ਗਰਮੀਆਂ ਦੀਆਂ ਰਾਤਾਂ ਅਤੇ ਪਿੱਪਲ ਵਾਲੀ ਬੀਹੀ ਵਿੱਚ ਵੀਹ ਪੱਚੀ ਮੰਜਿਆਂ ਦੀ ਕਤਾਰ ਲੱਗੀ ਹੋਣੀ . ਪਿੰਡ ਵਿੱਚ ਅਜੇ ਬਿਜਲੀ ਵੀ ਨਹੀਂ ਸੀ ਆਈ . ਗਰਮੀ ਤੋਂ ਬਚਾ ਦਾ ਹੋਰ ਕੋਈ ਤਰੀਕਾ ਨਹੀਂ ਸੀ ਹੁੰਦਾ ਕਿ ਰਾਤਾਂ ਨੂੰ
ਖੁੱਲੇ ਆਸਮਾਨ ਥੱਲੇ ਨੰਗੇ ਹਥਾਂ ਵਿੱਚ ਇੱਕ ਇੱਕ ਪੱਖਾ ਜਾਂ ਪੱਖੀ ਫੜ ਆਪੋ ਵਿੱਚੀ ਜਾਂ ਚੰਨ ਤਾਰਿਆਂ ਨਾਲ ਗੱਲਾਂ ਕਰਦੇ ਕਰਦੇ ਸੌਂ ਜਾਈਏ. ਪੰਜਾਹ ਸਾਲ ਪਹਿਲਾਂ ਵਾਲੀਆਂ ਇਹ ਰਾਤਾਂ ਹੁਣ ਕਿਤਾਬੀ ਹੋ ਚੁਕੀਆਂ ਹਨ ਜਾਂ ਫਿਰ ਕਿਤੇ ਕਿਤੇ ਹਾਸ਼ੀਏ ਤੇ ਵਿਚਰਦੇ ਸਮੂਹਾਂ ਦਾ ਭਾਗ ਹਨ.
ਜਿੰਨਾ ਚਿਰ ਨੀਂਦ ਨਾ ਪੈਣੀ ਸਾਨੂੰ ਨਿਆਣਿਆਂ ਨੂੰ ਅਚਵੀ ਲੱਗੀ ਰਹਿਣੀ .. ਬਾਬਾ ਭਗਤਾ ਇਸ ਰਾਤ ਦੇ ਤੰਬੂ ਹੇਠ ਨਾਲ ਨਾਲ ਮੰਜੇ ਡਾਹੀਂ ਪਏ ਕਈ ਪਰਿਵਾਰਾਂ ਦੇ ਜੀਆਂ ਵਿੱਚੋਂ ਵੱਡਾ ਸੀ ਤੇ ਵੈਸੇ ਵੀ ਲੋਕਯਾਨ ਦੀ ਦੌਲਤ ਉਹਨੇ ਆਪਣੇ ਅੰਦਰ ਸਮੋ ਰੱਖੀ ਸੀ ਤੇ ਬਿਰਤਾਂਤ ਕਲਾ ਵੀ ਉਹਨੂੰ ਸੁਭਾਵਕ ਹੀ ਵਿਰਸੇ ਵਿੱਚੋਂ ਮਿਲ ਗਈ ਸੀ.ਅਸੀਂ ਬਾਤ ਸੁਣਨ ਲਈ ਬਾਬੇ ਦੇ ਦੁਆਲੇ ਹੋ ਜਾਣਾ ਤੇ ਉਹਨੇ ਅੱਗੋਂ ਵੀਹ ਨਖਰੇ ਕਰਨ ਤੋਂ ਬਾਦ ਪੂਣੀ ਛੂਹ ਲੈਣੀ. ਆਵਾਜ਼ ਵੀ ਬੜੀ ਮਿਠੀ ਤੇ ਚਾਲ ਵਾਹਵਾ ਮੱਠੀ ...ਦੋ ਪੈਰ ਘੱਟ ਤੁਰਨਾ . ਬਿਆਨ ਕਰਨਾ ਤਾਂ ਸੰਭਵ ਨਹੀਂ ਪਰ ਅੱਜ ਵੀ ਉਹ ਅੱਡਰੀ ਨਖਰੇਲੋ ਆਵਾਜ਼ ਅੰਦਰ ਕਿਤੇ ਵਸੀ ਹੋਈ ਹੈ ਤੇ ਉਹਦੀ ਮਿਠਾਸ ਅਜੇ ਵੀ ਆਤਮਾ ਅੰਦਰ ਘੁਲਦੀ ਪ੍ਰਤੀਤ ਹੁੰਦੀ ਹੈ.
