ਸਮਰਾਲੇ ਨੇੜੇ ਉਟਾਲਾਂ ਪਿੰਡ ਵਿੱਚ ਮੇਰੇ ਨਾਨਕੇ ਹਨ. ਮੇਰਾ ਵੱਡਾ ਭਰਾ ਮੈਥੋਂ ਦੋ ਸਾਲ ਵੱਡਾ ਸੀ ਅਤੇ ਪਲੇਠਾ ਹੋਣ ਨਾਤੇ ਦਾਦਕਿਆਂ ਦਾ ਸਾਰਾ ਚਾਅ ਉਹਦੇ ਹਿੱਸੇ ਆ ਗਿਆ ਸੀ.ਮੇਰੀ ਇਸ ਹਾਲਤ ਨੂੰ ਭਾਂਪ ਕੇ ਮੇਰੀ ਮਾਂ ਨੇ ਮੈਨੂੰ ਛੋਟੀ ਉਮਰੇ ਹੀ ਨਾਨਕਿਆਂ ਦੇ ਹਵਾਲੇ ਕਰ ਦਿੱਤਾ ਸੀ.
ਉਹ ਮੇਰਾ ਸੱਕਾ ਨਾਨਾ ਤਾਂ ਨਹੀਂ ਸੀ ਮੇਰੇ ਸੱਕੇ ਨਾਨੇ ਦਾ ਗੂੜਾ ਯਾਰ ਸੀ ਤੇ ਗੁਆਂਢੀ ਵੀ.ਮੇਰੇ ਨਾਨਕੇ ਪਰਿਵਾਰ ਵਿੱਚ ਉਹ ਘਰ ਵਾਂਗ ਹੀ ਵਿਚਰਦਾ ਸੀ.ਜਦੋਂ ਮੈਂ ਸੁਰਤ ਸੰਭਾਲੀ ਤਾਂ ਮੈ ਉਹਦੇ ਮੋਢਿਆਂ ਤੇ ਸਵਾਰ ਸੀ.ਉਹਦੇ ਨਾਲ ਜੁੜੇ ਅਜਿਹੇ ਪਲ ਮੇਰੀ ਯਾਦ ਦੇ ਅਮਿੱਟ ਕੋਨਿਆਂ ਵਿੱਚ ਵੱਡਾ ਥਾਂ ਮੱਲੀਂ ਬੈਠੇ ਹਨ.ਪਤਲਾ ਲੰਮਾ ਚਿੱਟ ਦਾਹੜੀਆ ਤੇ ਪੂਰਾ ਸਿੰਘ ਸਜਿਆ ਹੋਇਆ,ਗਾਤਰਾਧਾਰੀ. ਗਿਆਨੀ ਮੇਹਰ ਸਿੰਘ.
ਮੈਂ ਕਹਿ ਰਿਹਾ ਸੀ ਮੈਂ ਉਹਦੇ ਮੋਢਿਆਂ ਤੇ ਬੈਠਾ ਸੀ ਜਦੋਂ ਮੈਂ ਸੁਰਤ ਸੰਭਾਲੀ ..ਉਹ ਕੁਝ ਗੁਣਗੁਣਾਉਂਦਾ ਹੋਇਆ ਮੱਝਾਂ ਦੇ ਮਗਰ ਮਗਰ ਮੈਨੂੰ ਖੇਤ ਲੈ ਤੁਰਿਆ. ਦਮੇਂ ਦੀ ਰੋਗਣ ਮੇਰੀ ਨਾਨੀ ਦੀ ਮਗਰੋਂ ਆਵਾਜ਼ ਆਈ ," ਵੇ, ਇਹਨੂੰ ਕਿਥੇ ਲੈ ਚਲਿਉਂ ,ਭਾਈ ਜੀ."
