Friday, June 29, 2012

ਗੁੱਜਰ ਕੁੜੀਆਂ


ਜਾਮਣ ਦਾ ਤਣਾ ਕੋਈ ਪੰਦਰਾਂ ਕੁ ਫੁੱਟ ਤੱਕ ਬਿਲਕੁਲ ਗੋਲ ਗੇਲੀ ਵਾਂਗ ਸੀ ਤੇ ਉਸ ਤੋਂ ਉੱਪਰ ਦੁਸਾਂਗੜ ਸ਼ੁਰੂ ਹੁੰਦੇ ਸਨ . ਤੇ ਉਹ ਦਸ ਕੁ ਸਾਲਾਂ ਦੀ ਗੁੱਜਰ ਕੁੜੀ ਮੁੱਖ ਦੁਸਾਂਗੜ ਦੇ ਐਨ ਨੇੜੇ ਤੱਕ ਪੁੱਜ ਜਾਂਦੀ ਪਰ ਕੋਈ ਫੋਡਾ ਨਾ ਮਿਲਣ ਕਾਰਨ ਥੱਲੇ ਖਿਸਕ ਆਉਂਦੀ. ਮੈਂ ਉਸਦੀ ਫੋਟੋ ਖਿੱਚਣੀ ਚਾਹੁੰਦਾ ਸੀ. ਨੇੜੇ ਗਿਆ ਤਾਂ ਉਹ ਮੇਰਾ ਮਕਸਦ ਤੁਰਤ ਤਾੜ ਗਈ ਤੇ ਮੈਨੂੰ ਲੱਗਿਆ ਜਿਵੇਂ ਫੋਟੋ ਤੋਂ ਬਚਣ ਲਈ ਉਸ ਵਿੱਚ ਬੇਤਹਾਸਾ ਤਾਕਤ ਉਮੜ ਆਈ ਹੋਵੇ ਤੇ ਉਹ ਅੱਖ ਦੇ ਫੋਰੇ ਵਿੱਚ ਸਭ ਰੁਕਾਵਟਾਂ ਪਾਰ ਕਰ ਆਪਣੀ ਛੋਟੀ ਸਹੇਲੀ ਕੋਲ ਜਾ ਪਹੁੰਚੀ ਜੋ ਜਾਮਣਾ ਨਾਲ ਆਪਣੀ ਝੋਲੀ ਵੀ ਭਰੀ ਜਾ ਰਹੀ ਸੀ ਤੇ ਨਾਲ ਨਾਲ ਗੂੜ੍ਹੀਆਂ ਕਾਲੀਆਂ  ਪਰਸੋਂ  ਦੇ ਮੀਂਹ ਨਾਲ ਪੱਕੀਆਂ ਜਾਮਣਾ ਖਾਈ ਜਾਂਦੀ ਸੀ. ਮੇਰੀ ਮੌਜੂਦਗੀ ਤੋਂ ਪੂਰੀ ਤਰ੍ਹਾਂ ਬਾਖਬਰ ਵੱਡੀ ਕੁੜੀ ਦੀ ਆਵਾਜ਼ ਮੇਰੇ ਕੰਨੀਂ ਪਈ.
'ਅੰਕਲ , ਜਾਮਣਾਂ ਖਾਉਗੇ ." ਠੇਠ ਪੰਜਾਬੀ 'ਚ ਮਾਸੂਮ ਜਿਹੀ ਇਹ ਦਰਿਆਦਿਲੀ ਨੇ ਠੰਡੀ ਫੁਹਾਰ ਵਰਾ ਦਿੱਤੀ ਹੋਵੇ.
-
ਨਿੱਕੀ ਜਾਨ
ਟੀਸੀ  ਤੋਂ ਤੋੜ ਜਾਮਣਾਂ
ਮਾਰੇ ਉੱਤੋਂ ਛਾਲ

