Thursday, March 17, 2011

ਕਾਮਨੀ,ਕਮਲਾ ਤੇ ਸਰ ਜੋਗਿੰਦਰ ਸਿੰਘ

ਮੈਂ ਦਸ ਗਿਆਰਾਂ ਸਾਲ ਦਾ ਸੀ ਜਦੋਂ ਪਹਿਲਾ ਨਾਵਲ ਪੜ੍ਹਿਆ. ਨਾਵਲ ਦਾ ਨਾਂ ਤੇ ਲੇਖਕ ਦਾ ਨਾਂ ਅੱਜ ਤੱਕ ਯਾਦ ਹਨ . ਕਦੇ ਨਹੀਂ ਭੁੱਲੇ. ਪੜ੍ਹਨ ਦਾ ਸ਼ੌਕ ਇਸ ਤੋਂ ਵੀ ਪਹਿਲਾਂ ਪੈ ਚੁੱਕਿਆ ਸੀ. ਕਹਾਣੀ ਰਸ ਮਾਨਣ ਦੀ ਸੁਹਜਾਤਮਕ ਰੁਚੀ ਜਬਾਨੀ ਸਭਿਆਚਾਰ ਦੇ ਸਾਗਰ ਵਿੱਚ ਟੁਭੀਆਂ ਲਾਉਂਦੇ ਰੜ੍ਹ ਚੁੱਕੀ ਸੀ. ਅਜ਼ਾਦੀ ਤੋਂ ਬਾਅਦ ਨਹਿਰੂ ਦੀਆਂ ਸਭਿਆਚਾਰ ਪ੍ਰਫੁੱਲਿਤ ਕਰਨ ਦੀਆਂ ਨੀਤੀਆਂ ਸਦਕਾ ਸਾਡੇ ਪਿੰਡ ਵੀ ਇੱਕ ਛੋਟੀ ਜਿਹੀ ਲਾਇਬ੍ਰੇਰੀ ਆ ਗਈ ਸੀ ਜਿਸ ਦਾ ਕੋਈ ਲਾਇਬ੍ਰੇਰੀਅਨ ਨਹੀਂ ਸੀ.ਇੱਕ ਲੱਕੜ ਦੀ ਅਲਮਾਰੀ ਸੀ ਜੋ ਧਰਮਸ਼ਾਲਾ ਵਿੱਚ ਪਈ ਸੀ. ਇਸ ਵਿੱਚ ਦੋ ਚਾਰ ਸੌ ਕਿਤਾਬ ਸੀ. ਕੁਝ ਸ਼ੌਕੀਨ ਇਸ ਵਿੱਚੋਂ ਕਦੇ ਕਦੇ ਅਲਮਾਰੀ ਦੇ ਪੱਲੇ ਅੱਗੇ ਪਿੱਛੇ ਕਰਕੇ ਕੋਈ ਨਾ ਕੋਈ ਕਿਤਾਬ ਕਢ ਲੈਂਦੇ ਸਨ ਤੇ ਉਹ ਪਿੰਡ ਵਿੱਚ ਹਥੋ ਹਥੀ ਗਸ਼ਤ ਕਰਨ ਲੱਗਦੀ . ਭਗਤਾਂ ਦੇ ਜੀਵਨ ਨਾਲ ਜੁੜੀ ਇੱਕ ਕਿਤਾਬ ਇਵੇਂ ਹੀ ਮੇਰੇ ਹਥ ਲੱਗੀ ਸੀ. ਇਹ ਮੇਰੇ ਜੀਵਨ ਦੀ ਸਕੂਲ ਦੀਆਂ ਕਿਤਾਬਾਂ ਤੋਂ ਬਾਹਰ ਮੇਰੀ ਪਹਿਲੀ ਕਿਤਾਬ ਸੀ . ਸ਼ਾਇਦ ਜਰਗ ਦੇ ਮੇਲੇ ਤੋਂ ਖਰੀਦ ਕੇ ਲਿਆਂਦੀਆਂ ਤੋਤਾ ਮੈਨਾ ਦੀਆਂ ਕਹਾਣੀਆਂ ਇਸ ਤੋਂ ਪਹਿਲਾਂ ਪੜ੍ਹ ਲਈਆਂ ਸਨ . ਇਸ ਤੋਂ ਵੀ ਪਹਿਲਾਂ ਸੋਹਣੀ ਸਦਾ ਰਾਮ ਤੇ ਰੂਪ ਬਸੰਤ ਤੇ ਕੁਝ ਹੋਰ ਚਿੱਠੇ ਘਰ ਵਿੱਚ ਮੌਜੂਦ ਹੋਣ ਕਾਰਨ ਵਾਰ ਵਾਰ ਪੜ੍ਹੇ ਜਾਂਦੇ ਸਨ .

