Tuesday, August 16, 2011

ਇੱਕ ਹਾਇਕੂ ਦੇ ਮੌਜੇ ਤੇ ਤਾਇਆ ਰਾਮਧਨ

‎^^^
ਇਕ ਹੱਥ ਛਤਰੀ
ਦੂਜੇ ਮੌਜੇ
ਵੱਟੋ ਵੱਟ ਤੁਰੇ
about an hour ago · · ·

    • Charan Gill ਗਿੱਲੀ ਵੱਟ ਤੇ ਧੌੜੀ ਦੇ ਮੌਜੇ !!!!!!!!!!!!!!!!! ਬਹੁਤ ਸੋਹਣਾ , ਸੰਧੂ ਸਾਹਿਬ.
      about an hour ago · · 3 people
    • Gurmeet Sandhu ਗਿੱਲ ਸਾਹਿਬ, ਤੁਹਾਡੀ ਪਾਰਖੂ ਨਜ਼ਰ ਲਈ ਧੰਨਵਾਦ। ਹਾਇਕੂ ਦੀ ਇਹ ਵੀ ਖੂਬਸੂਰਤੀ ਹੈ ਕਿ ਅਸੀਂ ਸਾਡੀ ਰਹਿਤਲ ਦੇ ਵਿਸਰ ਰਹੇ ਸ਼ਬਦਾਂ ਨੂੰ ਉਜਾਗਰ ਕਰ ਸਕੀਏ।
      about an hour ago · · 3 people
    • Resham Singh Sahdra Mauje pa ke wat te turia nhi jana, kyo ke wat tan bah bah ke massa pair dharan jogi bhee nhi hundi, es lai larkharanda samalda samalda bri mushkal turian hona ji-nazara khoobsurat
      44 minutes ago · · 1 person
    • Gurmeet Sandhu ਚਰਨ ਗਿੱਲ ਜੀ, ਮੌਜੇ ਲਿਖਣ ਲਗਿਆਂ ਮੇਰੇ ਅਚੇਤ ਵਿਚ ਤੁਰਨ ਵਾਲੇ ਦੇ ਕਿਰਸਾਣੀ ਨਾਲ ਸੰਬਧਿਤ ਹੋਣ ਵਲ ਸੰਕੇਤ ਵੀ ਸੀ। ਮੈਨੂੰ ਯਾਦ ਹੈ ਸਾਡੇ ਬਜੁਰਗ ਸੌਣ ਦੇ ਭਾਰੀ ਮੀਂਹ ਬਾਦ ਖੇਤਾਂ ਵਲ ਪਾਣੀ ਦਾ ਜਾਇਜ਼ਾ ਲੈਣ ਲਈ ਜਾਂਦੇ ਮੈਂ ਵੇਖੇ ਨੇ।
      41 minutes ago · · 3 people
    • Sweg Deol Bahut hi wadia ..Sandhu Sahib!
      27 minutes ago ·
    • Charan Gill ਸੰਧੂ ਸਾਹਿਬ , ਮੇਰੇ ਸਨਮੁਖ ਬਹੁਤ ਵੱਡਾ ਜੀਵਨ ਦ੍ਰਿਸ਼ ਸਾਕਾਰ ਹੋ ਗਿਆ ਤੁਹਾਡਾ ਹਾਇਕੂ ਪੜ੍ਹਕੇ . ਧੋੜੀ ਦੀ ਜੁੱਤੀ ਬਣਾਉਣ ਵਾਲਾ ਸਿਆਣਪ ਦਾ ਪੁੰਜ ਸ਼ਾਨਦਾਰ ਕਾਮਾ ਸਾਡਾ ਤਾਇਆ ਰਾਮਧਨ ਵੀ ਅੱਖਾਂ ਅੱਗੇ ਹੈ ਜੋ ਹੁਣ ੧੦੦ ਨੂੰ ਢੁਕਣ ਵਾਲਾ ਹੈ ਤੇ ਜੋ ਕਿਰਤ ਦੇ ਸਨਮਾਨ ਨਾਲ ਸਨਮਾਨਿਆ ਜਾਣਾ ਚਾਹੀਦਾ ਹੈ.
      26 minutes ago · · 1 person
    • Gurmeet Sandhu ਵਾਹ ਜੀ ਵਾਹ!!! ਨਾਂਵਾਂ ਦੀ ਵੀ ਕੀ ਸਮਾਨਤਾ ਹੈ, ਸਾਡੇ ਓਸ ਤਾਏ ਦਾ ਨਾਮ ਰਾਮ ਰਤਨ ਸੀ।
      19 minutes ago · · 1 person
    • Charan Gill ਇਹੀ ਸਾਂਝਾਂ ਹਨ ਜੋ ਸਾਨੂੰ ਇੱਕ ਦੂਜੇ ਦੇ ਨੇੜੇ ਲਾਉਂਦੀਆਂ ਹਨ . ਉਦੋਂਕਾ ਕਿਰਤ ਤੇ ਕੁਦਰਤ ਨਾਲ ਇੱਕਮਿੱਕ ਜੀਵਨ ਸਾਡੇ ਹੱਡੀਂ ਰਚਿਆ ਹੈ .ਉਥੋਂ ਹੀ ਸਾਡੀ ਰਚਨਾਤਮਿਕਤਾ ਨਿਕਲਦੀ ਹੈ.
      14 minutes ago · · 2 people
    • Amrao Gill ਵਾਹ..! ਸੰਧੂ ਸਾਹਿਬ, ਗਿੱਲ ਸਾਹਿਬ, ਭੁੱਲੀਆਂ ਵਿਸਰੀਆਂ ਯਾਦਾਂ ਤਾਜ਼ਾ ਹੋ ਗਾਈਆਂ.. ਧੌੜੀ ਦੀ ਜੁੱਤੀ..ਜੇ ਤੰਗ ਹੈ ਤਾਂ ਉੱਤਮ ਤਾਇਆ ਕਹਿੰਦਾ ਹੁੰਦਾ ਸੀ ਥੋੜਾ ਕਲ੍ਬੂਤ ਹੋਰ ਦੇ ਦੇਆਂਗਾ, ਠੀਕ ਹੋ ਜਾਊ...
      8 minutes ago · · 1 person

Wednesday, August 3, 2011

ਮਿੱਠੋ ਮਾਂ ਤੇ ਚਾਰ ਛੱਲੀਆਂ

ਪਤੀ ਪੂਰਾ ਮੌਜੀ ਸੀ . ਜੀ ਆਇਆ ਤੂੜੀ ਦਾ ਵਪਾਰ ਕਰ ਲਿਆ , ਚਾਰ ਪੈਸੇ ਕਮਾ ਮੌਜ ਮਸਤੀ ਕਰ ਲਈ. ਬੱਚਿਆਂ ਦੀ ਸਾਰੀ ਜ਼ੁੰਮੇਵਾਰੀ ਮਿੱਠੋ ਸਿਰ ਹੀ ਸੀ . ਮੁੰਡਾ ਭਾਵੇਂ ਨੌਕਰੀ ਲੱਗ ਗਿਆ ਸੀ ਪਰ ਉਹਦੀ ਆਪਣੀ ਸ਼ੌਕੀਨੀ ਹੀ ਲੋਟ ਨਹੀਂ ਸੀ ਆਉਂਦੀ. ਦੋਵੇਂ ਜਵਾਨ ਹੋ ਰਹੀਆਂ ਕੁੜੀਆਂ ਦੀ ਤੇ ਆਪਣੀ ਰੋਟੀ ਦਾ ਇੰਤਜਾਮ ਉਹਨੇ ਖੁਦ ਹੀ ਕਰਨਾ ਹੁੰਦਾ ਸੀ. ਮਿੱਠੋ ਨਿਰੀ ਦਰਵੇਸ਼ੀ ਦੀ ਮੂਰਤ ਸੀ. ਮੱਝ ਦੀ ਕੱਟੀ ਪਾਲ ਮੱਝ ਵੇਚ ਦਿੰਦੀ , ਲੋਕਾਂ ਦੇ ਘਰੀਂ ਲਿੱਪਣ ਪੋਚਣ ਕਰ ਚੀਜ਼ਾਂ ਵਸਤਾਂ ਕਮਾ ਲੈਂਦੀ . ਵੱਟਾਂ ਪਹੀਆਂ ਖੋਤ ਖੁਰਚ ਕੇ ਚਾਰੇ ਦਾ ਇੰਤਜਾਮ ਕਰ ਲੈਂਦੀ . ਕਿਸੇ ਕੰਮ ਤੋਂ ਕਦੇ ਕਤਰਾਈ ਨਹੀਂ ਸੀ. ਸੋਹਣੀ ਬੇਸ਼ੱਕ ਨਹੀਂ ਸੀ ਪਰ ਬੋਲੀ ਏਨੀ ਸ਼ੀਰੀਂ ਕਿ ਸਰੋਤੇ ਨੂੰ ਜਿਵੇਂ ਧੂਹ ਲੈਂਦੀ.

ਮੱਕੀ ਦੀ ਵਾਢੀ ਹੋ ਰਹੀ ਸੀ. ਕੱਖਾਂ ਦਾ ਕੋਈ ਲੇਖਾ ਨਹੀਂ ਸੀ . ਖੜੀ ਮੱਕੀ ਵਿੱਚ ਤਾਂ ਕੰਮੀਆਂ ਨੂੰ ਚੋਰੀ ਡਰੋਂ ਵੜਨ ਨਹੀਂ ਸੀ ਦਿੰਦਾ ਪਰ ਹੁਣ ਜਿਵੇਂ ਜਿਵੇਂ ਖੇਤ ਖਾਲੀ ਹੋਈ ਜਾਂਦਾ ਮਗਰ ਮਗਰ ਕੱਖਾਂ ਵਾਲੀਆਂ ਬੇਜ਼ਮੀਨੇ ਮਜਦੂਰਾਂ ਦੀਆਂ ਕੁੜੀਆਂ ਬੁੜੀਆਂ ਤੇਜ਼ ਤੇਜ਼ ਆਪਣਾ ਕੰਮ ਕਰ ਰਹੀਆਂ ਸਨ . ਮਿੱਠੋ ਦਾ ਬਹੁਤ ਮਨ ਕਰੇ ਕੇ ਉਹ ਚਾਰ ਛੱਲੀਆਂ ਆਪਣੀਆਂ ਧੀਆਂ ਦਾ ਜੀ ਪੂਰਾ ਕਰਨ ਲਈ ਲੈ ਜਾਵੇ. ਮੰਗਿਆਂ ਮਿਲਣ ਦਾ ਕੋਈ ਇਮਕਾਨ ਨਹੀਂ ਸੀ ਇਸ ਲਈ ਅੱਖ ਬਚਾ ਕੇ ਚਾਰ ਛੱਲੀਆਂ ਕੱਖਾਂ ਵਿੱਚ ਲੁਕੋ ਲਈਆਂ ਪਰ ਕਾਕਾ ਜੀ ਦੀ ਤਾੜਵੀਂ ਅੱਖ ਤੋਂ ਬਚ ਨਾ ਸਕੀ. ਕਾਕਾ ਜੀ ਮੜਕ ਚਾਲ ਗਏ ਤੇ ਕੱਖਾਂ ਦੀ ਢੇਰੀ ਵਿੱਚ ਠੇਡਾ ਮਾਰ ਕੇ ਵਿੱਚੋਂ ਛੱਲੀਆਂ ਜ਼ਾਹਰ ਕਰ ਕੌੜਾ ਜਿਹਾ ਹਾਸਾ ਹੱਸਣ ਲੱਗੇ. ਪਾਣੀ ਪਾਣੀ ਹੋਈ ਮਿੱਠੋ ਸਭ ਦੇ ਸਾਹਮਣੇ ਚੋਰਨੀ ਬਣੀ ਜਿਵੇਂ ਧਰਤੀ ਤੋਂ ਗਰਕ ਜਾਣ ਲਈ ਥਾਂ ਮੰਗ ਰਹੀ ਹੋਵੇ.

ਆਪਣੇ ਪੁੱਤਰ ਦੇ ਜਮਾਤੀ ਤੇ ਦੋਸਤ ਕਾਕੇ ਨੂੰ ਦੋ ਕੁ ਵਾਰ ਬਹੁਤ ਮਿਠਾ "ਪੁੱਤ, ਪੁੱਤ , ਕੋਈ ਨੀ ਪੁੱਤ " ਕਿਹਾ ਤੇ ਕਾਕੇ ਦੇ ਪਥਰਾਏ ਚਿਹਰੇ ਵੱਲ ਦੇਖ ਉੱਕਾ ਬੇਜਾਨ ਚੁੱਪ ਵਿੱਚ ਗਰਕ ਗਈ.