ਭਾਈ ਜੀ ਕਹਿੰਦੇ ਹੁੰਦੇ ਸਨ ਉਹਨੂੰ ਸਾਰੇ.ਨਾਨੀ ਦੇ ਸਵਾਲ ਦਾ ਉਹਨੇ ਕੋਈ ਜਵਾਬ ਨਾ ਦਿੱਤਾ.ਪਹਿਲੇ ਦਿਨ ਹੀ ਉਹਨੇ ਮੈਨੂੰ ਬੜੀ ਦੁਨੀਆਂ ਦਿਖਾਈ.ਸਿੱਖਣ ਵਿੱਚ ਮੈਂ ਖਾਸਾ ਤੇਜ ਸੀ ਤੇ ਉਹਨੇ ਮੇਰਾ ਨਾਂ ਵੀ ਗਿਆਨੀ ਰੱਖ ਲਿਆ.
ਉਸ ਤੋਂ ਬਾਅਦ ਹਮਸਫਰੀ ਦਾ ਇਹ ਅਨੰਦ ਮੇਰੇ ਬਚਪਨ ਦਾ ਨਸੀਬ ਬਣ ਗਿਆ.ਰੋਜ ਮੱਝਾਂ ਮਗਰ ਖੂਹ ਤੇ ਜਾਣਾ ਅਤੇ ਉੱਚੀ ਥਾਂ ਤੋਂ ਦੁਨੀਆਂ ਦੇਖਣ ਦਾ ਮਜ਼ਾ ਲਾਜਵਾਬ ਹੁੰਦਾ. ਮੈਂ ਆਲਾ ਦੁਆਲਾ ਦੇਖਦਾ ਜਾਂਦਾ ਤੇ ਉਹ ਆਪਣੀ ਸੁਰੀਲੀ ਤੇ ਹਲਕੀ ਆਵਾਜ਼ ਵਿੱਚ ਨਿੱਕੀਆਂ ਨਿੱਕੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣਾਈ ਜਾਂਦਾ.ਮੇਰਾ ਪਹਿਲਾ ਅਧਿਆਪਕ ਸੀ ਉਹ.
ਅੱਜ ਜਦੋਂ ਮੈਂ ਬਚਿਆਂ ਦੇ ਹੋਸ਼ ਸੰਭਾਲਣ ਸਮੇਂ ਦੀਆਂ ਕਾਫੀ ਸਾਰੀਆਂ ਮਨੋ ਵਿਗਿਆਨਕ ਬਾਰੀਕੀਆਂ ਦਾ ਜਾਣੂੰ ਹੋ ਗਿਆ ਹਾਂ, ਮੈਂ ਭਲੀਭਾਂਤ ਮਹਿਸੂਸ ਕਰ ਸਕਦਾ ਹਾਂ ਕਿ ਜੇ ਮੈਨੂੰ ਬਾਮੌਕਾ ਇਹ ਉਸਤਾਦ ਨਾ ਮਿਲਦਾ ਤਾਂ ਕਿੰਨਾ ਹਨੇਰ ਮੈਨੂੰ ਜਿੰਦਗੀ ਭਰ ਢੋਣਾ ਪੈਣਾ ਸੀ.
ਖੂਹ ਉੱਤੇ ਇੱਕ ਜਾਮਣ ਹੁੰਦੀ ਸੀ ਜਿਹਦੀਆਂ ਜਾਮਣਾਂ ਵੀ ਲੋਹੜੇ ਦੀਆਂ ਮਿਠੀਆਂ ਹੁੰਦੀਆਂ ਸਨ ਅਤੇ ਛਾਂ ਵੀ ਬਹੁਤ ਸੰਘਣੀ ਤੇ ਮੇਰੇ ਲਈ ਉਹ ਕਲਾਸ ਰੂਮ ਬਣ ਗਈ.