ਮੈਂ ਪੱਤਿਆਂ ਵਿੱਚੀਂ ਇੱਕ ਦੋ ਸ਼ੌਕੀਆ ਸ਼ਾਟ ਲੈਣ ਦਾ ਯਤਨ ਕੀਤਾ ਪਰ ਪੂਰੀ ਤਰ੍ਹਾਂ ਨਾਕਾਮ ਰਿਹਾ . ਇਨ੍ਹਾਂ ਕੁੜੀਆਂ ਦੀ ਏਨੀ ਜਾਨ ਤੇ ਫੁਰਤੀ ਵੇਖ ਮੇਰਾ ਮਨ ਅਸ਼ਕੇ ਜਾ ਰਿਹਾ ਸੀ. ਮੈਂ ਥੱਲੇ ਜਾਮਣ ਦੁਆਲੇ ਇੱਕ ਗੇੜਾ ਕੱਟਿਆ ਤੇ ਉੱਪਰ ਦੇਖਣ ਲੱਗਿਆ. ਉਹ ਖਾਸੀਆਂ ਜਾਮਣਾ ਖਾ ਤੇ ਝੋਲੀ ਪਾ ਚੁੱਕੀਆਂ ਸਨ ਪਰ ਥੱਲੇ ਉਤਰਨ ਤੋਂ ਜਿਵੇਂ ਟਲਦੀਆਂ ਟੀਸੀਆਂ ਤੇ ਹੀ ਟਿਕੀਆਂ ਸਨ. ਮੈਂ  ਜਾਣ ਬੁਝ ਕੇ ਸੜਕ ਦੇ ਦੂਜੇ ਪਾਸੇ ਖੜੇ ਕੇਂਦੂ ਥੱਲੇ ਕੁਝ ਪੱਕੇ ਕੁਝ ਕੱਚੇ ਕੇਂਦੂ ਜਾਚਣ ਲੱਗਾ ਤੇ ਅਚਾਨਕ ਦੇਖਿਆ ਕਿ ਕੁੜੀਆਂ ਥੱਲੇ ਉਤਰ ਰਹੀਆਂ ਸਨ . ਮੈਂ ਫੋਟੋ ਲਈ ਨੇੜੇ ਪੁੱਜਿਆ ਤਾਂ ਵੱਡੀ ਕੁੜੀ ਕਹਿਣ ਲੱਗੀ ,' ਅੰਕਲ ਫੋਟੋ ਨਾ ਲਉ .'

' ਮੈਂ ਤੇਰੇ ਚਿਹਰੇ ਦੀ ਫੋਟੋ ਨਹੀਂ ਲੈਂਦਾ, ਡਰ ਨਾ .'  ਤੇ ਤੁਰਤ ਉਸਨੇ ਆਪਣੀ ਚੁੰਨੀ ਨੂੰ ਗੰਢ ਮਾਰ ਬਣਾਈ ਝੋਲੀ ਮੇਰੇ ਅੱਗੇ ਕਰਦਿਆਂ ਕਹਿਣ ਲੱਗੀ,' ਅੰਕਲ ਲਉ ,  ਜਾਮਣਾਂ ਖਾਉ. ' ਮੈਂ ਮੁਠੀ ਭਰ ਲਈ  ਤਾਂ ਕਹਿਣ ਲੱਗੀ ਅੰਕਲ ,  ਲਉ ਹੋਰ... .'
ਤੇ ਮੈਂ  ਉਹਦਾ ਨਾਂ ਪੁਛਿਆ ਤਾਂ ਕਹਿਣ ਲੱਗੀ ,' ਜੈਨਬ , ਅੰਕਲ  '
ਤੇ ਉਹ  ਆਪਣੀਆਂ ਟਾਹਲੀ ਛਾਵੇਂ ਬੈਠੀਆਂ ਆਪਣੀਆਂ ਮਝਾਂ ਵੱਲ ਤੁਰ ਪਈਆਂ .

ਗੁੱਜਰ ਕੁੜੀ
ਜਾਮਣ ਤੋਂ ਰੱਜ ਕੇ ਉਤਰੀ
ਮੈਨੂੰ ਵੀ ਗਈ ਰਜਾ

No comments:

Post a Comment