ਕੱਖਾਂ ਦੀ ਢੇਰੀ ਖਿੰਡਰੀ

ਕੋਲ ਪਈਆਂ ਛੱਲੀਆਂ
ਗਰਕੀ ਜਾਵੇ ਮਿੱਠੋ ਮਾਂ

Wednesday, June 15, 2011

ਮੁਖ਼ਤਾਰ ਮਾਈ ਦੀ ਜੱਦੋਜਹਿਦ ਜਾਰੀ ਹੈ ।

ਸਮਾਜੀ ਜ਼ਿਆਦਤੀ ਦਾ ਸ਼ਿਕਾਰ ਹੋਣ ਵਾਲੀ ਮੁਖ਼ਤਾਰ ਮਾਈ ਨੇ ਕਿਹਾ ਹੈ ਕਿ ਭਾਵੇਂ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਅਪੀਲ ਦਾਇਰ ਕਰ ਰੱਖੀ ਹੈ ਲੇਕਿਨ ਉਨ੍ਹਾਂ ਨੂੰ ਅਦਾਲਤਾਂ ਤੋਂ ਕੋਈ ਉਮੀਦ ਨਹੀਂ

ਬੀ ਬੀ ਸੀ ਉਰਦੂ ਨਾਲ ਇਕ ਖ਼ਸੂਸੀ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਅਪੀਲ ਤਾਂ ਦਾਇਰ ਕਰ ਰੱਖੀ ਹੈ ਲੇਕਿਨ ਇਹ ਕੰਮ ਉਨ੍ਹਾਂ ਨੇ ਕਿਸੇ ਨਤੀਜੇ ਦੇ ਲਈ ਨਹੀਂ ਕੀਤਾ ਬਲਕਿ ਐਸਾ ਉਨ੍ਹਾਂ ਨੇ ਮੁਫ਼ਤ ਮੁਕੱਦਮਾ ਲੜਨ ਵਾਲੇ ਆਪਣੇ ਵਕੀਲ ਐਤਜ਼ਾਜ਼ ਅਹਸਨ ਅਤੇ ਮੁਕੱਦਮੇ ਦੇ ਖ਼ਰਚਿਆਂ ਦੇ ਲਈ ਫ਼ੰਡ ਜਮ੍ਹਾਂ ਕਰਨ ਵਾਲੀਆਂ ਗ਼ੈਰ ਸਰਕਾਰੀ ਤਨਜ਼ੀਮਾਂ ਦੇ ਇਸਰਾਰ ਤੇ ਕੀਤਾ ਹੈ

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਮੁਖ਼ਤਾਰ ਮਾਈ ਦੇ ਮੁਕੱਦਮੇ ਵਿੱਚ ਛੇ ਵਿੱਚੋਂ ਪੰਜ ਮੁਲਜ਼ਮਾਨ ਨੂੰ ਬਰੀ ਕਰਨ ਦਾ ਹੁਕਮ ਦਿੱਤਾ ਸੀਮੁਖ਼ਤਾਰ ਮਾਈ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਨਜ਼ਰਸਾਨੀ ਦੀ ਅਪੀਲ ਦਾਇਰ ਕਰ ਰੱਖੀ ਹੈ

ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਪਾਕਿਸਤਾਨ ਦੀਆਂ ਤਮਾਮ ਔਰਤਾਂ ਨੂੰ ਮਾਯੂਸੀ ਹੋਈ ਹੈ 'ਬਲਕਿ ਇਉਂ ਕਹਿਣਾ ਜ਼ਿਆਦਾ ਮੁਨਾਸਬ ਹੋਵੇਗਾ ਕਿ ਇਸ ਫ਼ੈਸਲੇ ਨਾਲ ਮੁਸਲਿਮ ਦੁਨੀਆਂ ਬਲਕਿ ਪੂਰੀ ਦੁਨੀਆਂ ਦੀਆਂ ਔਰਤਾਂ ਨੂੰ ਮਾਯੂਸੀ ਹੋਈ ਹੈ'

ਉਨ੍ਹਾਂ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਔਰਤਾਂ ਤੇ ਜ਼ੁਲਮ ਕਰਨ ਵਾਲੇ ਮੁਜਰਿਮਾਂ ਨੂੰ ਹੌਸਲਾ ਮਿਲੇਗਾ ਅਤੇ ਉਹ ਇਹ ਸਮਝਣਗੇ ਕਿ ਉਹ ਜੋ ਕੁਛ ਉਨ੍ਹਾਂ ਦੇ ਦਿਲ ਵਿੱਚ ਆਏ ਕਰਨ ਉਨ੍ਹਾਂ ਦੇ ਖ਼ਿਲਾਫ਼ ਕੁਛ ਨਹੀਂ ਹੋਵੇਗਾਉਨ੍ਹਾਂ ਨੇ ਕਿਹਾ ਕਿ ਅਗਰ ਉਨ੍ਹਾਂ ਨੂੰ ਇਨਸਾਫ਼ ਮਿਲਦਾ ਤਾਂ ਆਇੰਦਾ ਦੇ ਲਈ ਜੁਰਮ ਦੇ ਰਸਤੇ ਬੰਦ ਹੋ ਜਾਂਦੇ

ਮੁਖ਼ਤਾਰ ਮਾਈ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਪਾਕਿਸਤਾਨ ਦੀਆਂ ਤਮਾਮ ਔਰਤਾਂ ਨੂੰ ਮਾਯੂਸੀ ਹੋਈ ਹੈ ਫਿਰ ਵੀ , ਉਨ੍ਹਾਂ ਨੇ ਕਿਹਾ ਕਿ ਇਸ ਇਕ ਫ਼ੈਸਲੇ ਨਾਲ ਔਰਤਾਂ ਦੇ ਹਕੂਕ ਦੇ ਲਈ ਉਨ੍ਹਾਂ ਦੀ ਜੱਦੋ ਜਹਿਦ ਵਿੱਚ ਕੋਈ ਫ਼ਰਕ ਨਹੀਂ ਆਏਗਾ ਅਤੇ ਇਸ ਉਮੀਦ ਤੇ ਅਪਣਾ ਕੰਮ ਜਾਰੀ ਰੱਖਣਗੇ ਕਿ ਅਗਰ ਉਹ ਨਹੀਂ ਤਾਂ ਆਇੰਦਾ ਆਉਣ ਵਾਲੀਆਂ ਨਸਲਾਂ ਦੀਆਂ ਖ਼ਵਾਤੀਨ ਇਨਸਾਫ਼ ਹਾਸਲ ਕਰ ਸਕਣਗੀਆਂ

'ਲੇਕਿਨ ਜ਼ਿਆਦਤੀ ਦਾ ਸ਼ਿਕਾਰ ਹੋਣ ਵਾਲੀ ਔਰਤਾਂ ਨੂੰ ਵਿੱਚ ਫਿਰ ਭੀ ਇਹੀ ਕਹੂੰਗੀ ਕਿ ਆਪ ਆਪਣੀ ਆਵਾਜ਼ ਬੁਲੰਦ ਕਰਦੀਆਂ ਰਹੋ , ਕਦੇ ਤਾਂ ਇਨਸਾਫ਼ ਮਿਲੇਗਾਅਗਰ ਅਸੀਂ ਇਸ ਇਕ ਫ਼ੈਸਲੇ ਨੂੰ ਲੈ ਕੇ ਬੈਠ ਗਏ ਤਾਂ ਸਦੀਆਂ ਆਉਣ ਵਾਲੀਆਂ ਨਸਲਾਂ ਕਿਥੇ ਜਾਣਗੀਆਂ '

ਜੱਦੋ ਜਹਿਦ ਦੀ ਅਜ਼ਮ

ਇਕ ਸਵਾਲ ਦੇ ਜਵਾਬ ਵਿੱਚ ਮੁਖ਼ਤਾਰ ਮਾਈ ਨੇ ਕਿਹਾ ਕਿ ਉਹ ਅਪਣਾ ਕੇਸ ਅੱਲ੍ਹਾ ਦੀ ਅਦਾਲਤ ਤੇ ਛੋੜ ਕੇ ਆਪਣੇ ਕੰਮ ਤੇ ਤੱਵਜੋ ਦੇਣਾ ਚਾਹੁੰਦੀ ਹੈ'ਪਹਿਲੇ ਮੇਰੀ ਜ਼ਿੰਦਗੀ ਬੇਫ਼ਿਕਰੀ ਦੀ ਜ਼ਿੰਦਗੀ ਸੀ, ਲੇਕਿਨ ਹੁਣ ਮੇਰੇ ਮੋਢਿਆਂ ਤੇ ਬਹੁਤ ਬੜੀ ਜ਼ਿੰਮੇਦਾਰੀ ਹੈ ਜਿਸ ਨੂੰ ਮੈਂ ਪੂਰੀ ਕਰਨ ਦੇ ਲਈ ਲੱਗੀ ਹੋਈ ਹਾਂ '

ਮੁਖ਼ਤਾਰ ਮਾਈ ਨੇ ਕਿਹਾ ਕਿ ਉਨ੍ਹਾਂ ਨੇ ਛੋਟੇ ਪੈਮਾਨੇ ਤੇ ਕੰਮ ਸ਼ੁਰੂ ਕੀਤਾ ਸੀ ਲੇਕਿਨ ਹੁਣ ਉਸ ਦਾ ਅਸਰ ਪੂਰੇ ਮੁਆਸ਼ਰੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸਨ ਦੋ ਹਜ਼ਾਰ ਦੋ ਵਿੱਚ ਪਹਿਲਾ ਸਕੂਲ ਖੋਲ੍ਹਿਆ ਸੀ ਤਾਂ ਇਸ ਵਿੱਚ ਸਿਰਫ਼ ਚਾਰ ਲੜਕੀਆਂ ਜ਼ੇਰ-ਏ-ਤਾਲੀਮ ਸਨ ਅਤੇ ਲੋਗ ਉਸ ਕੰਮ ਨੂੰ ਬੁਰੀ ਨਜ਼ਰ ਤੋਂ ਦਿਖਤੇ ਸਨ ਲੇਕਿਨ ਹੁਣ ਉਸ ਸਕੂਲ ਵਿੱਚ ਜ਼ੇਰ-ਏ-ਤਾਲੀਮ ਲੜਕਿਓਂ ਦੀ ਤਾਦਾਦ ਸਾਤ ਸੌ ਹੈ

ਮੁਖ਼ਤਾਰ ਮਾਈ ਇਕ ਗ਼ੈਰ ਸਰਕਾਰੀ ਤਨਜ਼ੀਮ ਦੀ ਦਾਅਵਤ ਤੇ ਲੰਦਨ ਆਈ ਹੋਈ ਹਨ

ਮੁਖ਼ਤਾਰ ਮਾਈ ਨੇ ਕਿਹਾ ਕਿ ਉਨ੍ਹਾਂ ਤੋਂ ਸਕੂਲ ਵਿੱਚ ਤਾਲੀਮ ਹਾਸਲ ਕਰਨ ਵਾਲੀ ਚਾਰ ਲੜਕੀਆਂ ਮੈਟ੍ਰਿਕ ਦਾ ਇਮਤਿਹਾਨ ਪਾਸ ਕੇ ਦੇ ਕਾਲਜ ਵਿੱਚ ਪਹੁੰਚ ਚੁੱਕੀ ਹਨ ਉਨ੍ਹਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜੁਬਾਨ ਦੇ ਸਕੂਲ ਤੋਂ ਤਾਲੀਮ ਹਾਸਲ ਕਰਨ ਵਾਲੀ ਲੜਕੀਆਂ ਇਸ ਸਕੂਲ ਦਾ ਇੰਤਜ਼ਾਮ ਵ ਅਨਸਰਾਮ ਸੰਭਾਲੀਂਗੀ ਅਤੇ ਉਨ੍ਹਾਂ ਦੀ ਤਨਜ਼ੀਮ ਨੂੰ ਚਲਾਈਂਗੀ

'ਅਗਰ ਉਨ੍ਹਾਂ ਵਿੱਚੋਂ ਚਾਰ ਪੰਜ ਸੌ ਲੜਕੀਆਂ ਭੀ ਪੜ੍ਹ ਲਿਖ ਗਈਆਂ ਤਾਂ ਇਹ ਇਕ ਬਹੁਤ ਬੜੀ ਤਬਦੀਲੀ ਦਾ ਪੇਸ਼ਖ਼ੇਮਾ ਹੋਵੇਗਾ ਅਤੇ ਚਾਰ ਪੰਜ ਸੌ ਘਰਾਂ ਵਿੱਚ ਤਬਦੀਲੀ ਆਏਗੀ'


ਇਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਲੜਕੀਆਂ ਅਤੇ ਲੜਕਿਆਂ ਦੇ ਸਕੂਲਾਂ ਦੇ ਇਲਾਵਾ ਸ਼ੈਲਟਰ, ਹੈਲਪ ਲਾਈਨ ਅਤੇ ਮੁਬਾਇਲ ਯੂਨਿਟ ਦੇ ਨਾਮ ਤੋਂ ਉਨ੍ਹਾਂ ਦੇ ਤਿੰਨ ਮਨਸੂਬੇ ਕੰਮ ਕਰ ਰਹੇ ਹਨ'ਜਿਨ੍ਹਾਂ ਔਰਤਾਂ ਨੂੰ ਘਰੋਂ ਕਢ ਦਿੱਤਾ ਜਾਂਦਾ ਹੈ, ਉਨ੍ਹਾਂ ਦੇ ਪਾਸ ਕੋਈ ਰਿਹਾਇਸ਼ ਨਹੀਂ ਹੁੰਦੀ ਉਨ੍ਹਾਂ ਨੂੰ ਸ਼ੈਲਟਰ ਵਿੱਚ ਪਨਾਹ ਦਿੱਤੀ ਜਾਂਦੀ ਹੈਅਗਰ ਜ਼ਰੂਰਤ ਹੋਵੇ ਤਾਂ ਉਨ੍ਹਾਂ ਦਾ ਮਾਨਸਿਕ ਇਲਾਜ ਕਰਾਇਆ ਜਾਂਦਾ ਹੈ ਅਤੇ ਬਾਦ ਵਿੱਚ ਉਨ੍ਹਾਂ ਦਾ ਮੁਕੱਦਮਾ ਭੀ ਲੜਿਆ ਜਾਂਦਾ ਹੈ'

