Wednesday, August 3, 2011

ਮਿੱਠੋ ਮਾਂ ਤੇ ਚਾਰ ਛੱਲੀਆਂ

ਪਤੀ ਪੂਰਾ ਮੌਜੀ ਸੀ . ਜੀ ਆਇਆ ਤੂੜੀ ਦਾ ਵਪਾਰ ਕਰ ਲਿਆ , ਚਾਰ ਪੈਸੇ ਕਮਾ ਮੌਜ ਮਸਤੀ ਕਰ ਲਈ. ਬੱਚਿਆਂ ਦੀ ਸਾਰੀ ਜ਼ੁੰਮੇਵਾਰੀ ਮਿੱਠੋ ਸਿਰ ਹੀ ਸੀ . ਮੁੰਡਾ ਭਾਵੇਂ ਨੌਕਰੀ ਲੱਗ ਗਿਆ ਸੀ ਪਰ ਉਹਦੀ ਆਪਣੀ ਸ਼ੌਕੀਨੀ ਹੀ ਲੋਟ ਨਹੀਂ ਸੀ ਆਉਂਦੀ. ਦੋਵੇਂ ਜਵਾਨ ਹੋ ਰਹੀਆਂ ਕੁੜੀਆਂ ਦੀ ਤੇ ਆਪਣੀ ਰੋਟੀ ਦਾ ਇੰਤਜਾਮ ਉਹਨੇ ਖੁਦ ਹੀ ਕਰਨਾ ਹੁੰਦਾ ਸੀ. ਮਿੱਠੋ ਨਿਰੀ ਦਰਵੇਸ਼ੀ ਦੀ ਮੂਰਤ ਸੀ. ਮੱਝ ਦੀ ਕੱਟੀ ਪਾਲ ਮੱਝ ਵੇਚ ਦਿੰਦੀ , ਲੋਕਾਂ ਦੇ ਘਰੀਂ ਲਿੱਪਣ ਪੋਚਣ ਕਰ ਚੀਜ਼ਾਂ ਵਸਤਾਂ ਕਮਾ ਲੈਂਦੀ . ਵੱਟਾਂ ਪਹੀਆਂ ਖੋਤ ਖੁਰਚ ਕੇ ਚਾਰੇ ਦਾ ਇੰਤਜਾਮ ਕਰ ਲੈਂਦੀ . ਕਿਸੇ ਕੰਮ ਤੋਂ ਕਦੇ ਕਤਰਾਈ ਨਹੀਂ ਸੀ. ਸੋਹਣੀ ਬੇਸ਼ੱਕ ਨਹੀਂ ਸੀ ਪਰ ਬੋਲੀ ਏਨੀ ਸ਼ੀਰੀਂ ਕਿ ਸਰੋਤੇ ਨੂੰ ਜਿਵੇਂ ਧੂਹ ਲੈਂਦੀ.

ਮੱਕੀ ਦੀ ਵਾਢੀ ਹੋ ਰਹੀ ਸੀ. ਕੱਖਾਂ ਦਾ ਕੋਈ ਲੇਖਾ ਨਹੀਂ ਸੀ . ਖੜੀ ਮੱਕੀ ਵਿੱਚ ਤਾਂ ਕੰਮੀਆਂ ਨੂੰ ਚੋਰੀ ਡਰੋਂ ਵੜਨ ਨਹੀਂ ਸੀ ਦਿੰਦਾ ਪਰ ਹੁਣ ਜਿਵੇਂ ਜਿਵੇਂ ਖੇਤ ਖਾਲੀ ਹੋਈ ਜਾਂਦਾ ਮਗਰ ਮਗਰ ਕੱਖਾਂ ਵਾਲੀਆਂ ਬੇਜ਼ਮੀਨੇ ਮਜਦੂਰਾਂ ਦੀਆਂ ਕੁੜੀਆਂ ਬੁੜੀਆਂ ਤੇਜ਼ ਤੇਜ਼ ਆਪਣਾ ਕੰਮ ਕਰ ਰਹੀਆਂ ਸਨ . ਮਿੱਠੋ ਦਾ ਬਹੁਤ ਮਨ ਕਰੇ ਕੇ ਉਹ ਚਾਰ ਛੱਲੀਆਂ ਆਪਣੀਆਂ ਧੀਆਂ ਦਾ ਜੀ ਪੂਰਾ ਕਰਨ ਲਈ ਲੈ ਜਾਵੇ. ਮੰਗਿਆਂ ਮਿਲਣ ਦਾ ਕੋਈ ਇਮਕਾਨ ਨਹੀਂ ਸੀ ਇਸ ਲਈ ਅੱਖ ਬਚਾ ਕੇ ਚਾਰ ਛੱਲੀਆਂ ਕੱਖਾਂ ਵਿੱਚ ਲੁਕੋ ਲਈਆਂ ਪਰ ਕਾਕਾ ਜੀ ਦੀ ਤਾੜਵੀਂ ਅੱਖ ਤੋਂ ਬਚ ਨਾ ਸਕੀ. ਕਾਕਾ ਜੀ ਮੜਕ ਚਾਲ ਗਏ ਤੇ ਕੱਖਾਂ ਦੀ ਢੇਰੀ ਵਿੱਚ ਠੇਡਾ ਮਾਰ ਕੇ ਵਿੱਚੋਂ ਛੱਲੀਆਂ ਜ਼ਾਹਰ ਕਰ ਕੌੜਾ ਜਿਹਾ ਹਾਸਾ ਹੱਸਣ ਲੱਗੇ. ਪਾਣੀ ਪਾਣੀ ਹੋਈ ਮਿੱਠੋ ਸਭ ਦੇ ਸਾਹਮਣੇ ਚੋਰਨੀ ਬਣੀ ਜਿਵੇਂ ਧਰਤੀ ਤੋਂ ਗਰਕ ਜਾਣ ਲਈ ਥਾਂ ਮੰਗ ਰਹੀ ਹੋਵੇ.

ਆਪਣੇ ਪੁੱਤਰ ਦੇ ਜਮਾਤੀ ਤੇ ਦੋਸਤ ਕਾਕੇ ਨੂੰ ਦੋ ਕੁ ਵਾਰ ਬਹੁਤ ਮਿਠਾ "ਪੁੱਤ, ਪੁੱਤ , ਕੋਈ ਨੀ ਪੁੱਤ " ਕਿਹਾ ਤੇ ਕਾਕੇ ਦੇ ਪਥਰਾਏ ਚਿਹਰੇ ਵੱਲ ਦੇਖ ਉੱਕਾ ਬੇਜਾਨ ਚੁੱਪ ਵਿੱਚ ਗਰਕ ਗਈ.

ਕੱਖਾਂ ਦੀ ਢੇਰੀ ਖਿੰਡਰੀ

ਕੋਲ ਪਈਆਂ ਛੱਲੀਆਂ
ਗਰਕੀ ਜਾਵੇ ਮਿੱਠੋ ਮਾਂ

No comments:

Post a Comment