ਖੈਰ , ਮੈਂ ਦੱਸ ਰਿਹਾ ਸੀ ਪਹਿਲੇ ਨਾਵਲ ਦੀ ਗੱਲ.ਮੈਂ ਪੰਜਵੀਂ ਵਿੱਚ ਸੀ ਤੇ ਮੇਰਾ ਵੱਡਾ ਭਰਾ ਗੁਆਂਢ ਦੇ ਪਿੰਡ ਧਮੋਟ ਦੇ ਸਕੂਲ ਛੇਵੀਂ ਵਿਚ. ਉਹ ਉਥੋਂ ਦੀ ਲਾਇਬ੍ਰੇਰੀ ਵਿੱਚੋਂ ਇਹ ਨਾਵਲ ਲਿਆਇਆ ਸੀ. ਸਰ ਜੋਗਿੰਦਰ ਸਿੰਘ ਦਾ ਲਿਖਿਆ ਕਾਮਨੀ . ਉਸ ਦਿਨ ਮੈਨੂੰ ਬੁਖਾਰ ਸੀ ਤੇ ਮੈਂ ਸਕੂਲ ਨਹੀਂ ਸੀ ਗਿਆ. ਕਹਾਣੀ ਨੇ ਮੇਰੇ ਬਾਲ ਮਨ ਨੂੰ ਏਨੇ ਜੋਰ ਨਾਲ ਕਾਬੂ ਕਰ ਲਿਆ ਸੀ ਕਿ ਮੈਂ ਹੋਰ ਕਾਸੇ ਬਾਰੇ ਸੋਚਣ ਤੋਂ ਅਸਮਰਥ ਸੀ. ਘਰਦਿਆਂ ਦੀਆਂ ਝਿੜਕਾਂ ਤੋਂ ਡਰਦਿਆਂ ਆਪਣੇ ਇਸ ਜਨੂੰਨ ਨੂੰ ਛੁਪਾਉਣ ਲਈ ਮੈਂ ਚਾਦਰ ਤਾਣੀਂ ਹੋਈ ਸੀ . ਕਾਮਨੀ ਇਸ ਨਾਵਲ ਦੀ ਮੁੱਖ ਪਾਤਰ ਹੈ ਜੋ ਇਸ ਜਾਲਮ ਦੁਨੀਆਂ ਵਿੱਚ ਇੱਕ ਤੋਂ ਬਾਅਦ ਇੱਕ ਮੁਸੀਬਤ ਨਾਲ ਜੂਝਦੀ ਹੈ. ਕੁਦਰਤੀ ਕਹਿਰ ਅੱਡ ਢਹਿ ਰਹੇ ਹਨ. ਅਕਾਲ ਪਿਆ ਹੋਇਆ ਹੈ. ਕਹਾਣੀ ਤੰਦਾਂ ਤਾਂ ਹੁਣ ਹੋਸ਼ ਦੇ ਅਗਿਆਤ ਮੰਡਲਾਂ ਵਿੱਚ ਵੱਸ ਚੁਕੀਆਂ ਹਨ ਪਰ ਨਾਵਲੀ ਬਿੰਬ ਹਮੇਸ਼ਾ ਲਈ ਹੋਸ਼ ਦਾ ਅੰਗ ਬਣ ਗਿਆ.