ਤਪਦੀਆਂ ਗਰਮੀਆਂ ਦੇ ਦਿਨ ..ਉਪਰੋਂ ਦੁਪਹਿਰ ਅਤੇ ਖੇਤਾਂ ਵਿੱਚ ਨਿਰੀ ਰੇਤ .ਗਿਆਨੀ ਮਿਹਰ ਸਿੰਘ ਨੇ ਆਪਣੇ ਸੱਜੇ ਹਥ ਦੀਆਂ ਲੰਮੀਆਂ ਉਗਲਾਂ ਨਾਲ ਜਾਮਣ ਦੀ ਛਾਵੇਂ ਜਮੀਨ ਸਾਫ਼ ਕੀਤੀ ਅਤੇ ਗੁਰਮੁਖੀ ਦੇ ਕੁਝ ਅੱਖਰ ਮੇਰੇ ਹਵਾਲੇ ਕਰ ਦਿਤੇ.ਇਹ ਗੱਲ ੧੯੫੭-੫੮ ਦੀ ਹੈ.ਤੇ ਜਦੋਂ ਮੈਂ ੧੯੬੦ ਵਿਚ ਰਸਮੀ ਸਿਖਿਆ ਲੈਣ ਲਈ ਪਿੰਡ ਦੇ ਸਕੂਲ ਵਿੱਚ ਦਾਖਲ ਹੋਇਆ ਤਾਂ ਮੈਨੂੰ ਪਹਿਲੋਂ ਹੀ ਪੈਂਤੀ ਆਉਂਦੀ ਸੀ ਅਤੇ ਦਿਨਾਂ ਵਿੱਚ ਹੀ ਮੈਂ ਚੰਗੀ ਰਫਤਾਰ ਨਾਲ ਪੰਜਾਬੀ ਪੜਨ ਲਗ ਪਿਆ ਸੀ.
ਪੱਬਾਂ ਭਾਰ ਬੈਠਾ ਗਿਆਨੀ ਮੇਹਰ ਸਿੰਘ ਆਪਣੀ ਪਤਲੀ ਲੰਮੀ ਉਂਗਲ ਨਾਲ ਊੜਾ ਵਾਹ ਰਿਹਾ ਹੈ ਅੱਜ ਵੀ ਉਹ ਉਂਗਲ ਮੈਨੂੰ ਸਾਫ਼ ਦਿਖਾਈ ਦੇ ਰਹੀ ਹੈ.ਊੜੇ ਦਾ ਉਚਾਰਨ ਕਰਦੀ ਉਹਦੀ ਆਵਾਜ਼ ਸੁਣਾਈ ਦੇ ਰਹੀ ਹੈ.
ਉਹ ਮਿੱਟੀ ਤੇ ਲੀਕਾਂ ਵਾਹ ਰਿਹਾ ਸੀ ਤੇ ਮੇਰੀ ਰੂਹ ਵਿੱਚ ਮੇਰੀ ਹੋਣੀ ਲਿਖ ਗਿਆ ਸੀ. ਮੈਂ ਅਧਿਆਪਕ ਬਣਨ ਲਈ ਸਾਰਾ ਤਾਣ ਲਾ ਦਿੱਤਾ. ਮੈਂ ਵੀ ਗਿਆਨੀ ਮਿਹਰ ਸਿੰਘ ਵਾਂਗ ਕੋਈ ਨਾ ਕੋਈ ਸਗਿਰਦ ਲਭ ਲੈਂਦਾ ਹਾਂ. ਯਤਨ ਕਰਦਾ ਹਾਂ ਕੀ ਉਹਦੇ ਵਾਲੀ ਅਨਭੋਲ ਮੁਹੱਬਤ ਦਾ ਰਿਸਤਾ ਵੀ ਬਣਾ ਸਕਾਂ. ਮਕਸਦ ਉਦੋਂ ਹੀ ਤਹਿ ਹੋ ਗਿਆ ਸੀ ਪਰ ਪੈਂਡਾ ਆਸਾਨ ਨਹੀਂ.
