪਾਠ ਕਿ ਮੈਂ ਕਿਸੇ ਦੇ ਜੀਵਨ ਵਿੱਚ ਕੋਈ ਕੀਮਤੀ ਯੋਗਦਾਨ ਪਾਇਆ ਹੈ.