ਮੁਖ਼ਤਾਰ ਮਾਈ ਨੇ ਦੱਸਿਆ ਕਿ ਮੁਬਾਇਲ ਯੂਨਿਟ ਉਨ੍ਹਾਂ ਔਰਤਾਂ ਦੀ ਮਦਦ ਦੇ ਲਈ ਹਰਕਤ ਵਿੱਚ ਆਉਂਦਾ ਹੈ ਜੋ ਫਸੀਆਂ ਹੋਈਆਂ ਹੋਣ ਅਤੇ ਉਨ੍ਹਾਂ ਦੀ ਜਾਣ ਨੂੰ ਖ਼ਤਰਾ ਹੋਵੇ 'ਇਹ ਯੂਨਿਟ ਇਕ ਵਕੀਲ, ਇਕ ਸੋਸ਼ਲ ਵਰਕਰ ਅਤੇ ਇਕ ਗੱਡੀ ਤੇ ਅਧਾਰਿਤ ਹੈਜਿਉਂ ਹੀ ਹੈਲਪ ਲਾਈਨ ਤੇ ਕੋਈ ਐਸੀ ਕਾਲ਼ ਆਉਂਦੀ ਹੈ ਤਾਂ ਮੁਬਾਇਲ ਯੂਨਿਟ ਹਰਕਤ ਵਿੱਚ ਆ ਜਾਂਦਾ ਹੈਸਭ ਤੋਂ ਪਹਿਲਾਂ ਉਸ ਇਲਾਕੇ ਦੀ ਪੁਲਿਸ ਨਾਲ ਰਾਬਤਾ ਕੀਤਾ ਜਾਂਦਾ ਹੈ ਅਤੇ ਅਗਰ ਪੁਲਿਸ ਤਆਵਨ ਨਾ ਕਰੇ ਤਾਂ ਮੁਕਾਮੀ ਅਦਾਲਤ ਦਾ ਦਰਵਾਜ਼ਾ ਖਟਖਟਾਇਆ ਜਾਂਦਾ ਹੈ ਅਤੇ ਪੁਲਿਸ ਨੂੰ ਲੈ ਕੇ ਉਸ ਜਗ੍ਹਾ ਪਹੁੰਚਿਆ ਜਾਂਦਾ ਹੈ ਜਿਥੇ ਔਰਤ ਤੇ ਤਸ਼ੱਦੁਦ ਹੋਇਆ ਹੈ ਜਾਂ ਉਹ ਜਿਥੇ ਫਸੀ ਹੋਈ ਹੈ'

ਭਾਵੇਂ ਉਹ ਪਹਿਲਾਂ ਵੀ ਲੰਦਨ ਆ ਚੁੱਕੀ ਹੈ ਲੇਕਿਨ ਮੁਖ਼ਤਾਰ ਮਾਈ ਦਾ ਬੀ ਬੀ ਸੀ ਦੇ ਦਫ਼ਤਰ ਦਾ ਪਹਿਲਾ ਦੌਰਾ ਸੀ

ਉਨ੍ਹਾਂ ਨੇ ਕਿਹਾ ਕਿ ਫਸੀਆਂ ਹੋਈਆਂ ਲੜਕੀਆਂ ਨੂੰ ਉਥੋਂ ਕੱਢ ਕੇ ਸ਼ੈਲਟਰ ਵਿੱਚ ਲਾਇਆ ਜਾਂਦਾ ਅਤੇ ਇਸ ਦਾ ਕੇਸ ਸੋਸ਼ਲ ਵਰਕਰ ਦੇ ਹਵਾਲੇ ਕੀਤਾ ਜਾਂਦਾ ਹੈ'ਸ਼ੈਲਟਰ ਵਿੱਚ ਲੜਕਿਓਂ ਨੂੰ ਸਿਲਾਈ ਕੜ੍ਹਾਈ ਭੀ ਸਿਖਾਈ ਜਾਤੀ ਹੈ ਅਤੇ ਉਨ੍ਹਾਂ ਨੂੰ ਤਾਲੀਮ ਭੀ ਦੀ ਜਾਤੀ ਹੈਸਾਡੇ ਪਾਸ ਮੁਖ਼ਤਲਿਫ਼ ਤਰ੍ਹਾਂ ਦੇ ਕੇਸ ਆਤੇ ਹਨ ਮਸਲਨ ਜ਼ਬਰਦਸਤੀ ਦੀ ਸ਼ਾਦੀ, ਅਲੀਹਦਗੀ, ਜਿਨਸੀ ਜ਼ਿਆਦਤੀ ਵਗ਼ੈਰਾਸਾਡੇ ਪਾਸ ਇਕ ਐਸਾ ਕੇਸ ਭੀ ਆਇਆ ਹੈ ਜਿਸ ਵਿੱਚ ਇਕ ਤੇਰਾਂ ਸਾਲ ਦੀ ਲੜਕੀ ਵਾਲਿਦ ਦੀ ਜਿਨਸੀ ਹਵਸ ਦਾ ਨਿਸ਼ਾਨਾ ਬਣਦੀ ਰਹੀ ਹੈਉਹ ਅਜੇ ਤੱਕ ਸ਼ੈਲਟਰ ਵਿੱਚ ਹੈ'

ਮਾਲੀ ਮੁਸ਼ਕਲਾਂ

ਇਕ ਸਵਾਲ ਦੇ ਜਵਾਬ ਵਿੱਚ ਮੁਖ਼ਤਾਰ ਮਾਈ ਨੇ ਕਿਹਾ ਕਿ ਉਨ੍ਹਾਂ ਦੇ ਭਲਾਈ ਮਨਸੂਬਿਆਂ ਦੇ ਲਈ ਸ਼ੁਰੂ ਸ਼ੁਰੂ ਵਿੱਚ ਇਤਨੀ ਅਸਾਨੀ ਸੀ ਅਤੇ ਅਦਾਰੇ ਘਰ ਆ ਕੇ ਉਨ੍ਹਾਂ ਨੂੰ ਫ਼ੰਡ ਦੇ ਜਾਂਦੇ ਸਨ ਲੇਕਿਨ ਹੁਣ ਉਨ੍ਹਾਂ ਦੇ ਮਨਸੂਬੇ ਮਾਲੀ ਮੁਸ਼ਕਲਾਤ ਦਾ ਸ਼ਿਕਾਰ ਹਨ

'ਮੈਂ ਪਹਿਲਾ ਸਕੂਲ ਆਪਣੀ ਸ਼ਖ਼ਸੀਅਤ ਤੇ ਲਿਖੀ ਜਾਣ ਵਾਲੀ ਕਿਤਾਬ 'ਇਨ ਦੀ ਨੇਮ ਆਫ਼ ਆਨਰ' ਦੀ ਇਸ਼ਾਇਤ ਤੋਂ ਮਿਲਣ ਵਾਲੀ ਰਾਇਲਟੀ ਨਾਲ ਖੋਲ਼ਿਆ ਸੀ ਇਹ ਸਕੂਲ ਮੀਰ ਵਾਲਾ ਦੇ ਇਕ ਨੇੜਲੇ ਪਿੰਡ ਗੱਬਰ ਆਰਾਈਆਂ ਵਿੱਚ ਖੋਲ਼ਿਆ ਗਿਆ ਸੀ ਇਹ ਸਕੂਲ ਤਿੰਨ ਸਾਲ ਤੱਕ ਚਲਿਆਇਸ ਵਿੱਚ ਤਿੰਨ ਸੌ ਬੱਚੇ ਜ਼ੇਰ-ਏ-ਤਾਲੀਮ ਸੀ ਜਦੋਂ ਉਹ ਬੀਤੇ ਸਾਲ ਆਉਣ ਵਾਲੇ ਤਬਾਹਕੁੰਨ ਸੈਲਾਬ ਵਿੱਚ ਬਹਿ ਗਿਆ ਅਤੇ ਅਜੇ ਤੱਕ ਦੁਬਾਰਾ ਨਹੀਂ ਖੋਲ਼ਿਆ ਜਾ ਸਕਿਆ'

ਉਨ੍ਹਾਂ ਨੇ ਕਿਹਾ ਕਿ ਰਾਇਲਟੀ ਦੀ ਰਕਮ ਨਾਲ ਹੀ ਉਨ੍ਹਾਂ ਨੇ ਮੇਰ ਵਾਲਾ ਵਿੱਚ ਤਿੰਨ ਪਲਾਟ ਖ਼ਰੀਦੇ ਜਿਥੇ ਸ਼ੈਲਟਰ, ਰੀਸੋਰਸ ਸੈਂਟਰ ਅਤੇ ਤਨਜ਼ੀਮ ਦੇ ਦਫ਼ਤਰ ਦੀ ਇਮਾਰਤ ਬਣਾਈ ਗਈ ਹੈ'ਸ਼ੈਲਟਰ ਅਤੇ ਰੀਸੋਰਸ ਸੈਂਟਰ ਦੀਆਂ ਇਮਾਰਤਾਂ ਨਿਊਯਾਰਕ ਟਾਈਮਜ਼ ਵਿੱਚ ਨਿਕੋਲਸ ਡੀ ਕ੍ਰਿਸਟੋਫ਼ ਦੇ ਕਾਲਮ ਦੇ ਬਾਦ ਮਿਲਣ ਵਾਲਿਆਂ ਡੋਨੇਸ਼ਨਾਂ ਦੀ ਵਜ੍ਹਾ ਨਾਲ ਬਣੀਆਂ ਸਨ ਅਤੇ ਸਕੂਲ ਦੇ ਲਈ ਟਰਾਂਸਪੋਰਟ ਦਾ ਇੰਤਜ਼ਾਮ ਭੀ ਉਸੇ ਰਕਮ ਨਾਲ ਹੋਇਆ ਸੀ'

ਮੁਖ਼ਤਾਰ ਮਾਈ ਨੇ ਦੱਸਿਆ ਕਿ ਉਨ੍ਹਾਂ ਦੀ ਤਨਜ਼ੀਮ ਦੇ ਦਫ਼ਤਰ ਦੀ ਤਾਮੀਰ ਨੀਦਰਲੈਂਡ ਦੇ ਸਿਫ਼ਾਰਤਖ਼ਾਨੇ ਦੇ ਤਆਵਨ ਨਾਲ ਮੁਮਕਿਨ ਹੋਈ ਸੀ ਜਦੋਂ ਕਿ ਉਨ੍ਹਾਂ ਦੇ ਸਕੂਲ ਨੂੰ ਚਾਰ ਸਾਲ ਤੱਕ ਚਲਾਣ ਦੇ ਲਈ ਫ਼ੰਡਿੰਗ ਕੈਨੇਡੀਅਨ ਤਰਕੀਆਤੀ ਅਦਾਰੇ ਸੇਢਾ ਨੇ ਕੀਤੀ ਸੀ

' ਲੇਕਿਨ ਹੁਣ ਕੋਈ ਫ਼ੰਡਿੰਗ ਨਹੀਂ ਮਿਲਦੀ ਮੇਰੇ ਪਾਸ ਕੁਛ ਸੇਵਿੰਗ ਹੈ ਜਿਸ ਨਾਲ ਤਮਾਮ ਮਨਸੂਬੇ ਚਲਾ ਰਹੀ ਹਾਂਮੈਂ ਲੋਕਾਂ ਨੂੰ ਵੀ ਇਹੀ ਕਹਿੰਦੀ ਹਾਂ ਅਤੇ ਆਪਣੇ ਅਦਾਰੇ ਰਾਹੀਂ ਵੀ ਮੇਰਾ ਪੈਗ਼ਾਮ ਇਹੀ ਹੈ ਕਿ ਅਗਰ ਮੇਰੇ ਮਨਸੂਬਿਆਂ ਵਿੱਚ ਕੋਈ ਤਆਵਨ ਕਰਨਾ ਚਾਹੇ ਤਾਂ ਅੱਗੇ ਆਏ ਅਤੇ ਇਸ ਕੰਮ ਵਿੱਚ ਮੇਰਾ ਹੱਥ ਬਟਾਏ'