ਸਾਰੀ ਬੀਹੀ ਉਹਨੂੰ ਭਗਤਾ ਜੋਗੀ ਕਹਿੰਦੀ ਸੀ. ਉਹ ਖੇਤਾਂ ਵਿੱਚ ਕੰਮ ਦੇ ਦਿਨੀਂ ਕਦੇ ਕਦਾਈਂ ਹੀ ਦਿਹਾੜੀ ਕਰਦਾ. ਜਵਾਨੀ ਪਹਿਰੇ ਉਹ ਘੰਮਿਆ ਹੋਇਆ ਕਾਮਾ ਸੀ ਤੇ ਬਾਕੀ ਸਭ ਕਮੀਆਂ ਤੋਂ ਚੱਕਵੇਂ ਪੈਸੇ ਲੈ ਸਾਂਝੀ ਰਲਦਾ ਹੁੰਦਾ ਸੀ. ਹੁਣ ਉਹ ਸਵੇਰੇ ਤਿਆਰ ਹੋ ਯਾਨੀ ਭਗਵੇਂ ਕਪੜੇ ਤੇ ਚਿਮਟਾ ਪਹਿਨ ਗੁਆਂਢੀ ਪਿੰਡਾਂ ਨੂੰ
ਖੈਰ ਮੰਗਣ ਨਿਕਲ ਪੈਂਦਾ ਤੇ ਕਿਤੇ ਕਿਤੇ ਬਣ ਗਏ ਆਪਣੇ ਪ੍ਰੇਮੀਆਂ ਨੂੰ ਗੂੜ ਗਿਆਨ ਦੀਆਂ ਗੱਲਾਂ ਵੀ ਸੁਣਾ ਆਉਂਦਾ. ਉਹਦੀਆਂ ਗੱਲਾਂ ਸੁਣਨ ਵਾਲਿਆਂ ਦਾ ਦਾਇਰਾ ਸੀ ਭਾਵੇਂ ਇਹ ਗਿਣਤੀ ਦੇ ਦੋ ਚਾਰ ਵੀਹਾਂ ਤੋਂ ਵਧ ਨਹੀਂ ਸਨ. ਜਦੋਂ ਕੋਈ ਢਾਣੀ ਜੁੜ ਜਾਂਦੀ ਤਾਂ ਉਹ ਆਟੇ ਦਾ ਲਾਲਚ ਭੁੱਲ ਆਪਣੀ ਕਲਾ ਦੇ ਜੌਹਰ ਦਿਖਾਉਣ ਵਿੱਚੋਂ ਮਿਲਦੇ ਕਿਸੇ ਅਲੌਕਿਕ ਰਸ ਦਾ ਅਨੰਦ ਲੈਣ ਲੱਗ ਪੈਂਦਾ – ਜਿਸ ਰਸ ਦਾ ਨਾਮ ਦਰਜ ਕਰਨਾ ਸ਼ਾਇਦ ਭਰਤਮੁਨੀ ਨੂੰ ਯਾਦ ਨਾ ਰਿਹਾ. ਉਹਦੀ ਬਿਰਤਾਂਤ ਕਲਾ ਦਾ ਪ੍ਰਭਾਵ ਸਰੋਤਿਆਂ ਦੀਆਂ ਗੱਲ੍ਹਾਂ ਤੇ ਅੱਖਾਂ ਵਿੱਚ ਲਿਸ਼ਕਾਂ ਦੀਆਂ ਝਲਕੀਆਂ ਬਣ ਬਣ ਸਾਕਾਰ ਹੁੰਦਾ. ਲੋਕਲੋਰ ਦੇ ਦਰਿਆ ਵਿੱਚ ਟੁਭੀਆਂ ਲਾਉਂਦੇ ਸਰੋਤੇ ਕੀਲੇ ਬੈਠੇ ਰਹਿੰਦੇ ਤੇ ਕਿਸੇ ਜ਼ਰੂਰੀ ਕੰਮ ਲਈ ਵੀ ਕਿਸੇ ਦਾ ਹਿੱਲਣ ਨੂੰ ਚਿੱਤ ਨਾ ਕਰਦਾ.