ਇਸ ਤੋਂ ਬਾਅਦ ਕਹਾਣੀਆਂ ਲਈ ਲਿਲ੍ਹਕ ਨੇ ਮੈਨੂੰ ਕਿਤਾਬਾਂ ਦੀ ਦੁਨੀਆਂ ਵਿੱਚ ਇੱਕ ਅਮੁੱਕ ਸਫਰ ਤੇ ਤੋਰ ਦਿੱਤਾ ਅਤੇ ਹਰੇਕ ਕਿਤਾਬ ਵਿੱਚ ਮੈਨੂੰ ਇੱਕ ਸਰਗਰਮ ਰੂਹ ਨਜ਼ਰ ਆਉਂਦੀ ਜੋ ਮੈਨੂੰ ਬੁਲਾ ਰਹੀ ਹੁੰਦੀ ਹੈ .

ਬਾਅਦ ਵਿੱਚ ਜਦੋਂ ਮੇਰਾ ਵਾਹ ਪ੍ਰੀਤਲੜੀ, ਆਰਸੀ, ਨਾਗਮਣੀ , ਪ੍ਰੀਤਮ ਅਤੇ ਕਵਿਤਾ ਆਦਿ ਪੰਜਾਬੀ ਰਸਾਲਿਆਂ ਨਾਲ ਪਿਆ ਤਾਂ ਮੈਂ ਇਨ੍ਹਾਂ ਵਿੱਚ ਛਪਦੀਆਂ ਪੁਸਤਕ ਸੂਚੀਆਂ ਨੂੰ ਵਾਰ ਵਾਰ ਘੋਖਦਾ ਰਹਿੰਦਾ. ਇਨ੍ਹਾਂ ਵਿੱਚ ਸਰ ਜੋਗਿੰਦਰ ਸਿੰਘ ਦੇ ਇੱਕ ਹੋਰ ਨਾਵਲ ਕਮਲਾ ਦਾ ਵੀ ਨਾਂ ਹੁੰਦਾ. ਇਸ ਨੂੰ ਪੜ੍ਹਨ ਮੇਰੀ ਉਚੇਚੀ ਤਮੰਨਾ ਸੀ ਪਰ ਮੇਰੇ ਮੁੱਖ ਤੌਰ ਤੇ ਗੈਰ ਸਾਹਿਤਕ ਮਾਹੌਲ ਵਿੱਚੋਂ ਮੈਨੂੰ ਇਹ ਕਦੇ ਪ੍ਰਾਪਤ ਨਾ ਹੋਇਆ ਅਤੇ ਮੇਰੀ ਇਹ ਤਮੰਨਾ ਅਨਪੂਰੀ ਰਹਿ ਗਈ . ਕਾਮਨੀ ਨੇ ਮੇਰੇ ਤੇ ਜਾਦੂ ਕਿਵੇਂ ਕੀਤਾ ਇਹ ਸਮਝਣ ਲਈ ਦੁਆਰਾ ਇਹ ਨਾਵਲ ਪੜ੍ਹਨ ਦੀ ਤਮੰਨਾਂ ਵੀ ਅਜੇ ਕਾਇਮ ਹੈ . ਉਮਰ ਪਾਠਕ ਦੇ ਤੌਰ ਆਪਣੇ ਅਨੁਭਵਾਂ ਨੂੰ ਕਲਮਬੰਦ ਕਰਨ ਵਾਸਤੇ ਇਹ ਪੁਨਰ ਪਾਠ ਬੜਾ ਸਹਾਈਹੋ ਸਕਦਾ ਹੈ.

No comments:

Post a Comment