ਸ੍ਰੋਤ - ਬੀ ਬੀ ਸੀ ਉਰਦੂ

Thursday, March 17, 2011

ਕਾਮਨੀ,ਕਮਲਾ ਤੇ ਸਰ ਜੋਗਿੰਦਰ ਸਿੰਘ

ਮੈਂ ਦਸ ਗਿਆਰਾਂ ਸਾਲ ਦਾ ਸੀ ਜਦੋਂ ਪਹਿਲਾ ਨਾਵਲ ਪੜ੍ਹਿਆ. ਨਾਵਲ ਦਾ ਨਾਂ ਤੇ ਲੇਖਕ ਦਾ ਨਾਂ ਅੱਜ ਤੱਕ ਯਾਦ ਹਨ . ਕਦੇ ਨਹੀਂ ਭੁੱਲੇ. ਪੜ੍ਹਨ ਦਾ ਸ਼ੌਕ ਇਸ ਤੋਂ ਵੀ ਪਹਿਲਾਂ ਪੈ ਚੁੱਕਿਆ ਸੀ. ਕਹਾਣੀ ਰਸ ਮਾਨਣ ਦੀ ਸੁਹਜਾਤਮਕ ਰੁਚੀ ਜਬਾਨੀ ਸਭਿਆਚਾਰ ਦੇ ਸਾਗਰ ਵਿੱਚ ਟੁਭੀਆਂ ਲਾਉਂਦੇ ਰੜ੍ਹ ਚੁੱਕੀ ਸੀ. ਅਜ਼ਾਦੀ ਤੋਂ ਬਾਅਦ ਨਹਿਰੂ ਦੀਆਂ ਸਭਿਆਚਾਰ ਪ੍ਰਫੁੱਲਿਤ ਕਰਨ ਦੀਆਂ ਨੀਤੀਆਂ ਸਦਕਾ ਸਾਡੇ ਪਿੰਡ ਵੀ ਇੱਕ ਛੋਟੀ ਜਿਹੀ ਲਾਇਬ੍ਰੇਰੀ ਆ ਗਈ ਸੀ ਜਿਸ ਦਾ ਕੋਈ ਲਾਇਬ੍ਰੇਰੀਅਨ ਨਹੀਂ ਸੀ.ਇੱਕ ਲੱਕੜ ਦੀ ਅਲਮਾਰੀ ਸੀ ਜੋ ਧਰਮਸ਼ਾਲਾ ਵਿੱਚ ਪਈ ਸੀ. ਇਸ ਵਿੱਚ ਦੋ ਚਾਰ ਸੌ ਕਿਤਾਬ ਸੀ. ਕੁਝ ਸ਼ੌਕੀਨ ਇਸ ਵਿੱਚੋਂ ਕਦੇ ਕਦੇ ਅਲਮਾਰੀ ਦੇ ਪੱਲੇ ਅੱਗੇ ਪਿੱਛੇ ਕਰਕੇ ਕੋਈ ਨਾ ਕੋਈ ਕਿਤਾਬ ਕਢ ਲੈਂਦੇ ਸਨ ਤੇ ਉਹ ਪਿੰਡ ਵਿੱਚ ਹਥੋ ਹਥੀ ਗਸ਼ਤ ਕਰਨ ਲੱਗਦੀ . ਭਗਤਾਂ ਦੇ ਜੀਵਨ ਨਾਲ ਜੁੜੀ ਇੱਕ ਕਿਤਾਬ ਇਵੇਂ ਹੀ ਮੇਰੇ ਹਥ ਲੱਗੀ ਸੀ. ਇਹ ਮੇਰੇ ਜੀਵਨ ਦੀ ਸਕੂਲ ਦੀਆਂ ਕਿਤਾਬਾਂ ਤੋਂ ਬਾਹਰ ਮੇਰੀ ਪਹਿਲੀ ਕਿਤਾਬ ਸੀ . ਸ਼ਾਇਦ ਜਰਗ ਦੇ ਮੇਲੇ ਤੋਂ ਖਰੀਦ ਕੇ ਲਿਆਂਦੀਆਂ ਤੋਤਾ ਮੈਨਾ ਦੀਆਂ ਕਹਾਣੀਆਂ ਇਸ ਤੋਂ ਪਹਿਲਾਂ ਪੜ੍ਹ ਲਈਆਂ ਸਨ . ਇਸ ਤੋਂ ਵੀ ਪਹਿਲਾਂ ਸੋਹਣੀ ਸਦਾ ਰਾਮ ਤੇ ਰੂਪ ਬਸੰਤ ਤੇ ਕੁਝ ਹੋਰ ਚਿੱਠੇ ਘਰ ਵਿੱਚ ਮੌਜੂਦ ਹੋਣ ਕਾਰਨ ਵਾਰ ਵਾਰ ਪੜ੍ਹੇ ਜਾਂਦੇ ਸਨ .

ਖੈਰ , ਮੈਂ ਦੱਸ ਰਿਹਾ ਸੀ ਪਹਿਲੇ ਨਾਵਲ ਦੀ ਗੱਲ.ਮੈਂ ਪੰਜਵੀਂ ਵਿੱਚ ਸੀ ਤੇ ਮੇਰਾ ਵੱਡਾ ਭਰਾ ਗੁਆਂਢ ਦੇ ਪਿੰਡ ਧਮੋਟ ਦੇ ਸਕੂਲ ਛੇਵੀਂ ਵਿਚ. ਉਹ ਉਥੋਂ ਦੀ ਲਾਇਬ੍ਰੇਰੀ ਵਿੱਚੋਂ ਇਹ ਨਾਵਲ ਲਿਆਇਆ ਸੀ. ਸਰ ਜੋਗਿੰਦਰ ਸਿੰਘ ਦਾ ਲਿਖਿਆ ਕਾਮਨੀ . ਉਸ ਦਿਨ ਮੈਨੂੰ ਬੁਖਾਰ ਸੀ ਤੇ ਮੈਂ ਸਕੂਲ ਨਹੀਂ ਸੀ ਗਿਆ. ਕਹਾਣੀ ਨੇ ਮੇਰੇ ਬਾਲ ਮਨ ਨੂੰ ਏਨੇ ਜੋਰ ਨਾਲ ਕਾਬੂ ਕਰ ਲਿਆ ਸੀ ਕਿ ਮੈਂ ਹੋਰ ਕਾਸੇ ਬਾਰੇ ਸੋਚਣ ਤੋਂ ਅਸਮਰਥ ਸੀ. ਘਰਦਿਆਂ ਦੀਆਂ ਝਿੜਕਾਂ ਤੋਂ ਡਰਦਿਆਂ ਆਪਣੇ ਇਸ ਜਨੂੰਨ ਨੂੰ ਛੁਪਾਉਣ ਲਈ ਮੈਂ ਚਾਦਰ ਤਾਣੀਂ ਹੋਈ ਸੀ . ਕਾਮਨੀ ਇਸ ਨਾਵਲ ਦੀ ਮੁੱਖ ਪਾਤਰ ਹੈ ਜੋ ਇਸ ਜਾਲਮ ਦੁਨੀਆਂ ਵਿੱਚ ਇੱਕ ਤੋਂ ਬਾਅਦ ਇੱਕ ਮੁਸੀਬਤ ਨਾਲ ਜੂਝਦੀ ਹੈ. ਕੁਦਰਤੀ ਕਹਿਰ ਅੱਡ ਢਹਿ ਰਹੇ ਹਨ. ਅਕਾਲ ਪਿਆ ਹੋਇਆ ਹੈ. ਕਹਾਣੀ ਤੰਦਾਂ ਤਾਂ ਹੁਣ ਹੋਸ਼ ਦੇ ਅਗਿਆਤ ਮੰਡਲਾਂ ਵਿੱਚ ਵੱਸ ਚੁਕੀਆਂ ਹਨ ਪਰ ਨਾਵਲੀ ਬਿੰਬ ਹਮੇਸ਼ਾ ਲਈ ਹੋਸ਼ ਦਾ ਅੰਗ ਬਣ ਗਿਆ.

ਇਸ ਤੋਂ ਬਾਅਦ ਕਹਾਣੀਆਂ ਲਈ ਲਿਲ੍ਹਕ ਨੇ ਮੈਨੂੰ ਕਿਤਾਬਾਂ ਦੀ ਦੁਨੀਆਂ ਵਿੱਚ ਇੱਕ ਅਮੁੱਕ ਸਫਰ ਤੇ ਤੋਰ ਦਿੱਤਾ ਅਤੇ ਹਰੇਕ ਕਿਤਾਬ ਵਿੱਚ ਮੈਨੂੰ ਇੱਕ ਸਰਗਰਮ ਰੂਹ ਨਜ਼ਰ ਆਉਂਦੀ ਜੋ ਮੈਨੂੰ ਬੁਲਾ ਰਹੀ ਹੁੰਦੀ ਹੈ .

ਬਾਅਦ ਵਿੱਚ ਜਦੋਂ ਮੇਰਾ ਵਾਹ ਪ੍ਰੀਤਲੜੀ, ਆਰਸੀ, ਨਾਗਮਣੀ , ਪ੍ਰੀਤਮ ਅਤੇ ਕਵਿਤਾ ਆਦਿ ਪੰਜਾਬੀ ਰਸਾਲਿਆਂ ਨਾਲ ਪਿਆ ਤਾਂ ਮੈਂ ਇਨ੍ਹਾਂ ਵਿੱਚ ਛਪਦੀਆਂ ਪੁਸਤਕ ਸੂਚੀਆਂ ਨੂੰ ਵਾਰ ਵਾਰ ਘੋਖਦਾ ਰਹਿੰਦਾ. ਇਨ੍ਹਾਂ ਵਿੱਚ ਸਰ ਜੋਗਿੰਦਰ ਸਿੰਘ ਦੇ ਇੱਕ ਹੋਰ ਨਾਵਲ ਕਮਲਾ ਦਾ ਵੀ ਨਾਂ ਹੁੰਦਾ. ਇਸ ਨੂੰ ਪੜ੍ਹਨ ਮੇਰੀ ਉਚੇਚੀ ਤਮੰਨਾ ਸੀ ਪਰ ਮੇਰੇ ਮੁੱਖ ਤੌਰ ਤੇ ਗੈਰ ਸਾਹਿਤਕ ਮਾਹੌਲ ਵਿੱਚੋਂ ਮੈਨੂੰ ਇਹ ਕਦੇ ਪ੍ਰਾਪਤ ਨਾ ਹੋਇਆ ਅਤੇ ਮੇਰੀ ਇਹ ਤਮੰਨਾ ਅਨਪੂਰੀ ਰਹਿ ਗਈ . ਕਾਮਨੀ ਨੇ ਮੇਰੇ ਤੇ ਜਾਦੂ ਕਿਵੇਂ ਕੀਤਾ ਇਹ ਸਮਝਣ ਲਈ ਦੁਆਰਾ ਇਹ ਨਾਵਲ ਪੜ੍ਹਨ ਦੀ ਤਮੰਨਾਂ ਵੀ ਅਜੇ ਕਾਇਮ ਹੈ . ਉਮਰ ਪਾਠਕ ਦੇ ਤੌਰ ਆਪਣੇ ਅਨੁਭਵਾਂ ਨੂੰ ਕਲਮਬੰਦ ਕਰਨ ਵਾਸਤੇ ਇਹ ਪੁਨਰ ਪਾਠ ਬੜਾ ਸਹਾਈਹੋ ਸਕਦਾ ਹੈ.

Wednesday, March 16, 2011

ਬੱਗੂ ਤਾਇਆ ਤੇ ਵਲਵਲਿਆਂ ਦਾ ਦੇਸ਼



ਹੱਲਿਆਂ ਤੋਂ ਬਾਅਦ ਦੂਜੇ ਦਹਾਕੇ ਵਿੱਚ ਅਸੀਂ ਦਾਖਲ ਹੋ ਗਏ ਸਾਂ. ਮੇਰੇ ਜੀਵਨ ਦਾ ਅਜੇ ਪਹਿਲਾ ਦਹਾਕਾ ਵੀ ਪੂਰਾ ਨਹੀਂ ਸੀ ਹੋਇਆ. ਹਿੰਦੀ ਚੀਨੀ ਭਾਈ ਭਾਈਤੋਂ ਦੰਦ ਹੋਣਗੇ ਖੱਟੇ ਚੀਨੀ ਹੋਸ਼ ਕਰੀਂ ਦੀਆਂ ਰਾਜਨੀਤਕ ਭਿਣਕਾਂ ਸਾਡੇ ਬਾਲ ਮਨ ਤੇ ਹਮੇਸ਼ਾ ਲਈ ਇੱਕ ਕੋਨਾ ਮੱਲ ਬੈਠੀਆਂ ਸਨ. ਸਾਡੀ ਬੀਹੀ ਵਿੱਚ ਨੌਂ ਘਰ ਸਨ . ਸਾਡੇ ਘਰ ਦੇ ਦਖਣੀ ਪਾਸੇ ਟਹਿਲੇ ਕਾ ਘਰ ਸੀ ਅਤੇ ਉਸ ਤੋਂ ਅੱਗੇ ਬਚਨੀ ਤਾਈ ਕਾ. ਬਚਨੀ ਤਾਈ ਦੇ ਘਰ ਕੁੱਲ ਚਾਰ ਜੀ ਸਨ . ਭੋੜਿਆਂ ਦੇ ਤੋਤੇ ਦੀ ਉਹ ਇੱਕਲੌਤੀ ਧੀ ਸੀ ਅਤੇ ਉਹਦੇ ਪਿਉ ਨੇ ਬੜੀ ਠੁੱਕ ਨਾਲ ਉਹਦਾ ਮਾਖੇ ਨਾਲ ਵਿਆਹ ਕੀਤਾ ਸੀ. ਮਾਖੇ ਦੇ ਦੋ ਹੋਰ ਭਰਾ ਸਨ. ਦੋਨੋਂ ਉਸ ਤੋਂ ਛੋਟੇ .ਇੱਕ ਨੂੰ ਅਸੀਂ ਬੱਗੂ ਤਾਇਆ ਕਹਿੰਦੇ ਸੀ ਅਤੇ ਸਭ ਤੋਂ ਛੋਟਾ ਮੇਵੋ ਤਾਇਆ. ਨਾਥਾਂ ਦਾ ਪਰਿਵਾਰ ਸੀ. ਮਾਖੇ ਨਾਲ ਸਾਡਾ ਕਦੇ ਵਾਹ ਵਾਸਤਾ ਨਹੀਂ ਸੀ ਪੈਂਦਾ. ਸ਼ਾਇਦ ਉਸ ਨੂੰ ਬੱਚਿਆਂ ਨਾਲ ਕੋਈ ਲਗਾਅ ਨਹੀਂ . ਉਨ੍ਹਾਂ ਦੇ ਆਪਣੇ ਘਰ ਕੋਈ ਔਲਾਦ ਨਹੀਂ ਸੀ. ਕਾਰਨ ਸ਼ਾਇਦ ਤਾਈ ਬਚਨੀ ਦਾ ਗੈਰ ਮਾਮੂਲੀ ਮੋਟਾਪਾ ਸੀ. ਔਲਾਦ ਦੀ ਉਮੀਦ ਵੀ ਕੋਈ ਨਹੀਂ ਸੀ . ਬੱਗੂ ਤਾਇਆ ਅਮਲ ਤੇ ਲੱਗ ਚੁੱਕਾ ਸੀ ਤੇ ਉਹਦੇ ਵਿਆਹ ਬਾਰੇ ਕਦੇ ਕੋਈ ਚਰਚਾ ਨਹੀਂ ਸੀ ਸੁਣੀ. ਮੇਵੋ ਤਾਇਆ ਹਲਕੇ ਸਰੀਰ ਦਾ ਚੁਸਤ ਫੁਰਤ ਤੇ ਵਾਹਵਾ ਘੰਮਿਆ ਕਾਮਾ ਸੀ. ਹਰੇਕ ਲਾਣਾ ਉਸ ਨੂੰ ਸੀਰੀ ਰੱਖਣ ਲਈ ਚੱਸ ਵਿਖਾਉਂਦਾ. ਖੇਤੀ ਬਾਰੇ ਉਹਦੇ ਲੋਕ ਗਿਆਨ ਦੀ ਕਦਰ ਪੈਂਦੀ ਸੀ. ਪਰ ਉਹਦਾ ਵੀ ਵਿਆਹ ਨਹੀਂ ਹੋਇਆ. ਦੇਖਣ ਵਾਲੇ ਕਦੇ ਕਦੇ ਆਉਂਦੇ ਪਰ ਗੱਲ ਕਦੇ ਵੀ ਸਿਰੇ ਨਾ ਚੜੀ. ਬੱਚਿਆਂ ਨਾਲ ਉਹ ਬਹੁਤ ਥੋੜਾ ਘੁਲਦਾ ਮਿਲਦਾ ਪਰ ਬੱਚੇ ਉਹਦੀਆਂ ਸਿਆਣੀਆਂ ਗੱਲਾਂ ਵਿੱਚ ਖਾਸੀ ਰੁਚੀ ਲੈਂਦੇ . ਫਿਰ ਵੀ ਸਾਡੀ ਬੀਹੀ ਦੇ ਇਸ ਘਰ ਵਿੱਚ ਰੱਬ ਦਾ ਵਾਸਾ ਸੀ. ਬੀਹੀ ਦੇ ਬੱਚਿਆਂ ਲਈ ਜੋ ਖਲੂਸ ਇਥੇ ਸੀ ਹੋਰ ਕਿਸੇ ਘਰ ਨਹੀਂ ਸੀ.