ਜਦੋਂ ਉਹ ਨੰਬਰਦਾਰਾਂ ਦੇ ਲਾਣੇ ਨਾਲ ਸਾਂਝੀ ਰਲਿਆ ਹੁੰਦਾ ਸੀ ਉਦੋਂ ਵੀ ਗੋਡੀ ਵਾਢੀ ਕਰਦੇ ਉਸਨੂੰ ਆਪਣੀ ਕਲਾਬਾਜ਼ੀ ਦੀ ਭੱਲ੍ਹ ਉਠਦੀ ਤਾਂ ਉਹ ਸਰੋਤਿਆਂ ਦੀ ਦੁਖਦੀ ਰਗ ਨੂੰ ਛੇੜ ਦਿੰਦਾ . ਕੋਕਲਾਂ ਦਾ ਨਾਂ ਸੁਣਦਿਆਂ ਹੀ ਸਾਰੇ ਕੰਨ ਇੱਕ ਬਿੰਦੂ ਤੇ ਕੇਦਰਿਤ ਹੋ ਜਾਂਦੇ . ਤੇ ਫਿਰ ਭਗਤਾ ਜੋਗੀ ਨਾਥਾਂ ਜੋਗੀਆਂ ਦੀਆਂ ਕਥਾਵਾਂ ਨਾਲ ਜੁੜਿਆ ਕੋਈ ਪ੍ਰਸੰਗ ਤੋਰ ਲੈਂਦਾ . ਰਾਜਾ ਸਲਵਾਨ , ਇੱਛਰਾਂ , ਲੂਣਾ , ਪੂਰਨ , ਗੋਰਖ ਨਾਥ , ਸੁੰਦਰਾਂ , ਰਸਾਲੂ , ਕੋਕਲਾਂ , ਹੀਰ , ਰਾਂਝਾ , ਕੈਦੋਂ , ਚੂਚਕ , ਸੈਦਾ , ਸਾਹਿਤੀ ........ਪਾਤਰਾਂ ਦੀ ਪੂਰੀ ਪਲਟਣ ਸੀ ਉਹਦੇ ਕੋਲ . ਜਿਧਰੋਂ ਜੀਅ ਕੀਤਾ ਤਣੀ ਫੜ ਲਈ , ਸੁਲਝਾ ਸੁਲਝਾ ਕੇ ਬੁਣਦੇ ਜਾਣਾ . ਸਰੋਤੇ ਨਾਲੇ ਵਾਢੀ ਕਰੀ ਜਾਂਦੇ ਤੇ ਨਾਲੇ ਕਹਾਣੀ ਤੁਰਦੀ ਜਾਂਦੀ . ਰਾਮਧਨ ਵਰਗਾ ਕੋਈ ਹੁੰਗਾਰਾ ਭਰਨ ਵਾਲਾ ਹੁੰਗਾਰਾ ਵੀ ਭਰੀ ਜਾਂਦਾ ਤੇ ਕਥਾਕਾਰੀ ਦੀ ਪ੍ਰਸੰਸਾ ਦਾ ਕੋਈ ਮੌਕਾ ਨਾ ਗੁਆਉਂਦਾ ਤੇ ਨਾਲੇ ਜਿਥੇ ਕਿਤੇ ਗੱਲ ਸਾਫ਼ ਨਾ ਹੁੰਦੀ ਉਸ ਸੰਬੰਧੀ ਸਵਾਲ ਪੁੱਛ ਲੈਦਾ. ਔਖੇ ਤੋਂ ਔਖੇ ਕੰਮ ਵੀ ਕਲਾ ਦੀ ਸੰਗਤ ਵਿੱਚ ਰੌਚਿਕ ਤੇ ਸੌਖੇ ਬਣ ਜਾਂਦੇ .