ਮੈਂ ਉਹਦੇ ਮੋਢਿਆਂ ਤੇ ਬੈਠਾ ਹਾਂ ਤੇ ਅਸੀਂ ਰੇਤਲੇ ਟਿਬਿਆਂ ਵਿਚੀਂ ਮੇਰੇ ਦਾਦਕੇ ਪਿੰਡ ਜਾ ਰਹੇ ਹਾਂ.ਕਦੇ ਮੋਢਿਓਂ ਉਤਰ ਦੌੜਨ ਲਗ ਪੈਂਦਾ ਹਾਂ.ਤੇ ਨਾਨਾ ਮੈਨੂੰ ਝਾੜੀਆਂ ਤੋਂ ਤੋੜ ਤੋੜ ਬੇਰ ਖੁਆ ਰਿਹਾ ਹੈ.ਕੋਈ ਕਾਹਲੀ ਨਹੀਂ.ਮਿਸਾਲੀ ਠਰੰਮੇ ਵਾਲਾ ਮੇਰਾ ਉਸਤਾਦ ਮੈਨੂੰ ਕਹਾਣੀ ਸੁਣਾ ਰਿਹਾ ਹੈ : ਚਾਰ ਠੱਗਾਂ ਦੀ ਕਹਾਣੀ ਜਿਹਨਾਂ ਨੇ ਇੱਕ ਭੋਲੇ ਭਾਲੇ ਦਿਹਾਤੀ ਨੂੰ ਠੱਗ ਲਿਆ ਸੀ.ਤੇ ਫੇਰ ਉਸ ਲੂਣ ਵਾਲੀ ਚੱਕੀ ਦੀ ਕਹਾਣੀ ਜਿਹੜੀ ਮੂੰਹ ਮੰਗੀ ਮੁਰਾਦ ਪੂਰੀ ਕਰਦੀ ਸੀ,ਜਿਸ ਤੋਂ ਲੂਣ ਦੀ ਲੋੜ ਪੈਣ ਤੇ ਲੂਣ ਮੰਗ ਲਿਆ ਗਿਆ ਤੇ ਚੱਕੀ ਨੇ ਚਲਣਾ ਸ਼ੁਰੂ ਕਰ ਦਿੱਤਾ ਤੇ ਲੂਣ ਦਾ ਢੇਰ ਵਧਣ ਲਗ ਪਿਆ,ਸਾਰਾ ਜਹਾਜ ਲੂਣ ਨਾਲ ਭਰ ਗਿਆ ਤੇ ਮਾਲਕ ਨੂੰ ਚੱਕੀ ਰੋਕਣ ਦਾ ਢੰਗ ਨਹੀਂ ਸੀ ਪਤਾ.ਇਸ ਤਰਾਂ ਉਹ ਚੱਕੀ ਸਮੇਤ ਸਮੁੰਦਰ ਵਿੱਚ ਡੁੱਬ ਗਿਆ ਸੀ ਤੇ ਚੱਕੀ ਅੱਜ ਤੱਕ ਉੱਥੇ ਹੀ ਚੱਲੀ ਜਾ ਰਹੀ ਹੈ ਜਿਸ ਕਾਰਨ ਸਮੁੰਦਰ ਦਾ ਪਾਣੀ ਲੂਣਾ ਹੈ.ਉਸ ਦਿਨ ਮੇਰੀ ਕਲਪਨਾ ਵਿੱਚ ਸਮੁੰਦਰ ਬਣ ਗਿਆ ਸੀ.ਬਾਈ ਸਾਲ ਬਾਅਦ ਮੈਂ ਪਹਿਲੀ ਵਾਰ ਅਸਲੀ ਸਮੁੰਦਰ ਦੇਖਿਆ. ਉਦੋਂ ਤੱਕ ਉਹ ਕਲਪਿਤ ਸਮੁੰਦਰ ਹੀ ਮੇਰਾ ਇੱਕੋ ਇੱਕ ਸਮੁੰਦਰ ਸੀ.