ਤਾਈ ਬਚਨੀ ਤੇ ਬੱਗੂ ਤਾਏ ਲਈ ਤਾਂ ਜਿਵੇਂ ਬੀਹੀ ਦੇ ਸਾਰੇ ਬੱਚੇ ਉਨ੍ਹਾਂ ਦੇ ਆਪਣੇ ਸਨ. ਬਚਨੀ ਤਾਈ ਜਦੋਂ ਬਹੁਤ ਖੁਸ਼ੀ ਦੇ ਰਾਉਂ ਵਿੱਚ ਹੁੰਦੀ ਤਾਂ ਜੁਆਨੀ ਵਿੱਚ ਦੇਖੀ ਇੱਕੋ ਇੱਕ ਫਿਲਮ ਨਾਗਣ ਦਾ ਗੀਤ ਆਪਮੁਹਾਰੇ ਗਾਉਣ ਲੱਗ ਪੈਂਦੀ, ਮੇਰਾ ਮਨ ਡੋਲੇ ਮੇਰਾ ਤਨ ਡੋਲੇ .... ਨਾਲੋ ਨਾਲ ਉਹਦੇ ਪੈਰ ਵੀ ਥਿਰਕਣ ਲੱਗ ਪੈਂਦੇ ਅਤੇ ਸਾਡੇ ਲਈ ਮਨਪ੍ਰਚਾਵੇ ਦੀ ਖਾਸੀ ਰਸੀਲੀ ਪੇਸ਼ਕਾਰੀ ਰਚ ਦਿੰਦੀ. ਇਸ ਘਰ ਵਿੱਚ ਸਾਨੂੰ ਜੋ ਵਲਵਲਿਆਂ ਦੀ ਖੁਰਾਕ ਮਿਲਦੀ ਉਹ ਆਪਣੇ ਆਪਣੇ ਘਰਾਂ ਦੇ ਕਲਾ ਕਲੇਸ਼ ਵਿੱਚ ਨਦਾਰਦ ਸੀ.

ਬੱਗੋ ਤਾਇਆ ਤਾਂ ਜਿਵੇਂ ਬਾਲ ਮਨੋਵਿਗਿਆਨ ਦਾ ਗੂੜ ਗਿਆਨੀ ਹੋਵੇ ਤੇ ਇਸ ਗਿਆਨ ਦਾ ਸੋਮਾ ਕੋਈ ਸਕੂਲ ਕੋਈ ਕਿਤਾਬਾਂ ਨਹੀਂ ਸਨ . ਨਿਰੋਲ ਮੁਹੱਬਤ ਦੀ ਸਹਿਜ ਭਾਵਨਾ ਵਿੱਚੋਂ ਉਪਜਿਆ ਸਹਿਜ ਗਿਆਨ ਸੀ. ਵੈਸੇ ਪਿੰਡ ਦੇ ਪ੍ਰਵਾਹਸ਼ੀਲ ਮੁਲੰਕਣ ਅਮਲ ਵਿੱਚ ਉਸ ਦਾ ਦਰਜਾ ਅਣਹੋਇਆਂ ਵਿੱਚ ਸੀ. ਉਹ ਹਰ ਰੋਜ਼ ਆਪਣੇ ਪਿਤਾ ਪੁਰਖੀ ਧੰਦੇ ਦੇ ਤੌਰ ਤੇ ਬਗਲੀ ਪਾ ਖੈਰ ਮੰਗਣ ਲਈ ਨਿਕਲ ਜਾਂਦਾ ਤੇ ਸ਼ਾਮ ਨੂੰ ਇੱਕਤਰ ਆਟਾ ਵੇਚ ਕੇ ਆਪਣੇ ਖਰਚ ਜੋਗੇ ਪੈਸੇ ਕਮਾ ਲੈਂਦਾ. ਹੋਰ ਕੋਈ ਖਾਸ ਖਰਚ ਨਹੀਂ ਸੀ ਬੱਸ ਮਾਵੇ ਲਈ ਨਕਦੀ ਦੀ ਲੋੜ ਪੈਂਦੀ ਸੀ.

ਬੀਹੀ ਵਿੱਚ ਚੀਕ ਚਿਹਾੜਾ ਤਾਂ ਸਵੇਰੇ ਹੀ ਪੈਣਾ ਸ਼ੁਰੂ ਹੋ ਜਾਂਦਾ ਸੀ. ਸਾਂਝੇ ਪਰਿਵਾਰ ਸਨ ਅਤੇ ਖਾਣ ਪੀਣ ਸੰਬੰਧੀ ਵੰਡ ਵੰਡਈਏ ਵਿੱਚੋਂ ਉਪਜੀਆਂ ਭੜਕੀਲੀਆਂ ਰੰਜਸਾਂ ਦਾ ਪ੍ਰਗਟਾਵਾ ਅਕਸਰ ਆਪਣੇ ਬੱਚਿਆਂ ਦੀ ਬੇਰਹਿਮ ਕੁੱਟ ਰਾਹੀਂ ਕੀਤਾ ਜਾਂਦਾ. ਜਾਂ ਫਿਰ ਮਾਪੇ ਆਪਣੀਆਂ ਬਾਲਗ ਪਰਿਭਾਸ਼ਾਵਾਂ ਅਨੁਸਾਰ ਬੱਚਿਆਂ ਦੀਆਂ ਬਾਲ ਖੇਡਾਂ ਨੂੰ ਵੱਡਾ ਅਪਰਾਧ ਸਮਝ ਕੇ ਕੋਮਲ ਮਨਾਂ ਤੇ ਵਦਾਣੀ ਸੱਟਾਂ ਮਾਰ ਦਿੰਦੇ. ਸਾਡੇ ਵਿੱਚੋਂ ਕਿਸੇ ਨੂੰ ਜਦੋਂ ਕੁੱਟ ਪੈ ਰਹੀ ਹੁੰਦੀ ਤਾਂ ਬੱਗੂ ਤਾਇਆ ਵਾਹਦ ਸ਼ਖਸ ਹੁੰਦਾ ਜੋ ਮੌਕੇ ਤੇ ਸਰਗਰਮ ਦਖਲ ਦਿੰਦਾ ਬੱਚੇ ਨੂੰ ਮਾਂ ਕੋਲੋਂ ਖੋਹ ਕੇ ਆਪਣੀ ਬੁੱਕਲ ਵਿੱਚ ਲੈ ਲੈਂਦਾ ਅਤੇ ਉਹਦੀ ਵਿਲੱਖਣ ਤਾੜਵੀਂ ਆਵਾਜ਼ ਬੀਹੀ ਵਿੱਚ ਗੂੰਜ ਰਹੀ ਹੁੰਦੀ, ਇਹਨੂੰ ਕਿਉਂ ਕੁੱਟਦੀ ਐਂ ..ਇਹਨੇ ਕੀ ਵਿਗਾੜਿਐ ਤੇਰਾ.. ਉਹਦਾ ਅਡੋਲ ਵਿਸ਼ਵਾਸ਼ ਸੀ ਕਿ ਬੱਚੇ ਹਮੇਸ਼ਾ ਬੇਕਸੂਰ ਹੁੰਦੇ ਹਨ . ਉਹਦੀ ਝਿੜਕ ਵਿੱਚ ਮਾਸੂਮ ਬੱਚੇ ਦੇ ਕੋਮਲ ਮਨ ਦੀ ਟੀਸ ਰਚੀ ਹੁੰਦੀ. ਬੀਹੀ ਦੇ ਬੱਚਿਆਂ ਦੀ ਇੱਕੋ ਇੱਕ ਅਦਾਲਤ ਸੀ ਉਹ ਜੋ ਉਨ੍ਹਾਂ ਦੀਆਂ ਲੇਰਾਂ ਵਿਚਲੀ ਫਰਿਯਾਦ ਦੀ ਤੁਰਤ ਸੁਣਵਾਈ ਕਰਦਾ ਅਤੇ ਝਿੜਕਾਂ ਦੇ ਰੂਪ ਵਿੱਚ ਤੁਰਤ ਸਜ਼ਾ ਫਰਮਾ ਦਿੰਦਾ. ਕਿਸੇ ਮੂਕ ਸਹਿਮਤੀ ਨਾਲ ਸਾਰੀ ਬੀਹੀ ਨੇ ਇਹ ਸ਼ਕਤੀਆਂ ਉਹਨੂੰ ਦੇ ਰਖੀਆਂ ਸਨ. ਕਦੇ ਕਿਸੇ ਨੇ ਉਹਦੇ ਦਖਲ ਦੇਣ ਦੇ ਇਸ ਹੱਕ ਤੇ ਉਜਰ ਨਹੀਂ ਕੀਤਾ ਸੀ.

ਮੁਠੀ ਮੁਠੀ ਆਟੇ ਨਾਲ ਪੰਜ ਚਾਰ ਕਿਲੋ ਆਟਾ ਉਹਦੀ ਦਿਨ ਭਰ ਦੀ ਕਮਾਈ ਹੁੰਦੀ.ਇਸ ਵਿੱਚੋਂ ਕੁਝ ਹਿਸਾ ਘਰ ਦੇ ਖਾਤੇ ਵੀ ਚਲਿਆ ਜਾਂਦਾ. ਗੱਲ ਮੁਕਾਈਏ ਉਹਦਾ ਅਫੀਮ ਦਾ ਗੁਜਾਰਾ ਹੁੰ ਮੁਸ਼ਕਿਲ ਹੋਣ ਲੱਗ ਪਿਆ ਸੀ. ਕਿਸੇ ਨੇ ਉਸਨੂੰ ਸਲਾਹ ਦਿੱਤੀ ਕਿ ਉਹ ਯੂ ਪੀ ਚਲਿਆ ਜਾਵੇ ; ਕਿ ਉਥੇ ਅਫੀਮ ਬਹੁਤ ਸਸਤੀ ਹੈ. ਤੇ ਸਾਡਾ ਭੋਲਾ ਬੱਗੂ ਤਾਇਆ ਯੂ ਪੀ ਲਈ ਰਵਾਨਾ ਹੋ ਗਿਆ. ਸਾਡੇ ਲਈ ਉਹਦੀ ਜਗਾਹ ਲੈਣ ਵਾਲਾ ਹੋਰ ਕੋਈ ਨਹੀਂ ਸੀ.

ਵਧੇਰੇ ਜੁਲਮ ਹੁਣ ਸਾਡੀ ਹੋਣੀ ਸੀ. ਪਰ ਇਹ ਅਰਸਾ ਬਹੁਤਾ ਲੰਮਾ ਨਹੀਂ ਸੀ. ਦੋ ਢਾਈ ਮਹੀਨੇ ਲੰਘੇ ਹੋਣੇ ਨੇ. ਇੱਕ ਦਿਨ ਅਸੀਂ ਸਾਡੇ ਘਰ ਦੀ ਛਤ ਉਤੇ ਖੇਡ ਰਹੇ ਸੀ . ਤਾਂ ਤੇਜ਼ ਤੇਜ਼ ਚਾਲ ਬੱਗੂ ਤਾਇਆ ਵਗਿਆ ਆ ਰਿਹਾ ਸੀ. ਅਸੀਂ ਬੱਗੂ ਤਾਇਆ ! ਬੱਗੂ ਤਾਇਆ !!.... ਕੂਕਦੇ ਕੋਠਿਉਂ ਉੱਤਰ ਉਹਦੇ ਵੱਲ ਦੌੜ ਪਏ. ਉਹ ਵੀ ਹੁਣ ਦੌੜ ਹੀ ਪਿਆ ਸਾਡੇ ਵੱਲ ਨੂੰ . ਕੁਝ ਹੀ ਪਲਾਂ ਬਾਅਦ ਅਸੀਂ ਉਸਨੂੰ ਇਉਂ ਘੁੱਟ ਕੇ ਚਿੰਬੜ ਗਏ ਜਿਵੇ ਡਰੇ ਹੋਈਏ ਕਿ ਇਹ ਦੁਰਲਭ ਹੀਰਾ ਕਿਤੇ ਮੁੜ ਨਾ ਗਵਾਚ ਜਾਏ.