ਪਰ ਬਾਬਾ ਭਗਤਾ ਜੋਗੀ ਕਦੇ ਨਹੀਂ ਸੀ ਜਾਣਦਾ ਕਿ ਉਹ ਆਪਣੇ ਸ਼ੌਕੀਆ ਕੰਮ ਨਾਲ ਕਿੰਨਾ ਅਹਿਮ ਸਮਾਜਕ ਫਰਜ਼ ਨਿਭਾ ਰਿਹਾ ਸੀ ਤੇ ਬੱਚਿਆਂ ਨੂੰ ਸਾਹਿਤ ਦੀ ਚੇਟਕ ਲਾ ਰਿਹਾ ਸੀ ਤੇ ਇਸੇ ਚੇਟਕ ਨੇ ਜਲਦੀ ਪਿੰਡ ਦੀ ਇੱਕ ਵਿਹਲੀ ਪਈ ਬੈਠਕ ਵਿੱਚ ਵਾਹਵਾ ਸੁਹਣੀ ਲਾਇਬ੍ਰੇਰੀ ਬਣ ਜਾਣਾ ਸੀ ਤੇ ਇਸ ਲੋਕ ਰਵਿਦ ਨੇ ਅੱਗੇ ਤੁਰਦਾ ਜਾਣਾ ਸੀ.
ਸਾਡੇ ਵਿੱਚੋਂ ਕਈਆਂ ਵਿੱਚ ਸਾਹਿਤਕ ਰੁਚੀ ਵਿਕਸਤ ਹੋ ਗਈ . ਕਹਾਣੀਆਂ ਲਿਖਣ ਲੱਗ ਪਏ. ਬਦੇਸ਼ੀ ਸਾਹਿਤ ਦੇ ਪਾਠਕ ਤੇ ਅਨੁਵਾਦਕ ਬਣ ਗਏ . ਸਾਹਿਤ ਦਾ ਸਾਡਾ ਸਭ ਤੋਂ ਵੱਡਾ ਅਧਿਆਪਕ ਹੋਰ ਬੁਢਾ ਹੋ ਗਿਆ ਸੀ. ਹੁਣ ਉਹਨੇ ਮੰਗਣ ਜਾਣਾ ਛੱਡ ਦਿੱਤਾ ਸੀ . ਅਸੀਂ ਉਸਨੂੰ ਕੁਝ ਨਾ ਦੇ ਸਕੇ . ਉਹਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਉਸ ਦਾ ਕਿੱਡਾ ਵੱਡਾ ਕਰਜ ਦੇਣਾ ਹੈ. ਉਸਨੇ ਕਦੇ ਸਾਡੇ ਤੇ ਕੋਈ ਹੱਕ ਨਾ ਜਤਾਇਆ . ਜੁਆਨੀ ਦੇ ਘੋੜੇ ਚੜ੍ਹੇ ਦੁਨੀਆਂ ਗਾਹੁਣ ਨਿਕਲ ਤੁਰੇ ਤੇ ਬਾਬੇ ਨੂੰ ਭੁੱਲ ਗਏ. ਸਾਨੂੰ ਨਾ ਉਹਦੀ ਮੌਤ ਦਾ ਪਤਾ ਚੱਲਿਆ ਨਾ ਸਸਕਾਰ ਭੋਗ ਦਾ . ਫੇਰ ਜਦੋਂ ਜੁਆਨੀ ਢਲੇ ਚੇਤਾ ਆਇਆ ਤਾਂ ਰਹਿ ਰਹਿ ਕੇ ਚੇਤੇ ਆਉਣ ਲੱਗਿਆ . ਜੀਅ ਕਰਦਾ ਹੈ ਉਹਦੇ ਨਾਂ ਤੇ ਪਿੰਡ ਵਿੱਚ ਲੋਕਲੋਰ ਸੰਸਥਾ ਖੋਹਲੀ ਜਾਵੇ.
No comments:
Post a Comment