ਫਿਰ ਮੈਂ ਉਡਾਰ ਹੋ ਗਿਆ.ਨਾਨਕੀਂ ਜਾਣਾ ਘਟਦਾ ਗਿਆ.ਜੁਆਨੀ ਦੀਆਂ ਖੇਡਾਂ ਤੇ ਨਵੀਆਂ ਨਵੀਆਂ ਸਾਹਿਤਕ ਦਿਲਚਸਪੀਆਂ-ਮੈਂ ਕਿਤਾਬਾਂ ਦੀ ਦੁਨੀਆਂ ਵਿੱਚ ਤਾਰੀਆਂ ਉਡਾਰੀਆਂ ਲਾਉਂਦਾ ਉਸ ਮਹਾਂਸ਼ਖਸ਼ ਨੂੰ ਭੁਲ ਗਿਆ. ਪਤਾ ਹੀ ਨਾ ਲਗਿਆ ਕਦੋਂ ਉਹਦੀ ਮੌਤ ਹੋ ਗਈ.ਸਾਲ ਬੀਤਦੇ ਗਾਏ ਤੇ ਹੌਲੀ ਹੌਲੀ ਮੈਨੂੰ ਇੱਕ ਕਰਜ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ.ਜਵਾਨੀ ਦੀ ਲੋਰ ਵਿੱਚ ਅਕਸਰ ਸਾਨੂੰ ਪਿਆਰਨ ਵਾਲੇ ਸਾਡੇ ਵੱਡੇ ਸਾਥੋਂ ਨਜਰ ਅੰਦਾਜ ਹੋ ਜਾਂਦੇ ਹਨ.
ਬਾਅਦ ਵਿੱਚ ਜਦੋਂ ਮੈਂ ਤੀਹਾਂ ਤੋਂ ਟੱਪ ਚੁੱਕਿਆ ਸੀ ਅਤੇ ਚੰਡੀਗੜ ਕਮਿਊਨਿਸਟ ਪਾਰਟੀ ਦੇ ਦਫਤਰ ਅਜੈ ਭਵਨ ਵਿੱਚ ਰਹਿੰਦਾ ਸੀ ਕਾ. ਜਗਜੀਤ ਸਿੰਘ ਬਾਗੀ ਕੋਲੋਂ ਪਤਾ ਲਗਿਆ ਕਿ ਗਿਆਨੀ ਮੇਹਰ ਸਿੰਘ ਕਮਿਊਨਿਸਟ ਪਾਰਟੀ ਦਾ ਮੈਂਬਰ ਹੁੰਦਾ ਸੀ,ਕਿ ਉਹ ਇਕੱਠੇ ਕੰਮ ਕਰਦੇ ਰਹੇ ਸਨ.ਉਦੋਂ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਸੀ ਕਿ ਕਿੰਨਾ ਗਹਿਰਾ ਅਸਰ ਉਸ ਸ਼ਖਸੀਅਤ ਦਾ ਬਹੁਤ ਅਦਿਖ ਤੌਰ ਤੇ ਮੇਰੀ ਹਸਤੀ ਵਿੱਚ ਸਮਾਇਆ ਹੋਇਆ ਸੀ. ਤੇ ਹੁਣ ਜਦੋਂ ਹੋਰ ਚੁਥਾਈ ਸਦੀ ਗੁਜ਼ਰ ਗਈ ਹੈ ਅਤੇ ਮੈਂ ਆਪਣੀ ਜਿੰਦਗੀ ਦੇ ਆਖਰੀ ਮਰਹਲੇ ਵਿੱਚ ਦਾਖਿਲ ਹੋ ਚੁੱਕਿਆ ਹਾਂ ਤਾਂ ਇਹ ਅਹਿਸਾਸ ਹੋਰ ਵਧੇਰੇ ਤੀਖਣ ਹੁੰਦਾ ਪ੍ਰਤੀਤ ਹੋ ਰਿਹਾ ਹੈ.
No comments:
Post a Comment