ਫੀਮ ਤਾਂ ਬਥੇਰੀ ਸੀ ਪਰ .. ਇੱਕ ਦਿਨ ਮੈਂ ਖੇਤਾਂ ਵਿੱਚ ਛੋਲੇ ਵਢ ਰਿਹਾ ਤੀ. ਥੋਡੀ ਯਾਦ ਆ ਗਈ. ਉਹਦੀਆਂ ਚੁੰਨ੍ਹੀਆਂ ਅੱਖਾਂ ਵਿੱਚ ਹੜ੍ਹ ਵੱਗ ਤੁਰਿਆ ਸੀ ਅਤੇ ਕੁਝ ਸਮਾਨ ਚੁੱਪ ਰਾਹੀਂ ਦੇ ਬਾਅਦ ਉਹ ਕਹਿਣ ਲੱਗਾ, ਥੋਡੀ ਯਾਦ ਆ ਗਈ...ਖਿਆਲ ਉਖੜ ਗਿਆ ,ਦਾਤੀ ਨੇ ਮੇਰੀ ਉਂਗਲ ਲਾਹ ਮਾਰੀ. ਆਪਣੇ ਖੱਬੇ ਹੱਥ ਦੀ ਚੀਚੀ ਦੀ ਥਾਂ ਡੁੰਡ ਦਿਖਾਉਂਦਿਆਂ ਉਹਦਾ ਗਚ ਭਰ ਆਇਆ ਸੀ ਅਤੇ ਅਥਰੂਆਂ ਨਾਲ ਉਹਦਾ ਸਾਰਾ ਮੂੰਹ ਭਿੱਜ ਗਿਆ ਸੀ. ਉਹ ਹੋਰ ਕੁਝ ਨਹੀਂ ਬੋਲ ਸਕਿਆ. ਮੈਂ ਉਹਦੇ ਘਨੇੜੇ ਚੜ੍ਹ ਗਿਆ ਸੀ ਪਰ ਕਦੋਂ ਉਤਰਿਆ ਤੇ ਅੱਗੇ ਕੀ ਹੋਇਆ ਮੈਨੂੰ ਕੋਈ ਯਾਦ ਨਹੀਂ.

ਇਹ ਗੱਲ ਉਨ੍ਹਾ ਦਿਨਾਂ ਦੀ ਹੈ ਜਦੋਂ ਜਵਾਹਰ ਲਾਲ ਨਹਿਰੂ ਦੀ ਮੌਤ ਹੋਈ ਸੀ ਅਤੇ ਸਕੂਲਾਂ ਨੂੰ ਤਿੰਨ ਦਿਨਾ ਸੋਗ ਦੇ ਤਹਿਤ ਬੰਦ ਕਰ ਦਿੱਤਾ ਗਿਆ ਸੀ . ਰੇਡਿਉ ਤੇ ਸ਼ਿਵ ਦੇ ਗੀਤ ਦੀਆਂ ਸਤਰਾਂ ਗੂੰਜ ਰਹੀਆਂ ਸਨ ,ਅੱਜ ਅਮਨਾਂ ਦਾ ਬਾਬਲ ਮੋਇਆ.

ਤੇ ੧੯੬੬ ਦੀ ਬਸੰਤ ਰੁੱਤੇ ਮੇਰੇ ਪੰਜਵੀਂ ਦੇ ਪਰਚੇ ਢਾਈ ਕੁ ਮੀਲ ਧਮੋਟ ਦੇ ਹਾਈ ਸਕੂਲ ਵਿੱਚ ਹੋ ਰਹੇ ਸਨ . ਪਹਿਲੇ ਪਰਚੇ ਵਾਲੇ ਦਿਨ ਮੈਂ ਘਰੋਂ ਅਠਿਆਨੀ ਦੀ ਮੰਗ ਕੀਤੀ ਪਰ ਸਯੁੰਕਤ ਪਰਿਵਾਰ ਦੇ ਉਲਝੇਵਿਆਂ ਵਿੱਚ ਇਹ ਨਿੱਕੀ ਜਿਹੀ ਮੰਗ ਵੀ ਪੂਰੀ ਨਾ ਹੋ ਚੁੱਕੀ ਅਤੇ ਡੰਗਰ ਚਾਰਨ , ਪਠੇ ਵੱਢਣ , ਟੋਕਾ ਕਰਨ ਤੋਂ ਲੈ ਕੇ ਖੇਤ ਚਾਹ ਰੋਟੀ ਫੜਾਉਣ ਦੇ ਘਰ ਦੇ ਸਾਰੇ ਕੰਮ ਕਰਾਉਣ ਦੇ ਬਾਵਜੂਦ ਪੜ੍ਹਾਈ ਵਿੱਚ ਹਮੇਸ਼ਾ ਅਵੱਲ ਰਹਿਣ ਦੀ ਚੇਤਨਾ ਪ੍ਰਚੰਡ ਹੋਣ ਦੀ ਸੂਰਤ ਵਿੱਚ ਮੇਰੇ ਮਨ ਨੇ ਇਸ ਅਨਿਆਂ ਨੂੰ ਕੁਝ ਜਿਆਦਾ ਹੀ ਗੰਭੀਰਤਾ ਨਾਲ ਲੈ ਲਿਆ ਤੇ ਮੈਂ ਕਿਸੇ ਕਿਸਮ ਦੀ ਬਗਾਵਤ ਦੇ ਖਿਆਲਾਂ ਵਿੱਚ ਮਗਨ ਉਦਾਸ ਉਦਾਸ ਪਰਚਾ ਦੇਣ ਲਈ ਤੁਰ ਪਿਆ. ਪੜ੍ਹਾਈ ਨਾਲ ਮੇਰਾ ਲਗਾਉ ਉਦੋਂ ਤੱਕ ਇਸ ਕਦਰ ਤੀਖਣ ਹੋ ਚੁਕਾ ਸੀ ਕਿ ਪਰਚੇ ਨਾ ਦੇਣ ਦਾ ਕਦਮ ਕਦਾਚਿਤ ਨਹੀਂ ਸੀ ਉਠਾ ਸਕਦਾ. ਜਦੋਂ ਅਜੇ ਮੈਂ ਧਮੋਟ ਸਕੂਲ ਦੇ ਬਾਹਰ ਸੜਕ ਤੇ ਪੁੱਜਿਆ ਹੀ ਸੀ ਤਾਂ ਮੈਨੂੰ ਭਗਵੇਂ ਲਿਬਾਸ ਵਿੱਚ ਚਿਮਟਾ ਧਾਰੀ ਬੱਗੂ ਤਾਇਆ ਆਪਣੀ ਨਿਰਾਲੀ ਚਾਲ ਵਗਿਆ ਆਉਂਦਾ ਨਜ਼ਰ ਪਿਆ . ਉਹ ਸਿਧਾ ਮੇਰੇ ਕੋਲ ਆਇਆ ਤੇ ਮੈਨੂੰ ਅਠਿਆਨੀ ਫੜਾ ਕੇ ਚਲਾ ਗਿਆ. ਮੈਂ ਕਲਪਨਾ ਕਰ ਲਈ ਸੀ ਕਿ ਮੇਰੇ ਆਉਣ ਤੋਂ ਬਾਅਦ ਉਹਨੂੰ ਮੇਰੇ ਰੁੱਸ ਕੇ ਆਉਣ ਦਾ ਪਤਾ ਚੱਲਿਆ ਹੋਵੇਗਾ ਤੇ ਉਹ ਕਿਵੇਂ ਸਹਿਣ ਕਰ ਸਕਦਾ ਸੀ ਮੈਂ ਸਾਰਾ ਦਿਨ ਦੁਖੀ ਮਨ ਕਲਪਦਾ ਰਹਾਂ.

ਤੇ ਫਿਰ ਮੈਂ ਜਮਾਤਾਂ ਪਾਸ ਕਰਦਾ ਗਿਆ.ਦੱਸਵੀਂ ਤੇ ਫਿਰ ਇਲਾਕੇ ਵਿੱਚ ਬਣੇ ਖਾਲਸਾ ਕਾਲਜ ਸਿਧਸਰ ਤੋਂ ਬੀ ਏ ਕਰ ਲਈ. ਬਗਾਵਤ ਦਾ ਬੀਜ ਦੂਰ ਬਚਪਨ ਵਿੱਚ ਬੀਜਿਆ ਜਾ ਚੁੱਕਾ ਸੀ . ਇਹ ਖਤਮ ਨਹੀਂ ਹੋਇਆ ਸਗੋਂ ਸਮੇਂ ਨਾਲ ਤਰ੍ਹਾਂ ਤਰ੍ਹਾਂ ਦੀਆਂ ਵਧੀਕੀਆਂ ਦੇ ਅਨੁਭਵਾਂ ਦੇ ਜਰਖੇਜ਼ ਮਾਹੌਲ ਵਿੱਚ ਸਾਹਿਤਕ ਸ੍ਰੋਤਾਂ ਵਿੱਚੋਂ ਊਰਜਾ ਗ੍ਰਹਿਣ ਕਰਦਾ ਰੂਪ ਵਟਾਉਂਦਾ ਸਿਰਜਨਾਤਮਕ ਕ੍ਰਾਂਤੀ ਦੇ ਸੁਪਨੇ ਦੇ ਲੜ ਲੱਗ ਗਿਆ.

੧੯੭੫ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਡਾ. ਰਵੀ ਦੇ ਸੰਪਰਕ ਵਿੱਚੋਂ ਪ੍ਰਪੱਕ ਹੋਈ ਸਿਧਾਂਤਕ ਪੁਠ ਨੇ ਮੈਂ ਮੈਨੂੰ ਫੌਰਨ ਇੱਕ ਜਨੂੰਨੀ ਵਿਦਰੋਹੀ ਬਣਾ ਦਿੱਤਾ.

ਗੱਲ ਮੁਕਾ, ਮੈਂ ਦਿਨ ਰਾਤ ਇਨਕਲਾਬ ਦੀਆਂ ਗੱਲਾਂ ਕਰਦਾ ,ਇਨਕਲਾਬ ਪੜ੍ਹਦਾ , ਇਨਕਲਾਬ ਪੜ੍ਹਾਉਂਦਾ

...ਰੈਲੀਆਂ ,ਮੁਜਾਹਰੇ , ਪਾਰਟੀ ਸਕੂਲ ਤੇ ਸੁਰਖਿਆ ਸਿਖਲਾਈਆਂ .. ਤੇ ਇਸ ਸਾਰੇ ਚੱਕਰ ਵਿੱਚ ਬੱਗੂ ਤਾਇਆ ਨਜਰੋਂ ਉਹਲੇ ਹੋ ਗਿਆ. ਲੱਗਦਾ ਹੈ ਉਹਨੇ ਵੀ ਹੁਣ ਮੈਨੂੰ ਵਿਸਾਰ ਦਿੱਤਾ ਸੀ. ਵੱਡਿਆਂ ਨਾਲ ਤਾਂ ਉਹਨੂੰ ਕੋਈ ਮਤਲਬ ਨਹੀਂ ਸੀ. ਹੁਣ ਮੈ ਕੋਈ ਬੱਚਾ ਥੋੜੋ ਸਾਂ ਕਿ ਉਹ ਮੇਰਾ ਖਿਆਲ ਰਖਦਾ. ਕਦੋਂ ਉਹਦੀ ਮੌਤ ਹੋ ਗਈ ਮੈਨੂੰ ਕੋਈ ਖਬਰ ਨਹੀਂ. ਜਦੋਂ ਮੈਨੂੰ ਸੁਰਤ ਆਈ ਤਾਂ ਉਹ ਇਸ ਦੁਨੀਆਂ ਵਿੱਚ ਨਹੀਂ ਸੀ. ਮੈਂ ਉਹਦੇ ਲਈ ਕੁਝ ਨਹੀਂ ਕਰ ਸਕਦਾ. ਪਰ ਹੌਲੀ ਹੌਲੀ ਉਹਦੇ ਕਰਜ ਦਾ ਬੇਖਬਰ ਵਾਕਿਆ ਮੇਰੀ ਹੋਂਦ ਦੀ ਸੁਚੇਤ ਹਕੀਕ਼ਤ ਬਣ ਗਿਆ. ਇਸ ਤੋਂ ਬਾਅਦ ਜਦੋਂ ਬੱਚਿਆਂ ਨਾਲ ਵਿਚਰਦਾ ਹਾਂ ਤਾਂ ਬੱਗੂ ਤਾਇਆ ਮੇਰਾ ਰਹਨੁਮਾ ਬਣ ਜਾਂਦਾ ਹੈ. ਜੇ ਕਦੇ ਕਿਸੇ ਕੋਮਲ ਮਨ ਨੂੰ ਠੇਸ ਪਹੁੰਚਾ ਬੈਠਾਂ ਤਾਂ ਬੱਗੂ ਤਾਏ ਦੀਆਂ ਝਿੜਕਾਂ ਸੁਣਾਈ ਦੇਣ ਲੱਗਦੀਆਂ ਹਨ. ਉਸ ਕੋਲੋਂ ਮੈਂ ਦੂਜਿਆਂ ਦੇ ਅੰਦਰ ਵੱਸਦੀ ਬਹੁਤ ਕੋਮਲ ਤੇ ਬਹੁਤ ਕੀਮਤੀ ਰੂਹ ਨੂੰ ਮਹਿਸੂਸ ਕਰਨਾ ਤਾਂ ਸਿੱਖ ਲਿਆ ਪਰ ਅਸਲੀ ਪਾਠ ਜਿਹੜਾ ਉਹਦੇ ਜੀਵਨ ਦਾ ਸਾਰ ਹੈ ਉਹ ਅਜੇ ਪੜ੍ਹਨਾ ਹੈ: ਇਸ ਗੱਲ ਨੂੰ ਭੁੱਲ ਜਾਣ ਦਾ ਪਾਠ ਕਿ ਮੈਂ ਕਿਸੇ ਦੇ ਜੀਵਨ ਵਿੱਚ ਕੋਈ ਕੀਮਤੀ ਯੋਗਦਾਨ ਪਾਇਆ ਹੈ.

Thursday, March 10, 2011

ਪੰਜਾਬੀ ਯੂਨੀਵਰਸਿਟੀ -ਕਿਤਾਬਾਂ ਦੀ ਨੁਮਾਇਸ਼ - ਤੇ ਫਿਲਮਾਂ ਬਾਰੇ ਜਤਿੰਦਰ ਮਹੌਰ

ਅੱਜ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਖਾਸ ਕਰ ਪੰਜਾਬੀ ਵਿਭਾਗ ਦੇ ਵਿਦੀਆਰਥੀਆਂ ਨੇ ਉੱਦਮ ਕਰਕੇ ਕਿਤਾਬਾਂ ਦੀ ਨੁਮਾਇਸ਼ ਅਤੇ ਦਸਤਾਵੇਜੀ ਫਿਲਮਾਂ ਦਿਖਾਉਣ ਦਾ ਪ੍ਰਬੰਧ ਕੀਤਾ ਸੀ. ਕਿਤਾਬਾਂ ਦੀ ਬਹੁਤ ਵਧੀਆ ਵਿੱਕਰੀ ਹੋ ਰਹੀ ਸੀ. ਗਹਿਮਾ ਗਹਿਮੀ ਸੀ. ਮੇਲੇ ਵਰਗਾ ਮਾਹੌਲ ਬਣਿਆ ਹੋਇਆ ਸੀ. ਮੈਂ ਸੱਤਦੀਪ ਨੂੰ ਨਾਲ ਲੈ ਗਿਆ ਸੀ. ਉਰਦੂ ਤੇ ਇਸਲਾਮ ਨਾਲ ਜੁੜੇ ਸਟਾਲ ਉਹਨੂੰ ਖਾਸ ਕਰ ਖਿਚ ਪਾ ਰਹੇ ਸਨ.
ਚੇਤਨਾ ਪ੍ਰਕਾਸ਼ਨ ਦੇ ਸਟਾਲ ਤੇ ਝਾਤ ਗਈ ਹੀ ਸੀ ਕਿ 'ਮਾਤਲੋਕ' ਤੇ ਨਿਗਾਹ ਟਿੱਕ ਗਈ . ਇੱਕ ਦਮ ਬਲਰਾਮ ਦਾ ਖਿਆਲ ਆਇਆ. ਬੜੇ ਸਾਲ ਪਹਿਲਾਂ ਉਹਨੇ ਇਹ ਨਾਟਕ ਕਿਸਾਨਾਂ ਦੀਆਂ ਖੁਦਕਸ਼ੀਆਂ ਬਾਰੇ ਲਿਖਿਆ ਸੀ.ਪਰ ਇਹ ਬਲਰਾਮ ਦਾ ਨਾਟਕ ਨਹੀਂ ਹੋ ਸਕਦਾ. ਉਸ ਕੋਲ ਪੈਸਿਆਂ ਖੁਣੋਂ ਅਣਛਪੇ ਖਰੜਿਆਂ ਦੀ ਭੀੜ ਹੋਈ ਸੀ. ਵਾਚਣ ਤੇ ਪਤਾ ਲੱਗਿਆ ਕਿ ਬਲਰਾਮ ਨਹੀਂ ਜਸਵਿੰਦਰ ਦਾ ਨਵਾਂ ਨਾਵਲ ਹੈ. ਅੱਜ ਹੀ ਪਹਿਲੀ ਵਾਰ ਡਿਸਪਲੇ ਹੋਇਆ ਹੈ.
ਮੈਂ ਆਮ ਤੌਰ ਤੇ ਜਸਵਿੰਦਰ ਦੀਆਂ ਲਿਖਤਾਂ ਪੜ੍ਹਨ ਤੋਂ ਗੁਰੇਜ਼ ਕਰਦਾ ਹਾਂ. ਵਜਾਹ ਸ਼ਾਇਦ ਇਹ ਹੈ ਕਿ ਉਹ ਕਹਾਣੀ ਦੇ ਕਹਾਣੀਤਵ ਨੂੰ ਜਲਾਬਿਰਤਾਂਤ ਕਰ ਦਿੰਦਾ ਹੈ. ਫਿਰ ਵੀ ਪਤਾ ਨਹੀਂ ਬਲਰਾਮ ਨਾਲ ਜੁੜਨ ਕਰਕੇ ਮੇਰੇ ਅੰਦਰ ਫੌਰਨ ਤੌਰ ਤੇ ਇਹ ਨਾਵਲ ਪੜ੍ਹਨ ਦੀ ਤਮੰਨਾ ਪੈਦਾ ਹੋ ਜ ਗਈ ਤੇ ਜਸਵਿੰਦਰ ਨਾਲ ਜੁੜੀਆਂ ਕੁਝ ਪੁਰਾਣੀਆਂ ਯਾਦਾਂ ਉਭਰ ਆਈਆਂ. ਯੂਨਿਵਰਸਿਟੀ ਵਿੱਚ ਪਹਿਲੀ ਰਾਤ ਮੈਂ ਜਸਵਿੰਦਰ ਦੇ ਕਮਰੇ ਵਿੱਚ ਕੱਟੀ ਸੀ . ਨਹੀਂ ਇਹ ਗਲਤ ਜੁਦ ਗਿਆ ਹੈ. ਜਸਵਿੰਦਰ ਨਹੀਂ ਜਸਵਿੰਦਰ ਦਾ ਇੱਕ ਜਮਾਤੀ ਸੀ ਤਰਲੋਚਨ.
ਮੇਰੇ ਪਿੰਡ ਵਿੱਚ ਜਦੋਂ ੧੯੭੫ ਵਿੱਚ ਸਰਬ ਭਾਰਤ ਨੌਜਵਾਨ ਸਭਾ ਬਣਾਉਣ ਲਈ ਜਸਵਿੰਦਰ ਮੇਰੇ ਨਾਲ ਗਿਆ ਸੀ. ਉਦੋਂ ਇਹ ਬੜਾ ਪਿਆਰਾ ਜਿਹਾ ਸਾਹਿਤਕ ਕਮਿਊਨਿਸਟ ਸੀ ਤੇ ਡਾ. ਰਵੀ ਦਾ ਮਨਪਸੰਦ ਵਿਦਿਆਰਥੀ ਸੀ. ਅਸੀਂ ਜਰਗ ਤੋਂ ਸਾਈਕਲ ਲੈ ਕੇ ਜੰਡਾਲੀ ਨੂੰ ਗਏ ਸੀ. ਜਸਵਿੰਦਰ ਦੀ ਜ਼ਿੰਦਗੀ ਨੂੰ ਮਾਨਣ ਦੀ ਠਾਠਾਂ ਮਾਰਦੀ ਤੜਪ ਬੋਲੀਆਂ ਦੇ ਰੂਪ ਵਿੱਚ ਨਿਕਲ ਰਹੀ ਸੀ ਤੇ ਜਸਵਿੰਦਰ ਗਾ ਰਿਹਾ ਸੀ ਉਨ੍ਹਾਂ ਦਿਨਾਂ ਦੀ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਟੂਰਾਂ ਸਮੇਂ ਦੀ ਪਹਿਲੀ ਤੇ ਸਭ ਤੋਂ ਵਧ ਦੁਹਰਾਈ ਜਾਣ ਵਾਲੀ ਬੋਲੀ ,"ਲਿਆ ਮੈਂ ਤੇਰੇ ਕੇਸ ਬੰਨ ਦਿਆਂ , ਮੇਰੇ ਨਿੱਤ ਦਿਆ ਸਰਾਬੀ ਯਾਰਾ.'
ਜਸਵਿੰਦਰ ਨੂੰ ਮਿਲਣ ਨੂੰ ਜੀ ਕਰ ਆਇਆ .ਨੁਮਾਇਸ਼ ਵਾਲੀ ਜਗਾਹ ਦੇ ਨਾਲ ਹੀ ਪੰਜਾਬੀ ਵਿਭਾਗ ਹੈ . ਤੇ ਉਹ ਆਪਣੇ ਕਮਰੇ ਵਿੱਚ ਹੀ ਮਿਲ ਗਿਆ. ਮੈਂ ਨਾਵਲ ਦੀਆਂ ਮੁਬਾਰਕਾਂ ਦਿੱਤੀਆਂ ਤੇ ਮੰਗ ਕੀਤੀ ਮੈਨੂੰ ਇੱਕ ਕਾਪੀ ਭੇਟ ਕੀਤੀ ਜਾਵੇ. ਪਰ ਉਸ ਕੋਲ ਕੋਈ ਕਾਪੀ ਨਹੀਂ ਸੀ. ਤੇ ਅਸੀਂ ਵਾਪਸ ਜਾ ਕੇ ਸਟਾਲ ਤੋਂ ਇੱਕ ਕਾਪੀ ਖਰੀਦ ਲਈ .ਭਾਵੇ ਪੈਸੇ ਖਰਚਣੇ ਬੜੇ ਚੁਭ ਰਹੇ ਸੀ ਤੇ ਉਹ ਵੀ ਜਸਵਿੰਦਰ ਦੀ ਕਿਤਾਬ ਤੇ ਪਰ ਜਦੋਂ ਸਟਾਲ ਦੇ ਇੱਕ ਖੂੰਜੇ ਤੋਂ ਨਿਕਲਣ ਲੱਗੇ ਤਾਂ ਕਿਸਾਨ ਆਗੂ ਕਾ.ਜਗਮੋਹਨ ਦੇ ਲੜਕੇ ਨੇ ਆਪਣੇ ਨਿੱਕੇ ਜਿਹੇ ਸਟਾਲ ਤੇ ਰੋਕ ਲਿਆ ਤੇ ਮੈਂ ਬਿਨਾ ਕਿਸੇ ਕਮਿਸਨ ਦੀ ਮੰਗ ਕੀਤੇ ਉਨ੍ਹਾਂ ਕੋਲੋਂ ਸਤਨਾਮ ਦੀ ਬਹੁਤ ਚਰਚਿਤ ਕਿਤਾਬ ' ਜੰਗਲਨਾਮਾ' ਖਰੀਦ ਲਈ .
ਨਾਲ ਹੀ ਆਰਟਸ ਆਡੋਟੋਰੀਅਮ ਵਿੱਚ ਕੁਝ ਚੋਣਵੀਆਂ ਦਸਤਾਵੇਜੀ ਫਿਲਮਾਂ ਵਿਖਾਉਣ ਦਾ ਸਮਾਨ ਹੋ ਗਿਆ ਸੀ. ਉਥੇ ਜਤਿੰਦਰ ਮਹੌਰ ਨੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਨੇ ਸਨ . ਪੰਜਾਬੀ ਫਿਲਮ ‘ਮਿੱਟੀ’ ਦੇ ਨਿਰਦੇਸ਼ਕ ਜਤਿੰਦਰ ਨੂੰ ਪਹਿਲੀ ਵਾਰ ਪਬਲਿਕ ਤੌਰ ਆਪਣੀ ਗੱਲ ਕਹਿੰਦੇ ਸੁਣਿਆ. ਉਹਨੇ ਪੰਜਾਬੀ ਸਭਿਆਚਾਰ ਦੇ ਪ੍ਰਸੰਗ ਵਿੱਚ ਕਈ ਬਹੁਤ ਸੁੰਦਰ ਨੁਕਤੇ ਬਣਾਏ. ਸਿੱਖਣ ਵਾਲੀਆਂ ਗੱਲਾਂ ਕਾਫੀ ਸਨ. ਇੱਕ ਗੱਲ ਉਹਨੇ ਇਹ ਕਹੀ ਕਿ ਬਹੁਤ ਸਾਰੇ ਲੇਖਕ ,ਖਾਸ ਕਰ ਗੀਤ ਲੇਖਕ ਹਨ ਜੋ ਬੇਖਬਰੀ ਵਿੱਚ (ਇਹ ਹੋਰ ਵੀ ਮਾੜੀ ਗੱਲ ਹੈ) 'ਮੌਤ ਦੇ ਵਪਾਰੀਆਂ ' ਨੂੰ ਜਾਂ ਗੁੰਡਿਆਂ ਨੂੰ ਨਾਇਕ ਬਣਾ ਕੇ ਪੇਸ਼ ਕਰ ਦਿੰਦੇ ਹਨ.ਪਰ ਹੋਰ ਵੀ ਦੁੱਖ ਵਾਲੀ ਗੱਲ ਇਹ ਹੈ ਕਿ ਸੁਣਨ ਵਾਲੇ ਵੀ ਬੇਖਬਰੀ ਵਿੱਚ ਹੀ ਸੁਣਦੇ ਰਹਿੰਦੇ ਹਨ . ਗਾਂਧੀ ਬਾਰੇ ਵੀ ਉਹਨੇ ਇੱਕ ਟਿੱਪਣੀ ਕੀਤੀ ਜੋ ਕਿਸੇ ਤੁਅਸਬ ਤੋਂ ਮੁਕਤ ਸੀ. ਗਾਂਧੀ ਨੇ ਇੱਕ ਵਾਰ ਸਿਨੇਮਾ ਬਾਰੇ ਕਹਿ ਦਿੱਤਾ ਸੀ ਕਿ ਇਹ ਤਾਂ ਵੇਸ਼ਵਾਗਮਨੀ ਫੈਲਾਉਣ ਦਾ ਸਾਧਨ ਹੈ ; ਕਿ ਇਹ ਗੱਲ ਤਾਂ ਪੱਕੀ ਹੈ ਅਤੇ ‘ਇਹਦਾ ਕੋਈ ਫਾਇਦਾ ਹੋਵੇਗਾ ’ ਇਹ ਗੱਲ ਅਜੇ ਸਿਧ ਕਰਨੀ ਬਾਕੀ ਹੈ.
ਇਸ ਬਾਰੇ ਖਵਾਜਾ ਅਹਿਮਦ ਅੱਬਾਸ ਨੇ ਗਾਂਧੀ ਜੀ ਨੂੰ ਇੱਕ ਚਿਠੀ ਲਿਖੀ ਸੀ :
‘ਤੁਹਾਡੇ ਹਾਲ ਦੇ ਦੋ ਬਿਆਨਾਂ ਨੇ ਮੈਂਨੂੰ ਹੈਰਾਨ ਅਤੇ ਦੁਖੀ ਕੀਤਾ ਹੈ ਕਿ ਤੁਸੀਂ ਸਿਨੇਮਾ ਬਾਰੇ ਤ੍ਰਿਸਕਾਰ ਭਰੇ ਤਰੀਕੇ ਨਾਲ ਗੱਲ ਕੀਤੀ ਹੈ .’ ਅੱਬਾਸ ਅੱਗੇ ਲਿਖਦੇ ਹਨ , ‘ ਹਾਲ ਹੀ ਵਿੱਚ ਇੱਕ ਬਿਆਨ ਵਿੱਚ , ਤੁਸੀਂ ਸਿਨੇਮਾ ਨੂੰ ਜੂਏ , ਸੱਤੇ , ਘੁੜਦੌੜ ਦੀ ਤਰ੍ਹਾਂ ਬੁਰਾਈਆਂ ਦੇ ਵਿੱਚ ਰੱਖਿਆ ਹੈ , ਜਿਨ੍ਹਾਂ ਨੂੰ ਤੁਸੀਂ ਜਾਤੀ ਗੁਆਚਣ ਦੇ ਡਰੋਂ ਤਿਆਗ ਦਿੱਤਾ ਹੋਇਆ ਹੈ .
‘ਜੇਕਰ ਇਹ ਬਿਆਨ ਕਿਸੇ ਹੋਰ ਵਿਅਕਤੀ ਤੋਂ ਆਏ ਹੁੰਦੇ , ਤਾਂ ਇਨ੍ਹਾਂ ਬਾਰੇ ਚਿੰਤਾ ਕਰਨੀ ਜ਼ਰੂਰੀ ਨਹੀਂ ਸੀ . ਮੇਰੇ ਪਿਤਾ ਜੀ ਕਦੇ ਫਿਲਮਾਂ ਨਹੀਂ ਵੇਖਦੇ ਅਤੇ ਉਨ੍ਹਾਂ ਨੂੰ ਪੱਛਮ ਤੋਂ ਆਯਾਤ ਕੀਤੀ ਗਈ ਭੈੜ ਸਮਝਦੇ ਸਨ.’
ਅੱਗੇ ਲਿਖਦੇ ਹਨ , ‘ਤੁਹਾਡੇ ਮਾਮਲੇ ਵਿੱਚ ਗੱਲ ਵੱਖਰੀ ਹੈ ਅਤੇ ਤੁਹਾਡੀ ਥੋੜ੍ਹੀ ਜਿਹੀ ਰਾਏ ਵੀ ਲੱਖਾਂ ਲੋਕਾਂ ਦੇ ਲਈ ਬਹੁਤ ਜਿਆਦਾ ਮਹੱਤਵ ਰੱਖਦੀ ਹੈ . ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਦੇਸ਼ ਵਿੱਚ ਰੂੜ੍ਹੀਵਾਦੀਆਂ ਦੀ ਇੱਕ ਵੱਡੀ ਗਿਣਤੀ ਤੁਹਾਡਾ ਬਿਆਨ ਪੜ੍ਹਨ ਦੇ ਬਾਅਦ ਸਿਨੇਮੇ ਦੇ ਪ੍ਰਤੀ ਆਪਣਾ ਦੁਸ਼ਮਣੀ ਵਾਲਾ ਰਵੱਈਆ ਪੁਸ਼ਟ ਕਰ ਲਵੇਗੀ .’
ਤੇ ਇਹ ਪੱਤਰ ਇੱਕ ਭਾਵਪੂਰਣ ਦਲੀਲ ਦੇ ਨਾਲ ਖ਼ਤਮ ਹੁੰਦਾ ਹੈ : ‘ਸਾਨੂੰ ਸਾਡਾ ਇਹ ਛੋਟਾ ਜਿਹਾ ਖਿਡੌਣਾ ਸਿਨੇਮਾ ਦੇ ਦਿਉ , ਜੋ ਏਨਾ ਬੇਕਾਰ ਨਹੀਂ ਜਿੰਨਾ ਇਹ ਲੱਗ ਰਿਹਾ ਹੈ , ਤੁਹਾਡਾ ਥੋੜਾ ਜਿਹਾ ਧਿਆਨ ਅਤੇ ਸਹਿਣਸ਼ੀਲਤਾ ਦੀ ਇੱਕ ਮੁਸਕਾਨ ਦੇ ਨਾਲ ਅਸ਼ੀਰਵਾਦ .’

Monday, March 7, 2011

ਔਰਤ ਦਿਹਾੜਾ ਤੇ ਕਲਾਰਾ ਦਾ ਜਨਮ


ਚੰਡੀਗੜ .ਬਾਰ੍ਹਾਂ ਸੌ ਪਚਾਨਵੇਂ ਸੈਕਟਰ ਬਾਈ... ਤੇਈ ਸਾਲ ਪਹਿਲਾਂ ਅਠ ਮਾਰਚ ਉਨੀ ਸੌ ਅਠਾਸੀ.ਮੈਂ ਤੇ ਮੇਰੀ ਪਤਨੀ ਦੋਵੇਂ ਹਾਂ .ਤੀਸਰਾ ਹੈ ਜਸਪਾਲ ਸ਼ੇਤਰਾ(ਉਹ ਅੱਜ ਕੱਲ ਕਨੇਡਾ ਵਿੱਚ 'ਸਾਊਥ ਏਸ਼ੀਅਨ ਅਬਜਰਬਰ' ਅਖਬਾਰ ਨਾਲ ਸੰਬੰਧਿਤ ਹੈ . ਚੌਥਾ ਇੱਕ ਬਾਲ ਹੈ ਜਿਸ ਨੇ ਇਸ ਦੁਨੀਆਂ ਵਿੱਚ ਅੱਜ ਕੱਲ ਆਉਣਾ ਹੈ. ਇਸ ਸਮੇਂ ਜਣੇਪੇ ਦੀ ਮੱਦਦ ਲਈ ਮੇਰੀ ਮਾਂ ਕੁਝ ਦਿਨ ਪਹਿਲਾਂ ਆਈ ਸੀ ਪਰ ਮੇਰੇ ਟਾਂਗੇ ਵਾਲੇ ਕੈਲੂ ਮਾਮੇ ਦੀ ਮੌਤ ਦੀ ਖਬਰ ਵੀ ਉਹਦੇ ਮਗਰ ਹੀ ਆ ਗਈ ਸੀ ਤੇ ਮਾਂ ਨੂੰ ਵਾਪਸ ਜਾਣਾ ਪੈ ਗਿਆ ਸੀ . ਜਿਸੇ ਵਕਤ ਵੀ ਪੀ ਜੀ ਆਈ ਜਾਣਾ ਪੈ ਸਕਦਾ ਹੈ ਤੇ ਮੈਂ ਜਸਪਾਲ ਨੂੰ ਬੁਲਾ ਲਿਆ ਹੈ .

ਮੇਰੇ ਜ਼ਹਨ ਵਿੱਚ ਅਠ ਮਾਰਚ ਘੁੰਮ ਰਿਹਾ ਹੈ-ਔਰਤਾਂ ਦਾ ਕੌਮਾਤਰੀ ਦਿਨ ਤੇ ਕਲਾਰਾ ਜੈਟਕਿਨ ਦੀਆਂ ਲੈਨਿਨ ਨਾਲ ਔਰਤਾਂ ਦੇ ਹੱਕਾਂ ਪ੍ਰਤੀ ਉਹਦੀ ਚਰਚਾ.

ਪਤਾ ਨਹੀਂ ਕਿਉਂ ਮੈਨੂੰ ਲਗਦਾ ਹੈ ਕਿ ਸਾਡੇ ਘਰ ਇੱਕ ਬਾਲੜੀ ਆਉਣ ਵਾਲੀ ਹੈ ਤੇ ਉਹ ਅੱਜ ਦੇ ਕਿਰਤੀ ਔਰਤਾਂ ਦੇ ਦਿਵਸ ਤੇ ਬਾਹਰੀ ਦੁਨੀਆਂ ਵਿੱਚ ਪ੍ਰਵੇਸ਼ ਕਰਨ ਲਈ ਉਤਾਵਲੀ ਹੈ. ਮੇਰੀ ਪਤਨੀ ਗੁਰਮੇਲ ਡਾਹਢੀ ਔਖ ਵਿੱਚੀਂ ਗੁਜਰ ਰਹੀ ਹੈ . ਵਾਰ ਵਾਰ ਪੀੜਾਂ ਸ਼ੁਰੂ ਹੋ ਜਾਂਦੀਆਂ ਹਨ ..ਉਹ ਕਮਰੇ ਦੇ ਅੰਦਰ ਹੈ ਤੇ ਮੈਂ ਤੇ ਪਾਲੀ ਬਾਹਰ ਬੈਠੇ ਹਾਂ. ਮੈਂ ਵਾਰ ਵਾਰ ਅੰਦਰ ਜਾਂਦਾ ਹਾਂ ਤੇ ਫਿਰ ਪਾਲੀ ਨਾਲ ਸਲਾਹ ਕਰਨ ਲਈ ਬਾਹਰ ਆਉਂਦਾ ਹਾਂ. ਦੁਪਹਿਰ ਢਲ ਚੁੱਕੀ ਹੈ.ਅੱਗੇ ਰਾਤ ਆ ਜਾਣੀ ਹੈ. ਸਾਡੇ ਹੇਠ ਵਾਲੇ ਯਾਨੀ ਵਿਚਕਾਰਲੇ ਪੋਰਸ਼ਨ ਵਿੱਚ ਬੰਤ ਬਰਾੜ ਦਾ ਪਰਿਵਾਰ ਰਹਿੰਦਾ ਸੀ .ਪਰ ਬੰਦਨਾ ਕਿਥੇ ਹੈ , ਤਾਨਿਆ ਕਿਥੇ ਹੈ ..

ਤੇ ਅਸੀਂ ਮੈਂ ਤੇ ਪਾਲੀ ਗੁਰਮੇਲ ਨੂੰ ਪੀ ਜੀ ਆਈ ਲਿਜਾ ਰਹੇ ਹਾਂ. ਮੈਂ ਹੋਣ ਵਾਲੀ ਬਾਲੜੀ ਦਾ ਨਾਂ ਸੋਚ ਰਿਹਾ . ਨਾਂ ਰੱਖ ਦਿੱਤਾ ਹੈ ਕਲਾਰਾ.

ਪਰ ਪੀ ਜੀ ਆਈ ਵਾਲਿਆਂ ਨੇ ਚੈਕਿੰਗ ਤੋਂ ਬਾਅਦ ਸਵੇਰੇ ਆਉਣ ਦੀ ਤਾਕੀਦ ਕਰ ਸਾਨੂੰ ਘਰ ਭੇਜ ਦਿੱਤਾ ਤੇ

ਰਾਤ ਭਰ ਅਸੀਂ ਜਾਗ ਕੇ ਕੱਟਦੇ ਹਾਂ. ਬਾਹਰ ਵਿਹੜੇ ਵਿੱਚ ਪਾਲੀ ਪਿਆ ਹੈ. ਮੈਨੂੰ ਉਸ ਰਾਤ ਮਹਿਸੂਸ ਹੁੰਦਾ ਹੈ

ਦਾਈ ਦਾ ਕੀ ਮਹੱਤਵ ਹੁੰਦਾ ਹੈ ...ਕਿ ਪੈਦਾਵਾਰ ਦੇ ਇਸ ਅਮਲ ਵਿੱਚ ਕੁਦਰਤੀ ਕਿਰਤ ਵੰਡ ਨੇ ਸਾਰੀ ਪੀੜ ਮਾਂ ਨੂੰ ਬਖਸ਼ ਦਿੱਤੀ ਹੈ.

ਤੇ ਨੌਂ ਮਾਰਚ ਦੀ ਸਵੇਰ ਨੂੰ ਆਪਣੇ ਨਾਮ ਸਮੇਤ ਕਲਾਰਾ ਨੇ ਪਹਿਲੀ ਵਾਰ ਆਪਣੀਆਂ ਨਿੱਕੀਆਂ ਨਿੱਕੀਆਂ ਅੱਖਾਂ ਖੋਹਲੀਆਂ .

ਅਠ ਮਾਰਚ ਦੀ ਆਥਣ ਅਤੇ ਨੌਂ ਮਾਰਚ ਦੀ ਸਵੇਰ ਸਾਡੇ ਤੇ ਸਾਡੇ ਕਰੀਬੀ ਦੋਸਤਾਂ ਦੇ ਜੀਵਨ ਵਿੱਚ ਆਪਣੀ ਸਾਰੀ ਵਚਿਤ੍ਰਤਾ ਸਮੇਤ ਅਮਿੱਟ ਯਾਦ ਬਣ ਕੇ ਸਮਾ ਗਈ.

ਹੁਣ ਜਦੋਂ ਵੀ ਕਿਤੇ ਕਿਸੇ ਨਾਲ ਕਲਾਰਾ ਦਾ ਜ਼ਿਕਰ ਆਉਂਦਾ ਹੈ ਤਾਂ ਅਠ ਮਾਰਚ ਤੇ ਉਸ ਮਹਾਨ ਜਰਮਨ ਕਮਿਊਨਿਸਟ ਆਗੂ ਦੀ ਯਾਦ ਨਾਲ ਲੈ ਕੇ ਆਉਂਦਾ ਹੈ.